“ਰਾਤੀਂ ਬੱਦਲ ਫੱਟ ਗਿਆ ਅਤੇ ਸਭ ਕੁਝ ਵਹਾ ਕੇ ਲੈ ਗਿਆ… ਤੁਸੀਂ ਦੇਖ ਹੀ ਸਕਦੇ ਹੋ। ਸਭ ਕੁਝ ਵਹਿ ਗਿਆ। ਸਾਡਾ ਘਰ ਅਤੇ ਚਾਰ ਡੰਗਰ, ਸਭ ਕੁਝ ਚਲਾ ਗਿਆ। ਸਭ ਕੁਝ…” ਸ਼੍ਰੀਕਵਲ ਭਰਤ ਮੋਰੇ ਸਾਨੂੰ ਆਪਣਾ ਟੀਨ ਦੀ ਕੰਧ ਵਾਲ਼ਾ ਘਰ ਅਤੇ ਸ਼ੈੱਡ ਦਿਖਾਉਂਦਿਆਂ ਦੱਸ ਰਹੇ ਹਨ। “ਸਾਡੇ ਲੱਕ ਤੱਕ ਪਾਣੀ ਸੀ। ਸਾਡੇ ਪੁੱਤਰ ਨੇ ਸਾਨੂੰ ਫ਼ੋਨ ਕੀਤਾ ਅਤੇ ਉਠਾਇਆ ਤਾਂ ਕਿਤੇ ਸਾਡਾ ਬਚਾਅ ਹੋਇਆ ਹੈ। ਪਰ ਉਹ ਪਾਣੀ,” ਉਹ ਨਾਲ਼ ਹੀ ਕਹਿੰਦੇ ਹਨ।
ਮੋਰੇ ਮਾਵਸ਼ੀ ਜੋ ਕੁਝ ਵੀ ਬਚਾ ਸਕਦੇ ਸਨ ਸਭ ਕੁਝ ਉਹਨਾਂ ਨੇ ਘਰ ਵਿੱਚ ਲੋਹੇ ਦੇ ਇੱਕ ਸਟੈਂਡ ‘ਤੇ ਰੱਖ ਦਿੱਤਾ। ਘਰ ਦੀ ਕੱਚੀ ਫ਼ਰਸ਼ ਵੀ ਪਾਣੀ ਵਿੱਚ ਵਹਿ ਗਈ ਅਤੇ ਪਿੱਛੇ ਹੁਣ ਸਿਰਫ਼ ਰੇਤ ਹੀ ਰੇਤ ਬਚੀ ਰਹਿ ਗਈ ਹੈ।
ਸਤੰਬਰ 21, 2025 ਦੇ ਦਿਨ ਧਾਰਾਸ਼ਿਵ (ਪਹਿਲਾਂ ਉਸਮਾਨਾਬਾਦ) ਦੇ ਭੂਮ ਬਲਾਕ ਦੇ ਚਿੰਚਪੁਰ ਢਗੇ ਵਿੱਚ ਮੂਸਲਾਧਾਰ ਬਰਸਾਤ ਹੋਈ ਸੀ। ਇਹ ਪਿੰਡ ਬਾਨਗੰਗਾ ਨਦੀ ਦੇ ਕੰਢੇ ‘ਤੇ ਸਥਿਤ ਹੈ ਜੋ ਕਿ ਗੋਦਾਵਰੀ ਦੀ ਹੀ ਇੱਕ ਸ਼ਾਖਾ ਹੈ। ਅਗਲੇ ਦਿਨ 22 ਸਤੰਬਰ ਨੂੰ ਵੀ ਸਾਰਾ ਦਿਨ ਬਰਸਾਤ ਹੁੰਦੀ ਰਹੀ ਹੋਈ। ਸਾਰਾ ਪਿੰਡ ਪਾਣੀ ਵਿੱਚ ਡੁੱਬ ਗਿਆ ਸੀ। “ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਅਜਿਹਾ ਕੁਝ ਨਹੀਂ ਦੇਖਿਆ,” ਇਸ ਜਲ ਪਰਲੋ ਬਾਰੇ ਲੋਕਾਂ ਦੇ ਅੱਖੀਂ ਦੇਖੇ ਬਿਆਨ ਇਹੀ ਹਨ।
ਸੂਰਿਆਕਾਂਤ ਮੋਰੇ ਸਾਨੂੰ ਨਦੀ ਦਿਖਾਉਂਦੇ ਹਨ, ਇਸ ਦੇ ਕੰਢੇ ‘ਤੇ ਸਾਰੇ ਖੇਤ ਰੁੜ੍ਹ ਗਏ ਹਨ, ਜਿਸ ਵਿੱਚ ਉਹਨਾਂ ਦੇ ਇੱਕ ਇੱਕ ਕਿੱਲੇ ਦੇ ਦੋ ਅੰਗੂਰਾਂ ਦੇ ਬਾਗ ਸ਼ਾਮਿਲ ਹਨ। “ਅਸੀਂ ਸਮਾਂ ਰਹਿੰਦੇ ਆਪਣੇ ਡੰਗਰਾਂ ਨੂੰ ਬਚਾਉਣ ਵਿੱਚ ਸਫ਼ਲ ਰਹੇ। ਉਹ ਗਰਦਨ ਤੱਕ ਪਾਣੀ ਵਿੱਚ ਡੁੱਬ ਗਏ ਸਨ। ਮੈਂ ਉਹਨਾਂ ਨੂੰ ਖੁੱਲਾ ਛੱਡਿਆ ਤਾਂ ਉਹਨਾਂ ਦੀ ਜਾਨ ਬਚ ਸਕੀ,” ਮੋਰੇ ਜੀ ਕਹਿੰਦੇ ਹਨ। “ਪਰ ਜਿੰਨਾ ਵੀ ਸਮਾਨ ਟੀਨ ਦੇ ਸ਼ੈੱਡ ਵਿੱਚ ਪਿਆ ਸੀ ਸਭ ਭਿੱਜ ਗਿਆ। ਜਵਾਰ, ਮੁੰਗੀ, ਉੜਦ, ਅਤੇ ਮੂੰਗਫ਼ਲੀ ਦੀਆਂ ਬੋਰੀਆਂ, ਸਭ ਭਿੱਜ ਗਿਆ। ਸਾਰਾ ਕੜਬਾ, ਜਵਾਰ ਅਤੇ ਮੱਕੀ ਦੇ ਟਾਂਡਿਆਂ ਦਾ ਚਾਰਾ, ਵੀ ਰੁੜ੍ਹ ਗਿਆ।”
ਮੋਰੇ ਜੀ ਨੇ ਡੇਢ ਕਿੱਲੇ ਜ਼ਮੀਨ ਵਿੱਚ ਪਿਆਜ਼ ਲਾਇਆ ਸੀ। ਪਰ ਹੁਣ ਸਾਰਾ ਖੇਤ ਸਿਰਫ਼ ਪੱਥਰਾਂ ਤੇ ਰੋੜਿਆਂ ਨਾਲ ਭਰਿਆ ਪਿਆ ਹੈ। ਪਿਆਜ਼ ਦੀ ਸਾਰੀ ਪਨੀਰੀ ਅਤੇ ਉਪਜਾਊ ਮਿੱਟੀ ਦੀ ਤਹਿ ਤੇਜ਼ ਗਤੀ ਨਾਲ਼ ਆਇਆ ਪਾਣੀ ਆਪਣੇ ਨਾਲ਼ ਹੀ ਲੈ ਗਿਆ।























