ਇਹ ਕਹਾਣੀ ਪਾਰਥ ਐੱਮ.ਐੱਨ. ਦੀ ਲੜੀ ਦਾ ਹਿੱਸਾ ਹੈ, ਜਿਹਨੂੰ ਪੁਲਤੀਜ਼ਰ ਸੈਂਟਰ ਦਾ ਸਹਿਯੋਗ ਪ੍ਰਾਪਤ ਹੈ।
75 ਸਾਲਾ ਅਸਮਾ ਖਾਨ ਆਪਣੀ ਧੀ ਦੇ ਇਲਾਜ ਲਈ 100 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰਕੇ ਇੱਥੇ ਆਈ ਸੀ। ਉਨ੍ਹਾਂ ਦੀ ਧੀ ਗੰਭੀਰ ਮਾਨਸਿਕ ਬਿਮਾਰੀ ਨਾਲ਼ ਪੀੜਤ ਹੈ। 12 ਸਾਲ ਲੰਘ ਚੁੱਕੇ ਹਨ ਪਰ ਮਾਂਵਾਂ-ਧੀਆਂ ਅਜੇ ਵੀ ਆਪਣੇ ਘਰ ਵਾਪਸ ਨਹੀਂ ਗਈਆਂ।
ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਦੇ ਸੰਭਾਜੀ ਨਗਰ (ਜੋ ਪਹਿਲਾਂ ਔਰੰਗਾਬਾਦ ਸੀ) ਜ਼ਿਲ੍ਹੇ ਦੇ ਇੱਕ ਮਜ਼ਦੂਰ ਪਰਿਵਾਰ ਵਿੱਚ ਜੰਮੀ ਫਾਤਿਮਾ ਦਾ ਬਚਪਨ ਬੜੀਆਂ ਮੁਸ਼ਕਲਾਂ ਭਰਿਆ ਰਿਹਾ। ਉਨ੍ਹਾਂ ਨੂੰ ਅਕਸਰ ਚੱਕਰ ਆਉਂਦੇ ਰਹਿੰਦੇ ਅਤੇ ਉਹ ਬੇਹੋਸ਼ ਹੋ ਜਾਇਆ ਕਰਦੀ ਤੇ ਸਮੇਂ ਦੇ ਨਾਲ਼ ਇਹ ਸਮੱਸਿਆ ਹੋਰ ਵਧਦੀ ਹੀ ਚਲੀ ਗਈ ਅਤੇ ਬਾਅਦ ਵਿੱਚ ਇਹ ਸਮੱਸਿਆ ਹਿੰਸਕ ਦੌਰਿਆਂ ਦੇ ਰੂਪ ਵਿੱਚ ਸਾਹਮਣੇ ਆਈ।
“ਅਸੀਂ ਸਾਲਾਂ ਤੱਕ ਕਦੇ ਇਸ ਡਾਕਟਰ ਕੋਲ਼ ਕਦੇ ਉਸ ਡਾਕਟਰ ਕੋਲ਼ ਚੱਕਰ ਲਾਉਂਦੇ ਰਹੇ,” ਅਸਮਾ ਦੱਸਦੀ ਹੈ। “ਇਲਾਜ ਲਈ ਅਸੀਂ ਆਪਣੇ ਪਸ਼ੂ ਵੀ ਵੇਚ ਦਿੱਤੇ, ਪਰ ਕੋਈ ਫਾਇਦਾ ਨਾ ਹੋਇਆ। ਉਸਦੀ ਹਾਲਤ ਲਗਾਤਾਰ ਵਿਗੜਦੀ ਹੀ ਗਈ ਅਤੇ ਅਸੀਂ ਦੇਖ ਰਹੇ ਸਾਂ ਹਰ ਲੰਘਦੇ ਦਿਨ ਉਹ ਅਸਲੀਅਤ ਤੋਂ ਦੂਰ ਹੁੰਦੀ ਜਾ ਰਹੀ ਸੀ।”
ਇੱਕ ਦਿਨ ਆਇਆ ਜਦੋਂ ਫਾਤਿਮਾ ਨੇ ਕਿਸੇ ਨੂੰ ਨਾ ਪਛਾਣਿਆ ਅਤੇ ਡੂੰਘੇ ਅਵਸਾਦ ਵੱਸ ਪੈ ਗਈ। ਉਸ ਸਮੇਂ ਉਹ ਤੀਹ ਪਾਰ ਕਰ ਚੁੱਕੀ ਸੀ ਅਤੇ ਮਾਪਿਆਂ ਕੋਲ਼ ਹੁਣ ਕੋਈ ਵਿਕਲਪ ਨਾ ਬਚਿਆ। ਰੋਜ਼ੀ-ਰੋਟੀ ਦੀ ਜੱਦੋਜਹਿਦ ਤੇ ਫਾਤਿਮਾ ਦੀ ਮਾਨਿਸਕ ਹਾਲਤ ਨੇ ਹਰ ਤੰਦ ਉਲਝਾ ਛੱਡੀ।
''ਉਹ ਆਪਣੇ ਕੱਪੜੇ ਪਾੜ ਘੱਤਦੀ ਤੇ ਸਾਨੂੰ ਕੁਝ ਸਮਝ ਹੀ ਨਾ ਆਉਂਦੀ ਉਹਨੂੰ ਕਿਵੇਂ ਕਾਬੂ ਕਰੀਏ,'' ਅਸਮਾ ਚੇਤੇ ਕਰਦੀ ਹੈ। ਤਦ ਇੱਕ ਗੁਆਂਢੀ ਨੇ ਉਨ੍ਹਾਂ ਨੂੰ ਇੱਕ ਵੱਖਰੀ ਦੀ ਸਲਾਹ ਦਿੱਤੀ।
ਉਨ੍ਹਾ ਦੇ ਪਿੰਡ ਤੋਂ ਲਗਭਗ 100 ਕਿਲੋਮੀਟਰ ਦੂਰ ਇੱਕ ਹੋਰ ਪਿੰਡ ਹੈ ਜਿੱਥੇ ਲਗਭਗ 117 ਸਾਲ ਪੁਰਾਣੀ ਦਰਗਾਹ ਹੈ। ਕਿਹਾ ਜਾਂਦਾ ਹੈ ਕਿ 19ਵੀ ਸਦੀ ਦੇ ਅੰਤ ਵਿੱਚ ਹਜ਼ਰਤ ਹਾਜ਼ੀ ਅਬਦੁਰ ਰਹਿਮਾਨ ਸ਼ਾਹ ਉਰਫ਼ ਸੈਲਾਨੀ ਸ਼ਾਹ ਬਾਬਾ ਇੱਥੇ ਪਿੰਪਲਗਾਂਓਂ ਸਰਾਈ ਵਿੱਚ ਆਏ ਸਨ। ਵਿਦਰਭ ਖੇਤਰ ਵਿੱਚ ਬੁਲਢਾਣਾ ਸ਼ਹਿਰ ਤੋਂ ਇਹ ਪਿੰਡ ਲਗਭਗ 20 ਕਿਲੋਮੀਟਰ ਦੂਰ ਹੈ। ਸੈਲਾਨੀ ਬਾਬਾ ਦੀ ਪ੍ਰਸਿੱਧੀ ਹੀ “ਬੁਰੀਆਂ ਆਤਮਾਵਾਂ ਤੋਂ ਮੁਕਤੀ” ਦਵਾਉਣ ਵਾਲ਼ੇ ਫਕੀਰ ਵਜੋਂ ਹੁੰਦੀ ਸੀ। ਉਨ੍ਹਾਂ ਦੇ ਇੰਤਕਾਲ ਤੋਂ ਬਾਅਦ 1908 ਵਿੱਚ ਉਨ੍ਹਾਂ ਦੀ ਯਾਦ ਵਿੱਚ ਇਹ ਦਰਗਾਹ ਬਣਾਈ ਗਈ।
ਉਦੋਂ ਤੋਂ ਹਰ ਸਾਲ ਮਾਰਚ ਵਿੱਚ ਇੱਥੇ ਉਰਸ ਦਾ ਮੇਲਾ ਲੱਗਦਾ ਹੈ, ਜਿਸ ਵਿੱਚ ਲੱਖਾਂ ਸ਼ਰਧਾਲੂ ਸ਼ਾਮਲ ਹੁੰਦੇ ਹਨ।









