ਬਾਲੋ ਮਾਂਝੀ ਤੇ ਉਨ੍ਹਾਂ ਜਿਹੇ ਨੌ ਹੋਰ ਉਸਾਰੀ ਮਜ਼ਦੂਰ ਇੱਕ ਵੱਖਰੇ ਹੀ ਕਿਸਮ ਦੇ ਕੰਮ ਵਿੱਚ ਲੱਗੇ ਰਹੇ। ਉਨ੍ਹਾਂ ਨੇ ਨੇੜਲੇ ਜੰਗਲਾਂ ਤੋਂ ਬਾਲਣ ਇਕੱਠਾ ਕੀਤਾ ਤੇ ਖਾਣਾ ਪਕਾਇਆ।
ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੀ ਅਰਪਾ ਪੰਚਾਇਤ ਹੇਠ ਪੈਂਦੇ ਆਪਣੇ ਘਰ ਡੱਠੀ ਮੰਜੀ 'ਤੇ ਬੈਠੇ 55 ਸਾਲਾ ਬਾਲੋ ਕਹਿੰਦੇ ਹਨ,''ਹਰ ਤੀਜੇ ਜਾਂ ਚੌਥੇ ਦਿਨ ਅਸੀਂ ਤੜਕੇ ਪੰਜ ਵਜੇ ਹੀ ਨਿਕਲ਼ ਜਾਇਆ ਕਰਦੇ ਅਤੇ ਦੁਪਹਿਰ ਹੁੰਦੇ-ਹੁੰਦੇ ਹਰ ਬੰਦਾ 10-12 ਕਿੱਲੋ ਬਾਲਣ ਚੁੱਕੀ ਵਾਪਸ ਮੁੜਦਾ।''
''ਫਿਰ ਇਸੇ ਬਾਲਣ ਨਾਲ਼ ਅਸੀਂ ਅਗਲੇ ਤਿੰਨ-ਚਾਰ ਦਿਨ 10 ਬੰਦਿਆਂ ਦਾ ਭੋਜਨ ਪਕਾਉਂਦੇ ਰਹਿੰਦੇ,'' ਬਾਲੋ ਕਹਿੰਦੇ ਹਨ,''ਪਰ, ਅਸੀਂ ਸਿਰਫ਼ ਦਾਲ਼-ਚੌਲ਼ ਜਾਂ ਫਿਰ ਸਬਜ਼ੀ ਹੀ ਬਣਾ ਪਾਉਂਦੇ। ਕਿਉਂਕਿ ਵੱਧ ਚੀਜ਼ਾਂ ਬਣਾਉਣੀਆਂ ਮਤਲਬ ਵੱਧ ਬਾਲਣ ਫੂਕਣਾ।''
ਉਹ ਉਨ੍ਹਾਂ ਦਿਨਾਂ ਦੀ ਗੱਲ ਕਰ ਰਹੇ ਹਨ ਜਦੋਂ ਉਹ ਚੇਨੱਈ,ਤਮਿਲਨਾਡੂ ਦੇ ਮੁੱਖ ਉਪਨਗਰ ਤਾਂਬਰਮ ਵਿਖੇ ਉਸਾਰੀ ਮਜ਼ਦੂਰ ਵਜੋਂ ਕੰਮ ਕਰਦੇ ਰਹੇ।
ਤਰਲ ਪੈਟ੍ਰੋਲੀਅਮ ਗੈਸ (ਐੱਲਪੀਜੀ) ਸੰਕਟ ਲਈ ਬਾਲੋ ਤੇ ਉਨ੍ਹਾਂ ਦੇ ਸਾਥੀਆਂ ਪ੍ਰਵਾਸੀ ਮਜ਼ਦੂਰਾਂ ਵੱਲੋਂ ਲੱਭਿਆ ਇਹ ਆਰਜ਼ੀ ਹੱਲ ਵੀ ਦੋ ਹਫ਼ਤਿਆਂ ਤੱਕ ਹੀ ਚੱਲਿਆ। ਉਹ ਕਹਿੰਦੇ ਹਨ,''ਬਾਲਣ ਹਮੇਸ਼ਾਂ ਹੀ ਮਿਲ਼ੇ ਇਓਂ ਹੁੰਦਾ ਨਹੀਂ।''








