''ਯੇ ਬਤਾਨਾ ਮੁਸ਼ਕਲ ਹੋਗਾ ਕਿ ਕੌਨ ਹਿੰਦੂ ਹੈ ਔਰ ਕੌਨ ਮੁਸਲਮਾਨ। ''
ਇਹ ਗੱਲ 68 ਸਾਲਾ ਮੁਹੰਮਦ ਸ਼ਾਬੀਰ ਕੁ਼ਰੈਸ਼ੀ ਆਪਣੇ ਤੇ ਆਪਣੇ ਗੁਆਂਢੀ, 52 ਸਾਲਾ ਅਜੈ ਸੈਣੀ ਬਾਰੇ ਕਹਿ ਰਹੇ ਹਨ। ਇਹ ਦੋਵੇਂ ਅਯੋਧਿਆ ਦੇ ਵਾਸੀ ਹਨ ਤੇ ਦੋਵਾਂ ਦੀ ਦੋਸਤੀ ਕਰੀਬ 40 ਸਾਲ ਪੁਰਾਣੀ ਹੈ ਜਿਹਦੀ ਸ਼ੁਰੂਆਤ ਰਾਮਕੋਟ ਦੇ ਦੁਰਾਹੀ ਕੂਆਂ ਤੋਂ ਹੋਈ।
ਦੋਵੇਂ ਪਰਿਵਾਰ ਇੱਕ ਦੂਜੇ ਦੇ ਇੰਨੇ ਕਰੀਬ ਹਨ ਕਿ ਇੱਕ ਦੂਜੇ ਨਾਲ਼ ਆਪਣੇ ਰੋਜ਼ਮੱਰਾ ਦੇ ਮਸਲੇ ਤੇ ਚਿੰਤਾਵਾਂ ਸਾਂਝੀਆਂ ਕਰਦੇ ਹਨ। ਇੱਕ ਵਾਰ ਦੀ ਗੱਲ ਚੇਤੇ ਕਰਦਿਆਂ ਅਜੈ ਸੈਣੀ ਕਹਿੰਦੇ ਹਨ,''ਇੱਕ ਵਾਰੀਂ ਇੰਝ ਹੀ ਮੈਂ ਘਰੋਂ ਬਾਹਰ ਗਿਆ ਸਾਂ ਤੇ ਮਗਰੋਂ ਮੈਨੂੰ ਫ਼ੋਨ ਆਇਆ ਕਿ ਮੇਰੀ ਧੀ ਬੀਮਾਰ ਹੋ ਗਈ ਹੈ। ਇਸ ਤੋਂ ਪਹਿਲਾਂ ਕਿ ਮੈਂ ਵਾਪਸ ਮੁੜ ਪਾਉਂਦਾ, ਮੇਰੀ ਪਤਨੀ ਨੇ ਦੱਸਿਆ ਕਿ ਕੂਰੈਸ਼ੀ ਪਰਿਵਾਰ ਉਨ੍ਹਾਂ ਦੀ ਧੀ ਨੂੰ ਹਸਪਤਾਲ ਲੈ ਗਿਆ ਤੇ ਇਲਾਜ ਕਰਾਇਆ।''
ਮਗਰਲੇ ਪਾਸੇ ਜਿੱਥੇ ਉਹ ਦੋਵੇਂ ਬੈਠ ਕੇ ਗੱਲਾਂ ਕਰ ਰਹੇ ਹਨ ਉੱਥੇ ਮੱਝਾਂ, ਬੱਕਰੀਆਂ ਬੱਝੀਆਂ ਹਨ ਤੇ ਛੇ ਮੁਰਗੀਆਂ ਇੱਧਰ-ਉੱਧਰ ਟਹਿਲ ਵੀ ਰਹੀਆਂ ਹੁੰਦੀਆਂ ਹਨ। ਦੋਵਾਂ ਪਰਿਵਾਰਾਂ ਦੇ ਬੱਚੇ ਆਲ਼ੇ-ਦੁਆਲ਼ੇ ਖੇਡ ਰਹੇ ਹਨ।
ਇਹ ਜਨਵਰੀ 2024 ਦੀ ਗੱਲ ਰਹੀ ਜਦੋਂ ਅਯੋਧਿਆ ਵਿੱਚ ਰਾਮ ਮੰਦਰ ਦੇ ਸ਼ਾਨਦਾਰ ਉਦਘਾਟਨ ਭਾਵ ਸਥਾਪਤੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਲੋਹੇ ਦੇ ਨਵੇਂ ਦੋਹਰੇ ਬੈਰੀਕੇਡ ਲਗਾਏ ਗਏ ਜੋ ਉਨ੍ਹਾਂ ਦੇ ਘਰਾਂ ਨੂੰ ਮੰਦਰ ਦੀਆਂ ਕੰਧਾਂ ਨਾਲ਼ੋਂ ਅੱਡ ਕਰ ਰਹੇ ਸਨ।
ਸੈਣੀ ਦਾ ਪਰਿਵਾਰ ਅੱਸੀ ਦੇ ਦਹਾਕੇ ਵਿੱਚ ਅਯੋਧਿਆ ਰਹਿਣ ਆਇਆ। ਉਦੋਂ ਤੋਂ ਕੁਰੈਸ਼ੀ ਪਰਿਵਾਰ ਉਨ੍ਹਾਂ ਦਾ ਗੁਆਂਢੀ ਪਰਿਵਾਰ ਰਿਹਾ ਹੈ। ਉਹ ਗਭਰੇਟ ਉਮਰ ਦੇ ਸਨ ਜਦੋਂ ਉਹ ਅਯੋਧਿਆ ਆਏ। ਉਨ੍ਹਾਂ ਦਿਨਾਂ 'ਚ ਉਹ ਬਾਬਰੀ ਮਸਜਿਦ ਵਾਲ਼ੀ ਥਾਂ 'ਤੇ ਭਗਵਾਨ ਰਾਮ ਦੀ ਮੂਰਤੀ ਦੇਖਣ ਆਉਣ ਵਾਲ਼ੇ ਲੋਕਾਂ ਨੂੰ ਇੱਕ ਰੁਪਏ 'ਚ ਹਾਰ ਵੇਚਿਆ ਕਰਦੇ ਸਨ।
ਕੁਰੈਸ਼ੀ ਮੂਲ਼ ਰੂਪ ਵਿੱਚ ਕਸਾਈ ਸਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਅਯੋਧਿਆ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਮੀਟ ਦੀ ਦੁਕਾਨ ਸੀ। 1992 'ਚ ਉਨ੍ਹਾਂ ਦੇ ਘਰ ਨੂੰ ਅੱਗ ਲਾ ਦਿੱਤੀ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਵੈਲਡਿੰਗ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।
















