ਮਾਛੀਵਾਲ ਪਿੰਡ ਦੇ ਲੋਕਾਂ ਨੇ ਇਸ ਪੱਤਰਕਾਰ ਨੂੰ ਚਾਹ ਪੁੱਛੀ, ਉਸੇ ਸਮਾਨ ਨਾਲ਼ ਜੋ ਹੜ੍ਹ ਰਾਹਤ ਸਮੱਗਰੀ ਵਜੋਂ ਉਹਨਾਂ ਨੂੰ ਮਿਲ਼ਿਆ ਸੀ। ਰਾਵੀ ਦੇ ਕੰਢੇ ਟੁੱਟਣ ਕਾਰਨ ਆਏ ਵਿਆਪਕ ਹੜ੍ਹਾਂ ਨੇ ਉਹਨਾਂ ਦੇ ਘਰ ਤਬਾਹ ਕਰ ਦਿੱਤੇ, ਖੇਤ ਰੇਤ ਤੇ ਪਾਣੀ ਨਾਲ਼ ਭਰ ਦਿੱਤੇ, ਅਤੇ ਉਹਨਾਂ ਨੂੰ ਬੇਸਹਾਰਾ ਕਰਕੇ ਅਸਥਾਈ ਝੁੱਗੀਆਂ ਵਿੱਚ ਰਹਿਣ ਲਈ ਮਜਬੂਰ ਕਰ ਦਿੱਤਾ।
ਅਗਸਤ ਮਹੀਨੇ ਵਿੱਚ ਆਏ ਹੜ੍ਹਾਂ ਵਿੱਚ ਉਹਨਾਂ ਨੇ ਲਗਭਗ ਆਪਣਾ ਸਭ ਕੁਝ ਗੁਆ ਲਿਆ।
ਸਰਬਜੀਤ ਕੌਰ ਰਮਦਾਸ ਬਲਾਕ ਦੇ ਮਾਛੀਵਾਲ ਪਿੰਡ ਦੇ ਬਾਹਰਲੇ ਪਾਸੇ ਉਸ ਜਗ੍ਹਾ ਕੋਲ਼ ਝੁੱਗੀ ਵਿੱਚ ਬੈਠੀ ਹੈ, ਜਿੱਥੇ ਰਾਵੀ ਦਰਿਆ ਦੀ ਮਚਾਈ ਤਬਾਹੀ ਤੋਂ ਪਹਿਲਾਂ ਉਹਨਾਂ ਦਾ ਘਰ ਦਾ ਹੁੰਦਾ ਸੀ। ਆਪਣੀ ਜ਼ਿੰਦਗੀ ਵਿੱਚ ਆਏ ਇਸ ਦਰਦਨਾਕ ਮੋੜ ਬਾਰੇ ਗੱਲ ਕਰਦਿਆਂ ਉਹ ਕੱਚਾ ਜਿਹਾ ਮੁਸਕੁਰਾ ਰਹੀ ਹੈ।
“ਅਸੀਂ ਸਾਰੀ ਰਾਤ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਰਹੇ,” 18 ਸਾਲਾ ਸਰਬਜੀਤ ਨੇ PARI ਨੂੰ ਦੱਸਿਆ। “27 ਅਗਸਤ (2025) ਨੂੰ ਸਵੇਰੇ 6 ਵਜੇ ਗੁਰਦੁਆਰੇ ਦੇ ਸਪੀਕਰ ਵਿੱਚੋਂ ਆਵਾਜ਼ ਦਿੱਤੀ ਗਈ ਕਿ ਧੁੱਸੀ ਟੁੱਟ ਗਈ ਹੈ। ਅਸੀਂ ਸਾਰੇ ਬਚਾਅ ਕਰਨ ਲਈ ਉੱਚੇ ਪਾਸੇ ਵੱਲ ਨੂੰ ਭੱਜੇ।”
ਮਾਛੀਵਾਲ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਛੋਟਾ ਜਿਹੀ ਪਿੰਡ ਹੈ ਜਿਸਦੀ ਆਬਾਦੀ 1,186 (2011 ਦੀ ਮਰਦਮਸ਼ੁਮਾਰੀ ਅਨੁਸਾਰ) ਹੈ, ਤੇ ਪਿੰਡ ਵਿੱਚ ਬਹੁਤੀ ਆਬਾਦੀ ਜੱਟ ਸਿੱਖ ਤੇ ਰਾਏ ਸਿੱਖਾਂ, ਜੋ ਪੰਜਾਬ ਵਿੱਚ ਪਛੜੀਆਂ ਜਾਤੀਆਂ ਵਿੱਚ ਆਉਂਦੇ ਹਨ, ਦੀ ਹੈ। ਦਲਿਤ ਪਰਿਵਾਰ ਆਮ ਕਰਕੇ ਥੋੜ੍ਹੀ ਜ਼ਮੀਨ ’ਤੇ ਖੇਤੀ ਕਰਕੇ ਅਤੇ ਦੂਜਿਆਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਹਨ।
ਸਰਬਜੀਤ ਦਾ ਪਰਿਵਾਰ ਰਾਏ ਸਿੱਖਾਂ ਵਿੱਚੋਂ ਆਉਂਦਾ ਹੈ ਤੇ ਉਹ ਖੇਤ ਮਜ਼ਦੂਰੀ ਕਰਕੇ ਗੁਜ਼ਾਰਾ ਚਲਾਉਂਦੇ ਹਨ। ਉਹਦੀ ਮਾਂ, ਜੋ ਖੇਤ ਮਜ਼ਦੂਰੀ ਹੀ ਕਰਦੀ ਸੀ, ਦੀ ਛੇ ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ; ਉਸਦੇ ਪਿਤਾ ਨੂੰ ਮਿਰਗੀ ਦੇ ਦੌਰੇ ਪੈਂਦੇ ਹਨ ਤੇ ਉਹ ਕੰਮ ਨਹੀਂ ਕਰ ਸਕਦੇ। ਦੋ ਭਰਾਵਾਂ ਤੇ ਇੱਕ ਭੈਣ ਮਜ਼ਦੂਰੀ ਕਰਕੇ ਘਰ ਦਾ ਖਰਚਾ ਚਲਾਉਂਦੇ ਹਨ।
ਤਿੰਨ ਤੋਂ ਚਾਰ ਦਿਨ ਪਿੰਡ ਹੜ੍ਹ ਦੇ ਪਾਣੀ ਵਿੱਚ ਡੁੱਬਿਆ ਰਿਹਾ, ਤੇ ਕਈ ਥਾਵਾਂ ’ਤੇ ਪਾਣੀ ਅੱਠ-ਅੱਠ ਫੁੱਟ ਤੱਕ ਚਲਾ ਗਿਆ ਸੀ। ਪਾਣੀ ਨੇ ਖੇਤ ਮਜ਼ਦੂਰਾਂ ਦੇ ਸਾਦੇ ਜਿਹੇ ਘਰ ਤਬਾਹ ਕਰ ਦਿੱਤੇ, ਝੋਨੇ ਦੀ ਫ਼ਸਲ ਦੀ ਬਰਬਾਦ ਕਰ ਦਿੱਤੀ ਜੋ ਪੱਕਣ ਕਿਨਾਰੇ ਸੀ ਅਤੇ ਖੇਤਾਂ ਨੂੰ ਰੇਤ ਨਾਲ਼ ਭਰ ਦਿੱਤਾ। ਵੱਡੇ-ਵੱਡੇ ਸਫ਼ੈਦਿਆਂ ਦੇ ਰੁੱਖ ਤੱਕ ਪੁੱਟ ਸੁੱਟੇ।
















