ਏ ਬੇਰਾ ਬੇਟੀ ਇਯਮ ਤਾਨੀ ਮਾਰਚੀ ਬਾਰੀ ਤੇ, ਬੇਰਾ ਬੇਟੀ ਇਯਮ ਤਾਨੀ
ਧਾਨੀ ਸੇ ਦਾਦਾ ਜੋ ਦੇਨਾਮ ਰੇ, ਬੀਹਾ ਗੋਤੇ ਨੀ
ਮਨ ਮਜੂਰ ਦੇਨਾ ਲਾ ਰੇ, ਬੀਹਾ ਗੋਤੇ ਨੀ,
ਮਾਰਚੀ ਬਾਰੀ ਤੇ, ਬੇਰਾ ਬੇਟੀ ਇਯਮ ਤਾਨੀ
ਧਾਨੀ ਸੇ ਦਾਦਾ ਜੋ ਦੇਨਾਮ ਰੇ, ਬੀਹਾ ਗੋਤੇ ਨੀ
[ਸਾਡੀ ਬੇਟੀ ਰੋਵੇ ਮਿਰਚਾਂ ਦੇ ਖੇਤ ਵਿੱਚ, ਬਾਬੁਲ,
ਆਖੇ ਮੇਰਾ ਸਾਕ ਲਿਆ ਮੇਰਾ ਕਾਜ ਰਚਾ
ਅਸੀਂ ਇੱਕ ਦੂਜੇ ਨੂੰ ਪਾ ਲਿਆ, ਦਾਦਾ,
ਮੇਰਾ ਵਿਆਹ ਉਹਦੇ ਨਾਲ ਕਰਾ।
ਸਾਡੀ ਬੇਟੀ ਰੋਵੇ ਮਿਰਚਾਂ ਦੇ ਖੇਤ ਵਿੱਚ ਬਾਬੁਲ,
ਆਖੇ ਮੇਰਾ ਸਾਕ ਲਿਆ ਮੇਰਾ ਕਾਜ ਰਚਾ।]
ਲਖੇਸ਼ਵਰੀ ਬਾਈ ਖੜੀਆ ਗਾਉਂਦਿਆਂ ਕਿਸੇ ਹੋਰ ਹੀ ਦੁਨੀਆਂ ਵਿੱਚ ਹੁੰਦੀ ਹੈ, ਉਸਦੀਆਂ ਅੱਖਾਂ ਝੁਕੀਆਂ, ਹੱਥ ਵਿੱਚ ਫੜੇ ਮਾਈਕ ਨੂੰ ਦੇਖਦੀਆਂ। ਇਹ ਪਲ ਉਹਨਾਂ ਲਈ ਵਿਲੱਖਣ ਹੈ। ਲਖੇਸ਼ਵਰੀ ਜੀ ਦੇ ਆਸ ਪਾਸ ਘੱਟ ਹੀ ਲੋਕ ਹਨ ਜਿਨ੍ਹਾਂ ਨੂੰ ਉਹਨਾਂ ਦੇ ਗੀਤ ਵਿੱਚ ਰੁਚੀ ਹੈ ਜਾਂ ਜੋ ਉਹ ਬੋਲੀ ਬੋਲਦੇ ਹਨ ਜਿਸ ਵਿੱਚ ਉਹ ਗੀਤ ਗਾ ਰਹੇ ਹਨ। ਪਰ ਹਰ ਇੱਕ ਸ਼ਬਦ ਨਾਲ ਉਹਨਾਂ ਦਾ ਮਨ ਪਲ ਵਿੱਚ ਹੀ 160 ਕਿਲੋਮੀਟਰ ਦੂਰ ਰਾਜਗੜ ਪਹੁੰਚ ਜਾਂਦਾ ਹੈ ਜਿੱਥੇ ਉਹਨਾਂ ਦਾ ਬਚਪਨ ਇਹਨਾਂ ਬੋਲਾਂ ਵਿੱਚ ਘਿਰਿਆ ਸੀ।
“ਮੈਂ ਹੁਣ ਕੀਹਦੇ ਨਾਲ ਗੱਲ ਕਰਾਂ? ਮੇਰੇ ਸਹੁਰੇ ਹੁਣ ਮੇਰੇ ਨਾਲ ਨਹੀਂ। ਮੈਂ ਬੱਚਿਆਂ ਨੂੰ ਕਹਿੰਦੀ ਹਾਂ ਕਿ ‘ਮੇਰੇ ਨਾਲ ਮਾਂ ਬੋਲੀ ਵਿੱਚ ਗੱਲਬਾਤ ਕਰੋ ਅਤੇ ਮੇਰੇ ਤੋਂ ਸਿੱਖੋ’। ਪਰ ਬੱਚੇ ਕਿੱਥੇ ਸੁਣਦੇ ਹਨ? ਪੋਤੇ ਪੋਤੀਆਂ ਦੀ ਗੱਲ ਤਾਂ ਛੱਡੋ, ਇਸ ਸਾਰੇ ਪਿੰਡ ਵਿੱਚ ਮੈਂ ਇਕੱਲੀ ਹਾਂ ਜੋ ਖੜੀਆ ਬੋਲਦੀ ਹਾਂ,” ਪਾਟਨਦਾਦਰ ਦੀ 56 ਸਾਲਾ ਆਦਿਵਾਸੀ ਔਰਤ ਦਰਦਭਰੀ ਆਵਾਜ਼ ਵਿੱਚ ਕਹਿੰਦੀ ਹੈ।
ਮਹਾਸਮੁੰਦ ਜਿਲੇ ਦੇ ਇਸ ਪਿੰਡ ਵਿੱਚ ਬੁੱਧਵਾ ਖੜੀਆ ਨਾਲ ਵਿਆਹ ਕੇ ਆਈ ਲਖੇਸ਼ਵਰੀ ਬਾਈ ਨੂੰ ਇੱਥੇ ਲੋਕ ‘ਜੂਨਾ’ ਕਹਿ ਕੇ ਬੁਲਾਉਂਦੇ ਹਨ ਜੋ ਕਿ ਉਮਰ ਦੇ ਸੱਠਵਿਆਂ ਵਿੱਚ ਹੈ। ਰਾਜ ਸਰਕਾਰ ਵੱਲੋਂ ਮਿਲੀ ਦੋ ਏਕੜ ਜ਼ਮੀਨ ਗੁਜ਼ਾਰੇ ਲਈ ਕਾਫ਼ੀ ਨਹੀਂ ਹੈ ਇਸ ਲਈ ਦੋਨੋਂ ਮੀਆਂ ਬੀਵੀ ਖੇਤਾਂ ਵਿੱਚ ਮਜਦੂਰੀ ਵੀ ਕਰਦੇ ਹਨ। “ਜਦੋਂ ਮੈਂ ਰਾਜਗੜ ਤੋਂ ਇੱਥੇ ਆਈ ਸੀ ਤਾਂ ਆਪਣੇ ਸਹੁਰਿਆਂ ਨਾਲ ਖੜੀਆ ਵਿੱਚ ਗੱਲਬਾਤ ਕਰਦੀ ਸਾਂ। ਪਰ ਹੁਣ ਉਹ ਨਹੀਂ ਰਹੇ ਅਤੇ ਮੇਰੇ ਨਾਲ ਇਸ ਬੋਲੀ ਵਿੱਚ ਗੱਲ ਕਰਨ ਵਾਲਾ ਵੀ ਕੋਈ ਨਹੀਂ,” ਲਖੇਸ਼ਵਰੀ ਜੀ ਕਹਿੰਦੇ ਹਨ। “ਮੈਂ ਸ਼ਬਦਾਂ ਦਾ ਉਚਾਰਨ ਸਹੀ ਨਹੀਂ ਕਰ ਪਾਉਂਦਾ ਇਸ ਲਈ ਬੋਲਣ ਤੋਂ ਗੁਰੇਜ਼ ਕਰਦਾ ਹਾਂ,” ਉਹਨਾਂ ਦੇ ਪਤੀ ਬੁੱਧਵਾ ਦੱਸਦੇ ਹਨ। “ਇੱਥੇ ਛੱਤੀਸਗੜੀ ਹੀ ਚੱਲਦੀ ਹੈ। ਇਸ ਬੋਲੀ ਨੂੰ ਕੌਣ ਸਮਝੇਗਾ?”




