ਅਗਸਤ 2023 ਵਿੱਚ, ਆਫੀਆ ਖ਼ਤੂਨ ਦਾ ਇੱਕ ਗੀਤ ਵਾਇਰਲ ਹੋਇਆ ਸੀ।
ਐਕਸ (ਪਹਿਲਾਂ ਟਵਿੱਟਰ) ਪਲੇਟਫਾਰਮ 'ਤੇ ਇੱਕ ਯੂਜ਼ਰ ਨੇ ਉਨ੍ਹਾਂ ਦਾ ਇੱਕ ਵੀਡੀਓ ਸ਼ੇਅਰ ਕੀਤਾ। ਵੀਡੀਓ 'ਚ ਖ਼ਤੂਨ ਅਸਾਮ ਦੇ ਬੰਗਾਲੀ ਮੁਸਲਮਾਨਾਂ ਵੱਲੋਂ ਬੋਲੀ ਜਾਣ ਵਾਲ਼ੀ ਸਥਾਨਕ ਬੋਲੀ 'ਚ ਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਨ੍ਹਾਂ ਦੇ ਨਾਲ਼ ਉਨ੍ਹਾਂ ਦੇ ਦੋ ਬੇਟੇ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਵਿੱਚੋਂ ਇੱਕ ਨੇ ਦੋਤਾਰਾ (ਬੰਗਾਲੀ ਲੋਕ ਸੰਗੀਤ ਵਿੱਚ ਵਰਤਿਆ ਜਾਣ ਵਾਲ਼ਾ ਦੋ ਤਾਰਾਂ ਵਾਲ਼ਾ ਸਾਜ਼) ਅਤੇ ਦੂਜੇ ਨੇ ਢੋਲ਼ ਵਜਾਇਆ।
ਗੀਤ ਦੇ ਬੋਲ ਇਸ ਪ੍ਰਕਾਰ ਸਨ:
ਜੋਨੋਤਾਰੇ ਯੀ ਸ਼ੋਬਾਈ ਮੀਲੇ ਥਾਨਾ'ਏ ਥਾਨਾ'ਏ ਈਜ਼ਰ ਦਿਲੇ, ਹਿਮੰਤੋ ਸੋਰਕਰ ਬੁਲੇ ਦੋਇਯੋਸ਼ੀ ਰੇਹ।
ਜੋਨੋਤਾਰੇ ਜਲਾਹੀਆ, ਹਿਮੰਤੋਰ ਈ ਜੋਨੋਤਰੋਨਾ, ਜੋਨੋਤਾ'ਏ ਸ਼ੋਇਤੇ ਅਰ ਪਰੇ ਨਾ।
ਅਰ ਕੋਟੋ ਜਲਾਈ'ਬੇ ਬੋਲੋ ਨਾ,
ਅਰ ਕੋਟੋ ਜਲਾਈ'ਬੇ ਬੋਲੋ ਨਾ,
ਜੋਨੋਤਾਰੇ
[ਲੋਕ ਇਕੱਠੇ ਮਿਲ਼ ਕੇ ਇੱਕ ਤੋਂ ਬਾਅਦ ਇੱਕ ਸ਼ਿਕਾਇਤਾਂ ਕਰ ਰਹੇ ਹਨ; ਉਹ ਕਹਿ ਰਹੇ ਹਨ ਕਿ ਹਿਮੰਤਾ ਸਰਕਾਰ ਦੋਸ਼ੀ ਹੈ।
ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਹਿਮੰਤਾ ਜੋ ਹਿੰਸਾ ਕਰ ਰਿਹਾ ਹੈ, ਉਸ ਨੂੰ ਦੇਖੋ। ਲੋਕ ਹੁਣ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ।
ਕਿਰਪਾ ਕਰਕੇ ਮੈਨੂੰ ਦੱਸੋ ਕਿ ਤੁਸੀਂ ਹੋਰ ਕਿੰਨਾ ਪਰੇਸ਼ਾਨ ਕਰੋਗੇ?
ਕਿਰਪਾ ਕਰਕੇ ਮੈਨੂੰ ਦੱਸੋ ਕਿ ਤੁਸੀਂ ਹੋਰ ਕਿੰਨਾ ਪਰੇਸ਼ਾਨ ਕਰੋਗੇ?]
ਉਹ ਸਾਨੂੰ ਦੱਸਦੇ ਹੈ ਕਿ ਇਹ ਗੀਤ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੀ ਬਾਲ ਵਿਆਹ ਨੂੰ ਰੋਕਣ ਲਈ ਰਾਜ ਵਿਆਪੀ ਮੁਹਿੰਮ ਤਹਿਤ ਉਨ੍ਹਾਂ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਵੱਡੀ ਗਿਣਤੀ ਵਿੱਚ ਗ੍ਰਿਫ਼ਤਾਰੀਆਂ ਦੇ ਜਵਾਬ ਵਿੱਚ ਸੀ।
''ਕਿਸੇ ਨੂੰ ਤਾਂ ਇਸ ਦੇ ਖ਼ਿਲਾਫ਼ ਆਵਾਜ਼ ਚੁੱਕਣੀ ਚਾਹੀਦੀ ਸੀ। ਇਹ ਗੀਤ ਮੇਰੇ ਭਾਈਚਾਰੇ ਦੇ ਲੋਕਾਂ ਸਿਰ ਪਈ ਬੇਤਹਾਸ਼ਾ ਚਿੰਤਾ ਅਤੇ ਸਮੂਹਿਕ ਦੁੱਖ ਨੂੰ ਦਰਸਾਉਂਦਾ ਹੈ," ਖ਼ਤੂਨ ਕਹਿੰਦੇ ਹਨ। ਫਰਵਰੀ 2023 ਵਿੱਚ ਸ਼ੁਰੂ ਹੋਏ ਬਾਲ ਵਿਆਹ ਵਿਰੋਧੀ ਹਮਲਿਆਂ ਦੇ ਪਹਿਲੇ ਪੜਾਅ ਵਿੱਚ ਅਸਾਮ ਵਿੱਚ 3,900 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਵੀ ਸੈਂਕੜੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ 'ਚੋਂ ਜ਼ਿਆਦਾਤਰ ਬੰਗਾਲੀ ਮੁਸਲਮਾਨ ਹਨ।










