“ਲੋਕਾਂ ਨੂੰ ਲਗਦਾ ਹੈ ਕਿ ਅਸੀਂ (ਧਰਨੇ ਵਿੱਚ) ਇੱਕ ਪੇਪਰ ਜਾਂ ਇੱਕ ਨੌਕਰੀ ਕਰਕੇ ਆਏ ਹਾਂ। ਅਸੀਂ ਇਸ ਲਈ ਆਏ ਹਾਂ ਕਿ ਹਰ ਸਾਲ ਸਾਡਾ ਭਵਿੱਖ ਹੋਰ ਧੁੰਦਲਾ ਹੁੰਦਾ ਦਿਖ ਰਿਹਾ ਹੈ,” ਛੋਟੂ ਯਾਦਵ ਨੇ ਕਿਹਾ।
27 ਸਾਲਾ ਛੋਟੂ ਦੋ ਬਿਹਾਰ ਦੇ ਸਿਵਾਨ ਤੋਂ ਰੇਲਗੱਡੀ ਦੇ ਜਨਰਲ ਡੱਬੇ ਦੀ ਭੀੜ ਵਿੱਚ ਦੋ ਦਿਨ ਦਾ ਸਫ਼ਰ ਕਰਕੇ ਦਿੱਲੀ ਆਇਆ ਹੈ। “ਸਾਡੇ ਪਿੰਡਾਂ ’ਚ ਨੌਜਵਾਨਾਂ ਨੂੰ ਜਾਂ ਤਾਂ ਪਰਵਾਸ ਕਰਨਾ ਪੈਂਦਾ ਹੈ ਜਾਂ ਉਹ ਅਜਿਹੇ ਮੌਕਿਆਂ ਦੀ ਭਾਲ ’ਚ ਬੈਠੇ ਰਹਿੰਦੇ ਨੇ, ਜੋ ਬਹੁੜਦੇ ਹੀ ਨਹੀਂ,” ਛੋਟੂ ਕਹਿੰਦਾ ਹੈ।
“ਚੱਲੋ ਸੰਸਦ!” ਦੀ ਸ਼ੁਰੂਆਤ ਕਾਕਰੋਚ ਜਨਤਾ ਪਾਰਟੀ (CJP) ਦੇ ਭਾਰਤੀ ਨੌਜੁਆਨੀ ਦੇ ਮੁੱਦਿਆਂ ਨੂੰ ਸਿੱਧਾ ਸੰਸਦ ਤੱਕ ਲੈ ਕੇ ਜਾਣ ਸੱਦੇ ਤੋਂ ਹੋਈ ਜਿੱਥੇ 20 ਜੁਲਾਈ 2026 ਨੂੰ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਹੋਈ ਹੈ।
ਇਹ ਧਰਨਾ ਹੁਣ CJP ਤੋਂ ਵੀ ਵੱਡਾ ਹੋ ਗਿਆ ਹੈ ਅਤੇ ਦੇਸ਼ ਭਰ ਦੇ ਹੋਰਨਾਂ ਸ਼ਹਿਰਾਂ ਤੱਕ ਫੈਲ ਗਿਆ ਹੈ।
ਵਾਰ-ਵਾਰ ਹੋ ਰਹੇ ਪੇਪਰ ਲੀਕ ਨੇ ਬੇਰੁਜ਼ਗਾਰੀ, ਸਰਕਾਰੀ ਭਰਤੀ ’ਚ ਦੇਰੀ, ਅਤੇ ਪ੍ਰਦਰਸ਼ਨਕਾਰੀਆਂ ਦੇ ਦੱਸਣ ਮੁਤਾਬਕ ਸਰਕਾਰੀ ਸੰਸਥਾਵਾਂ, ਸਿਸਟਮ ਅਤੇ ਪ੍ਰਸ਼ਾਸਨ ਵਿੱਚ ਉਹਨਾਂ ਦੇ ਭਰੋਸੇ ਵਿੱਚ ਆਏ ਨਿਘਾਰ ਨੂੰ ਲੈ ਕੇ ਇੱਕ ਵੱਡੀ ਮੁਹਿੰਮ ਛੇੜ ਦਿੱਤੀ ਹੈ। ਘਟਦੇ ਮੌਕਿਆਂ, ਪਿੰਡਾਂ ਤੋਂ ਵਧ ਰਹੇ ਪਰਵਾਸ, ਅਤੇ ਆਪਣੇ ਹੀ ਭਵਿੱਖ ਨੂੰ ਤੈਅ ਕਰਨ ਵਾਲੇ ਫ਼ੈਸਲਿਆਂ ਵਿੱਚੋਂ ਬਾਹਰ ਰੱਖੇ ਜਾਣ ਦੇ ਨੌਜੁਆਨੀ, ਖ਼ਾਸ ਕਰਕੇ ਭਾਰਤ ਦੀ ਪੇਂਡੂ ਨੌਜੁਆਨੀ, ਦੇ ਇਸ ਅਹਿਸਾਸ ਦੀ ਨਿਰਾਸ਼ਾ ਜ਼ਾਹਰ ਕਰਨ ਲਈ ਇਹ ਅੰਦੋਲਨ ਮੰਚ ਬਣ ਗਿਆ ਹੈ।
“ਮੈਂ ਇਸ ਕਰਕੇ ਦਿੱਲੀ ਆਇਆਂ ਕਿ ਸਾਡੇ ਪਿੰਡਾਂ ਦੀ ਨੌਜੁਆਨੀ ਦਾ ਭਵਿੱਖ ਉੱਤੋਂ ਭਰੋਸਾ ਖ਼ਤਮ ਨਾ ਹੋਵੇ,” ਪਾਲੀ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਆਖਰੀ ਸਾਲ ਵਿੱਚ ਪੜ੍ਹ ਰਹੇ 25 ਸਾਲਾ ਧੀਰਮ ਨੇ ਕਿਹਾ। ਉਹ ਆਪਣੇ ਆਰਟਸ ਦੀ ਪੜ੍ਹਾਈ ਕਰ ਰਹੇ 24 ਸਾਲਾ ਦੋਸਤ ਆਸ਼ੂ ਰਾਮ ਨਾਲ ਆਇਆ ਹੈ। 15 ਘੰਟੇ ਦਾ ਸਫ਼ਰ ਕਰਕੇ ਇਹ ਦੋਵੇਂ 19 ਜੁਲਾਈ ਦੀ ਦੁਪਹਿਰ ਦਿੱਲੀ ਪਹੁੰਚੇ।


























