ਅਪ੍ਰੈਲ ਦਾ ਮਹੀਨਾ ਕ੍ਰਿਸ਼ਨਾ ਰਾਣੀ ਲਈ ਸਦਾ ਹੀ ਸੁਖਾਵਾਂ ਹੁੰਦਾ ਰਿਹਾ ਹੈ। ਇਹ ਸਮਾਂ ਹੁੰਦਾ ਹੈ ਕਣਕ ਦੀ ਵਾਢੀ ਦਾ, ਇਸੇ ਸਮੇਂ ਉਨ੍ਹਾਂ ਦੇ ਹੱਥੀਂ ਬਣੇ ਛੱਜ ਦੀ ਮੰਗ ਵਧਣ ਲੱਗਦੀ ਹੈ। ਇਹ ਉਨ੍ਹਾਂ ਦੀ ਕਮਾਈ ਕਰਨ ਦਾ ਸਮਾਂ ਹੁੰਦਾ ਹੈ ਤੇ ਨਾਲ਼ ਹੀ ਇਹ ਸਮਾਂ ਉਨ੍ਹਾਂ ਅੰਦਰ ਆਤਮਵਿਸ਼ਵਾਸ ਅਤੇ ਆਤਮਨਿਰਭਰਤਾ ਦਾ ਅਹਿਸਾਸ ਭਰ ਦਿੰਦਾ ਹੈ।
ਪਿਛਲੇ 17 ਸਾਲਾਂ ਤੋਂ ਅਪ੍ਰੈਲ ਦਾ ਮਹੀਨਾ ਕ੍ਰਿਸ਼ਨਾ ਰਾਣੀ ਲਈ ਇੱਕੋ ਜਿਹਾ ਹੀ ਹੁੰਦਾ ਰਿਹਾ ਹੈ। ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਸਵੇਰੇ 5 ਵਜੇ ਹੁੰਦੀ ਹੈ, ਤਾਂਕਿ ਉਹ ਫਾਜ਼ਿਲਕਾ ਵਿਖੇ ਆਪਣੇ ਪਿੰਡ ਟਾਹਲੀ ਵਾਲ਼ਾ ਬੋਦਲਾ ਤੋਂ ਸਵੇਰੇ 6 ਵਜੇ ਵਾਲ਼ੀ ਬੱਸ ਫੜ੍ਹ ਸਕਣ। ਜਿੱਥੇ ਉਹ ਆਪਣੇ ਸਿਰ 'ਤੇ ਛੱਜਾਂ ਦੀ ਪੰਡ ਟਿਕਾਈ ਨੇੜਲੇ ਪਿੰਡਾਂ ਵਿੱਚ ਘੁੰਮ-ਘੁੰਮ ਕੇ ਛੱਜ ਵੇਚਦੇ ਰਹੇ ਹਨ।
ਉਨ੍ਹਾਂ ਦੇ ਗ੍ਰਾਹਕਾਂ ਵਿੱਚ ਹੁਣ ਜ਼ਿਆਦਤਰ ਬਜ਼ੁਰਗ ਔਰਤਾਂ ਹੀ ਰਹਿ ਗਈਆਂ ਹਨ, ਜੋ ਕ੍ਰਿਸ਼ਨਾ ਨੂੰ ਅਕਸਰ ਇਹ ਕਹਿ ਕੇ ਅਵਾਜ਼ ਦਿੰਦੀਆਂ ਹਨ,“ਬੇਬੇ, ਕਿੱਥੇ ਛੱਜ ਚੱਕੀ ਫਿਰਦੀ ਐਂ? ਅੱਜ ਕੱਲ੍ਹ ਦੀਆਂ ਕੁੜੀਆਂ ਨੂੰਛੱਜ ਫੜ੍ਹਨੇ ਵੀ ਨਹੀਂ ਆਉਂਦੇ?''
ਨਾ ਹੀ ਉਨ੍ਹਾਂ ਦੀਆਂ ਗੱਲਾਂ ਅਤੇ ਨਾ ਹੀ ਘਟਦੇ ਜਾਂਦੇ ਖਰੀਦਾਰ ਉਨ੍ਹਾਂ ਦੇ ਹੌਂਸਲੇ ਨੂੰ ਢਾਅ ਲਾ ਸਕੇ। ਪਿਛਲੇ ਚਾਲ੍ਹੀ ਸਾਲਾਂ ਵਿੱਚ ਉਨ੍ਹਾਂ ਨੂੰ ਇੱਕ ਵਾਰੀ ਵੀ ਇਓਂ ਨਹੀਂ ਲੱਗਿਆ ਕਿ ਉਹ ਆਪਣੇ ਪਰਿਵਾਰ ਦੀ ਇਸ ਰਵਾਇਤੀ ਕਲਾ ਨੂੰ ਛੱਡ ਦੇਣਗੇ। ਉਹ ਕਹਿੰਦੇ ਹਨ,“ਮੈਂ ਭਲ਼ਾ ਇਹ ਕੰਮ ਛੱਡਾਂ ਵੀ ਕਿਉਂ? ਜਿੱਥੇ ਕੋਈ ਕਰਨ ਵਾਲ਼ਾ ਨਹੀਂ ਸੀ, ਛੱਡਣਾ ਕਾਹਦੇ ਵਾਸਤੇ ਸੀ? ਏਦੇ 'ਤੇ ਈ ਸੀ ਰੋਟੀ।” ਇਸ ਸਾਲ ਫਰਵਰੀ ਵਿੱਚ ਕ੍ਰਿਸ਼ਨਾ ਰਾਣੀ ਨਾਲ਼ ਸਾਡੀ ਪਹਿਲੀ ਮੁਲਾਕਾਤ ਹੋਈ ਸੀ। ਆਪਣੀ ਝੁੱਗੀ ਦੇ ਸਾਹਮਣੇ ਬੈਠੀ ਲਗਭਗ 50 ਸਾਲਾ ਇਹ ਔਰਤ ਆਉਣ ਵਾਲ਼ੇ ਮੌਸਮ ਲਈ ਛੱਜ ਬੁਣਨ ਵਿੱਚ ਮਸਰੂਫ਼ ਸੀ।



























