ਦੱਖਣ ਵੱਲ ਕਾਲਿੰਦੀ ਕੁੰਜ ਘਾਟ 'ਤੇ, ਦਰਿਆ ਚੌੜਾ ਹੁੰਦਾ ਜਾਂਦਾ ਹੈ ਅਤੇ ਆਬੋ-ਹਵਾ ਵਿੱਚ ਰਸਾਇਣਾਂ ਦੀ ਗੰਧ ਘੁੱਟਣ ਪੈਦਾ ਕਰਨ ਲੱਗਦੀ ਹੈ। ਇਸ ਦੀ ਸਤ੍ਹਾ 'ਤੇ ਤੈਰਦੀ ਸਫ਼ੈਦ ਝੱਗ ਤੋਂ ਉੱਠਦੀ ਸੜਾਂਦ ਗਲ਼ੇ ਨੂੰ ਫੜ੍ਹ ਹੀ ਲੈਂਦੀ ਹੈ।
ਇੱਥੇ, 41 ਸਾਲਾ ਫ਼ਿਰੋਜ਼ ਮਲਿਕ, ਇੱਕ ਅੱਡ ਹੀ ਸੇਵਾ ਨਿਭਾਉਂਦੇ ਹਨ। ਉਹ ਯਮੁਨਾ ਵਿੱਚ ਅਸਥੀਆਂ ਪ੍ਰਵਾਹ ਕਰਦੇ ਹਨ, ਭਾਵੇਂ ਕਿ ਗੰਦਗੀ ਨਾਲ਼ ਨਦੀ ਦਾ ਪਾਣੀ ਬੜਾ ਸੰਘਣਾ ਹੋ ਚੁੱਕਿਆ ਹੈ,“ਇਸਦੇ ਅੰਦਰ ਮੈਂ ਸਾਹ ਨਹੀਂ ਲੈ ਸਕਦਾ, ਜੇ ਕੋਈ ਲੰਬੇ ਸਮੇਂ ਲਈ ਥੱਲੇ ਫਸਿਆ ਰਹੇ ਤਾਂ ਉਹ ਬਚ ਨਹੀਂ ਸਕਦਾ,” ਉਹ ਕਹਿੰਦੇ ਹਨ। ਫਿਰ ਵੀ ਪਾਣੀ ਵਿੱਚ ਲੱਥਣਾ ਫ਼ਿਰੋਜ਼ ਲਈ ਹਰ ਰੋਜ਼ ਦਾ ਕੰਮ ਹੈ।
ਦਿੱਲੀ ਵਿਖੇ ਯਮੁਨਾ ਵੀ ਇਓਂ ਜਾਪਦੀ ਹੈ ਜਿਵੇਂ ਕਿਸੇ ਖੰਡਤ ਮੂਰਤ ਦੇ ਟੁਕੜੇ ਹੋਣ। ਬਿਲਕੁਲ ਉਸੇ ਰੂਪ ਵਿੱਚ ਜਿਵੇਂ ਇਸਦੇ ਪਾਣੀ ਦੇ ਸਿਰ 'ਤੇ ਰੋਜ਼ੀਰੋਟੀ ਕਮਾਉਣ ਵਾਲ਼ੇ ਫ਼ਿਰੋਜ਼ ਜਿਹੇ ਗੋਤਾਖੋਰ ਨਦੀ ਵਿੱਚੋਂ ਧਾਤਾਂ ਦੇ ਟੁਕੜੇ ਇਕੱਠੇ ਕਰਨ ਦਾ ਖ਼ਤਰਨਾਕ ਕੰਮ ਕਰਦੇ ਹੋਏ ਇਨ੍ਹਾਂ ਟੁਕੜਿਆਂ ਦਾ ਦਿੱਤਾ ਹੀ ਖਾਂਦੇ ਹਨ।
ਦਰਿਆ ਚੁੱਪ-ਚੁਪੀਤੇ ਹਰ ਦੁੱਖ ਸਹਿ ਰਿਹਾ ਹੈ ਤੇ ਉਹ ਲੋਕ ਵੀ ਜੋ ਇਸ ਦੇ ਪਾਣੀ 'ਤੇ ਨਿਰਭਰ ਹਨ। ਗੋਤਾਖੋਰਾਂ ਨੂੰ ਡੁੱਬ ਰਹੇ ਅਜਨਬੀਆਂ ਨੂੰ ਬਚਾਉਣ ਲਈ ਅਤੇ ਮਰੇ ਹੋਇਆਂ ਦੀਆਂ ਦੇਹਾਂ ਬਾਹਰ ਕੱਢਣ ਲਈ ਰਸਾਇਣਾਂ-ਮਾਰੇ ਪਾਣੀ ਵਿੱਚ ਛਾਲ਼ ਮਾਰਨੀ ਪੈਂਦੀ ਹੈ। ਅਭਿਨੰਦਨ ਵਰਗੇ ਕਿਸ਼ਤੀ-ਚਾਲਕ ਹਰ ਰੋਜ਼ ਇਨ੍ਹਾਂ ਪਰਸਪਰ-ਵਿਰੋਧਤਾਈਆਂ ਦੇ ਗਵਾਹ ਬਣਦੇ ਹਨ, ਜਿਵੇਂ ਉਹ ਸ਼ਰਧਾਲੂ ਜੋ ਦਰਿਆ ਨੂੰ ਪੂਜਦੇ ਵੀ ਹਨ ਤੇ ਮਗਰ ਕੂੜਾ ਵੀ ਛੱਡ ਜਾਂਦੇ ਹਨ। ਇਹ ਗੋਤਾਖੋਰ ਤੇ ਕਿਸ਼ਤੀ-ਚਾਲਕ ਹੀ ਯਮੁਨਾ ਦੇ ਅਸਲ ਬਾਸ਼ਿੰਦੇ ਹਨ, ਜੋ ਨਦੀ ਦੇ ਕੰਢਿਆਂ ਦੀ ਤਬਾਹੀ ਅਤੇ ਵਹਿੰਦੇ ਪਾਣੀ ਦੀ ਸਹਿਣਸ਼ੀਲਤਾ ਦੋਹਾਂ ਦੀ ਨਾ ਸਿਰਫ਼ ਗਵਾਹੀ ਭਰਦੇ ਹਨ, ਬਲਕਿ ਲੰਬੇ ਸਮੇਂ ਤੋਂ ਦਰਿਆ ਨਾਲ਼ ਹੁੰਦੀ ਬਦਸਲੂਕੀ ਤੋਂ ਉਸ ਦੀ ਰਾਖੀ ਵੀ ਕਰਦੇ ਹਨ।
ਤਰਜਮਾ: ਕਮਲਜੀਤ ਕੌਰ