ਮੋਨਾ ਦੀਆਂ ਅੱਖਾਂ ਬੰਦ ਹਨ। ਇੱਕ ਹੱਥ ਵਿੱਚ ਉਹਨੇ ਗਰਮਾ-ਗਰਮ ਸੀਖ ਫੜ੍ਹੀ ਹੋਈ ਹੈ ਤੇ ਦੂਜੇ ਹੱਥ ਵਿੱਚ ਖੋਖਲਾ ਬਾਂਸ। ਧੂੰਏਂ ਨਾਲ਼ ਪੂਰਾ ਕਮਰਾ ਭਰਿਆ ਹੋਇਆ ਹੈ। ਹਾਲੇ ਵੀ ਉਹਦੀਆਂ ਅੱਖਾਂ ਬੰਦ ਹੀ ਹਨ ਤੇ ਉਹ ਉਹ ਗਰਮ ਸੀਖ ਨਾਲ਼ ਬਾਂਸ ਵਿੱਚ ਇੱਕ-ਇੱਕ ਕਰਕੇ ਛੇਕ ਕੱਢੀ ਹੀ ਜਾ ਰਹੀ ਹੈ। ਇਓਂ ਉਹਨੇ ਕੁੱਲ ਛੇ ਛੇਕ ਕੱਢੇ।
ਅੱਖਾਂ ਖੋਲ੍ਹਦਿਆਂ ਉਹ ਆਖਦੀ ਹੈ,''ਬਾਸੁਰੀ ਬਣਾਉਣ ਲਈ ਹੁਨਰ ਚਾਹੀਦਾ ਹੈ ਤੇ ਵੱਧ ਪੀਸ ਬਣਾਉਣ ਲਈ ਸਪੀਡ ਵੀ ਜ਼ਰੂਰੀ ਹੈ।'' ਰਤਾ ਕੁ ਰੁੱਕ ਕੇ ਉਹ ਹੱਸਦੀ ਹੈ ਤੇ ਕਹਿੰਦੀ ਹੈ,''ਬੰਦੇ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਇਹ ਔਖ਼ਾ ਕੰਮ ਹੈ!''
ਮੋਨਾ (ਉਹ ਆਪਣਾ ਇਹੀ ਨਾਮ ਇਸਤੇਮਾਲ ਕਰਨਾ ਪਸੰਦ ਕਰਦੀ ਹੈ।) ਤੀਜੀ ਪੀੜ੍ਹੀ ਦੀ ਬਾਂਸੁਰੀ-ਮੇਕਰ ਹਨ। ''ਬਾਂਸੁਰੀ ਬਹੁਤ ਹੀ ਸਧਾਰਣ ਪਰ ਗੁੰਝਲਦਾਰ ਸਾਜ ਹੈ,'' 35 ਸਾਲਾ ਇਸ ਕਲਾਕਾਰ ਦਾ ਕਹਿਣਾ ਹੈ। ''ਬਿਨਾਂ ਛੇਕਾਂ ਦੇ ਇਹ ਸਿਰਫ਼ ਬਾਂਸ ਦੀ ਨਲ਼ੀ ਤੋਂ ਵੱਧ ਕੁਝ ਨਹੀਂ, ਹਾਂ ਜੇਕਰ ਛੇਕ ਢੰਗ ਨਾਲ਼ ਕੱਢੇ ਗਏ ਹੋਣ ਤਾਂ ਇਹ ਸੁਰੀਲਾ ਸਾਜ ਹੈ ਜੋ ਕਾਨ੍ਹਾ ਜੀ ਦੀ ਪਛਾਣ ਹੈ।''
ਉਹ ਬਗ਼ੈਰ ਪਲੱਸਤਰ ਦੇ ਕਮਰੇ ਦੇ ਐਨ ਵਿਚਕਾਰ ਕਰਕੇ ਬੈਠੀ ਹੈ। ਉਸ ਦੇ ਸਾਹਮਣੇ ਮਿੱਟੀ ਦੇ ਚੁੱਲ੍ਹੇ ਵਿੱਚ ਕੋਲ਼ੇ ਮਘ ਰਹੇ ਹਨ। ਰੌਸ਼ਨਦਾਰ ਹੀ ਇਸ ਕਮਰੇ ਅੰਦਰ ਰੌਸ਼ਨੀ ਆਉਣ ਦਾ ਇੱਕੋ-ਇੱਕ ਰਾਹ ਹੈ। ਕਮਰੇ ਤੋਂ ਬਾਹਰ ਅਸਮਾਨ ਵਿੱਚ ਪਤੰਗਾਂ ਉੱਡ ਰਹੀ ਹਨ।













