ਗੋਆ ਨੇ ਮੇਰੀ ਗੁੱਟ ‘ਤੇ ਘੜੀ ਨਾ ਬੰਨ੍ਹਣ ਦੀ ਆਦਤ ਨੂੰ ਸਹੀ ਸਾਬਿਤ ਕਰ ਦਿੱਤਾ। ਕਿਉਂਕਿ ਜ਼ਰੂਰੀ ਨਹੀਂ ਕਿ ਹਰ ਚੀਜ਼ ਸਮੇਂ ਸਿਰ ਹੀ ਸ਼ੁਰੂ ਹੋਵੇ। ਬੱਸਾਂ ਕਿਸੇ ਸਮਾਂ ਸਾਰਣੀ ਅਨੁਸਾਰ ਨਹੀਂ ਚੱਲਦੀਆਂ ਅਤੇ ਤੁਹਾਨੂੰ ਕੋਈ ਬਹੁਤਾ ਫ਼ਰਕ ਵੀ ਨਹੀਂ ਪੈਂਦਾ। ਇਸੇ ਲਈ ਪੰਜਿਮ ਤੋਂ ਪੋਂਡਾ ਤੱਕ ਖਚਾ-ਖਚ ਭਰੀ ਸਰਕਾਰੀ ਬੱਸ ਵਿੱਚ ਡੇਢ ਘੰਟੇ ਦਾ ਸਫ਼ਰ ਮੈਂ ਬੱਸ ਦੇ ਇੱਕ ਡੰਡੇ ਨੂੰ ਹੱਥ ਪਾਈ ਊਂਘਦੇ-ਊਂਘਦੇ ਕੱਢਿਆ। ਸਰੀਰ ਦੀ ਬਾਕੀ ਬਚੀ ਊਰਜਾ ਫਿਰ ਪੋਂਡਾ ਵਿੱਚ ਚਮਕ ਦਮਕ ਵਾਲ਼ੇ ਸ਼ਿਗਮੋ ਤਿਉਹਾਰ ਦੇਖਦਿਆਂ ਖਪਾਈ- ਜੋ ਕਿ ਆਪਣੇ ਮਿੱਥੇ ਸਮੇਂ ਤੋਂ ਕਾਫ਼ੀ ਦੇਰੀ ਨਾਲ਼ ਸ਼ੁਰੂ ਹੋਇਆ ਸੀ।
ਸ਼ਿਗਮੋਤਸਵ ਇੱਥੇ 450 ਸਾਲ ਤੱਕ ਚਲੇ ਪੁਰਤਗਾਲੀ ਰਾਜ ਦੀ ਸੱਭਿਆਚਾਰਕ ਛਾਪ- ਕਾਰਨੀਵਲ ਦਾ ਹੀ ਇੱਕ ਹਿੰਦੂ ਰੂਪ ਹੈ। ਇਸ ਰਿਵਾਇਤੀ ਲੋਕ ਤਿਉਹਾਰ ਨੂੰ ‘ਹਿੰਦੂ ਕਾਰਨੀਵਲ’ ਕਹਿ ਕੇ ਵੀ ਸੱਦਿਆ ਜਾਂਦਾ ਹੈ ਅਤੇ ਦੋ ਹਫ਼ਤੇ ਚੱਲਣ ਵਾਲ਼ਾ ਇਹ ਤਿਓਹਾਰ ਉੱਤਰ ਭਾਰਤ ਵਿੱਚ ਮਨਾਏ ਜਾਂਦੇ ਹੋਲੀ ਦੇ ਤਿਉਹਾਰ ਦੇ ਨੇੜੇ-ਤੇੜੇ ਹੀ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਮਹੱਤਤਾ ਇਹ ਹੈ ਕਿ ਇਹ ਸਰਦ ਰੁੱਤ ਦੀ ਫ਼ਸਲ ਦੀ ਵਾਢੀ ਅਤੇ ਬਸੰਤ ਦੇ ਆਗਮਨ ਦੀ ਖੁਸ਼ੀ ਦਾ ਪ੍ਰਤੀਕ ਹੈ। ਭਾਵੇਂ ਕਿ ਸ਼ਿਗਮੋ ਮੁੱਖ ਤੌਰ ‘ਤੇ ਇੱਕ ਪੇਂਡੂ ਤਿਉਹਾਰ ਹੈ ਪਰ ਪਿਛਲੇ 30 ਸਾਲਾਂ ਵਿੱਚ ਸੂਬਾ ਸਰਕਾਰ ਵੱਲੋਂ ਆਯੋਜਿਤ ਝਾਕੀਆਂ ਅਤੇ ਮੁਕਾਬਲਿਆਂ ਨੇ ਪੰਜਿਮ ਅਤੇ ਵਾਸਕੋ ਵਰਗੇ ਸ਼ਹਿਰਾਂ ਵਿੱਚ ਵੱਡੀ ਗਿਣਤੀ ਵਿੱਚ ਸੈਲਾਨੀਆਂ ਦਾ ਧਿਆਨ ਖਿੱਚਿਆ ਹੈ ਜਿੱਥੇ ਰਿਵਾਇਤੀ ਸੰਗੀਤ ਮੁਕਾਬਲੇ ਪ੍ਰਚਲਿਤ ਗੀਤਾਂ ਦਾ ਜ਼ਿਆਦਾ ਬੋਲਬਾਲਾ ਹੈ। ਪਰ ਫ਼ਿਰ ਵੀ ਇਸ ਨੂੰ ਕਾਰਨੀਵਲ ਜਿੰਨਾ ਹੁੰਗਾਰਾ ਨਹੀਂ ਮਿਲ਼ਿਆ। ਸਥਾਨਕ ਲੋਕਾਂ ਅਨੁਸਾਰ ਕਾਰਨੀਵਲ ਆਪਣੀ ਪੱਛਮੀ ਛਾਪ ਕਾਰਨ ਗੋਆ ਵਿੱਚ ਘੁੰਮਣ ਆਉਂਦੇ ਵਿਦੇਸ਼ੀ ਸੈਲਾਨੀਆਂ ਵਿੱਚ ਜ਼ਿਆਦਾ ਪ੍ਰਚਾਰਿਆ ਜਾਂਦਾ ਹੈ। ਪਰ ਉਹਨਾਂ ਨੂੰ ਇਸ ਗੱਲ ਦਾ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ: ਉਹਨਾਂ ਲਈ ਸ਼ਿਗਮੋ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਖ਼ਾਸ ਉਤਸਵ ਦਾ ਬੇਹੱਦ ਨਿੱਜੀ ਜਸ਼ਨ ਹੈ ਜੋ ਸਾਲ ਵਿੱਚ ਸਿਰਫ਼ ਇੱਕ ਵਾਰ ਆਉਂਦਾ ਹੈ। ਇਹ ਉਹਨਾਂ ਦੀ ਜ਼ਿੰਦਗੀ ਦਾ ਸੱਭਿਆਚਾਰਕ ਸੰਦਰਭ ਹੈ। ਅਤੇ ਸ਼ਾਇਦ ਇਹ ਭਲੇ ਦਾ ਹੀ ਸੰਕੇਤ ਹੈ। ਕਾਰਨੀਵਲ ਦੀ ਤੁਲਨਾ ਵਿੱਚ ਸ਼ਿਗਮੋ ਦੀਆਂ ਪਰੇਡਾਂ ਅਤੇ ਝਾਕੀਆਂ ਤੋਂ ਇਲਾਵਾ ਇਸ ਦਾ ਹਿੱਸਾ ਬਣਦੇ ਪੁਸ਼ਾਕਾਂ, ਖੇਤੀ ਸੰਦ, ਸੰਗੀਤਕ ਸਾਜ਼ ਅਤੇ ਨਾਚ ਜ਼ਿਆਦਾਤਰ ਦੇਸੀ ਹੀ ਹਨ, ਕਿਸੇ ਵੀ ਵਪਾਰਿਕ ਸਹਾਇਤਾ ਤੋਂ ਅਛੂਤੇ। ਇਸੇ ਕਾਰਨ ਇਸ ਉਤਸਵ ਨੇ ਆਪਣੀ ਪੇਂਡੂ ਜੜ੍ਹਾਂ ਨਾਲ਼ ਜੁੜੀ ਹੋਈ, ਕਿਸੇ ਵੀ ਬਾਹਰੀ ਦਖਲ ਤੋਂ ਪਰ੍ਹੇ ਇੱਕ ਬੇਲਗਾਮ ਜਸ਼ਨ ਦੀ ਪਹਿਚਾਣ ਬਣਾਈ ਰੱਖੀ ਹੈ। ਅਤੇ ਕਾਰਨੀਵਲ ਦੇ ਉਲਟ ਜਿੱਥੇ ਔਰਤਾਂ ਬੀਅਰ ਕੰਪਨੀਆਂ, ਫ਼ਾਸਟ ਫ਼ੂਡ ਅਤੇ ਪੌਪ ਨਾਚ ਦਾ ਚਿਹਰਾ ਹੁੰਦੀਆਂ ਹਨ, ਸ਼ਿਗਮੋ ਵਿੱਚ ਸਿਰਫ਼ ਮਰਦ ਹਿੱਸਾ ਲੈਂਦੇ ਹਨ।











