ਇਹ ਲੇਖ ਪਾਰਥ ਐੱਮ. ਐੱਨ. ਦੇ ਲੇਖਾਂ ਦੀ ਲੜੀ ਦਾ ਹਿੱਸਾ ਹੈ ਜਿਸ ਨੂੰ ਪੁਲਿਟਜ਼ਰ ਕੇਂਦਰ ਦੀ ਸਹਾਇਤਾ ਪ੍ਰਾਪਤ ਹੈ।
ਆਪਣੇ ਭਰਾ ਦੇ ਭੇਜੇ ਹੋਏ ਇੱਕ ਯੂਟਿਊਬ ਚੈਨਲ ਦੇ ਲਿੰਕ ਨੇ ਅਮੋਲ ਖੰਡੇਕਰ ਨੂੰ ਉਹਨਾਂ ਦੀ ਇੱਕ ਮਹੀਨੇ ਦੀ ਤਨਖਾਹ ਤੋਂ ਵੀ ਦੁੱਗਣੀ ਰਕਮ ਦਾ ਚੂਨਾ ਲਾ ਦਿੱਤਾ। ਤੇ ਇਹ ਤਾਂ ਫਿਸ਼ਿੰਗ ਦਾ ਮਾਮਲਾ ਵੀ ਨਹੀਂ ਸੀ।
ਇਸ 35-ਸਾਲਾ ਮਜ਼ਦੂਰ, ਜਿਸ ਦੀ ਆਈ ਚਲਾਈ ਹੀ ਬੜੀ ਮੁਸ਼ਕਿਲ ਨਾਲ਼ ਹੁੰਦੀ ਹੈ, ਨੇ ਇਹ ਲਿੰਕ ਦੇਖਿਆ ਤੇ ਸਵੇਰੇ ਜਲਦੀ ਹੀ ਬੱਸ ਫੜ੍ਹ ਕੇ ਤੁਰ ਪਿਆ। ਉਹਨਾਂ ਦੇ ਨਾਲ਼ ਉਹਨਾਂ ਦਾ 11 ਸਾਲ ਦਾ ਬੇਟਾ ਸੀ ਜਿਸ ਦੇ ਸਿਰ ਵਿੱਚ ਡਾਕਟਰ ਨੇ ਰਸੌਲੀ ਦੱਸੀ ਸੀ ਅਤੇ ਬਿਮਾਰ ਮਾਂ ਸੀ ਜੋ ਜੋੜਾਂ ਦੇ ਦਰਦ ਨਾਲ਼ ਜੂਝ ਰਹੀ ਹੈ। ਖਟਾਰਾ ਸਰਕਾਰੀ ਬੱਸ ਵਿੱਚ ਨੌਂ ਘੰਟਿਆਂ ਦੇ ਸਫ਼ਰ ਨੇ ਮਾਂ ਦੇ ਗੋਡਿਆਂ ਨੂੰ ਹੋਰ ਜਕੜ ਦਿੱਤਾ ਸੀ ਪਰ ਇਸ ਤਕਲੀਫ਼ ਦਾ ਮੁੱਲ ਪੈਣ ਹੀ ਵਾਲ਼ਾ ਸੀ। ਅਮੋਲ ਜੀ ਦੇ ਭਰਾ ਨੇ ਉਹਨਾਂ ਨੂੰ ਭਰੋਸਾ ਦਵਾਇਆ ਸੀ ਕਿ ਉਹਨਾਂ ਦੀਆਂ ਸਾਰੀਆਂ ਸਿਹਤ ਸਮੱਸਿਆਵਾਂ ਦਾ ਹੱਲ ਉਸ ਯੂਟਿਊਬ ਚੈਨਲ ਦੀ ਵੀਡਿਓ ਵਿੱਚ ਹਨ।
ਇਸ ਚੈਨਲ ਵਿੱਚ ਮੱਥੇ ‘ਤੇ ਸਫ਼ੇਦ ਤਿਲਕ ਲਗਾਏ ਦਾੜ੍ਹੀ ਵਾਲ਼ੇ ਇੱਕ ‘ਬਾਬੇ’ ਦੀਆਂ ਕਈ ਵੀਡਿਓ ਸਨ ਜੋ ਕਿ ਹਜ਼ਾਰਾਂ ਮੰਤਰਮੁਗਧ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਚਾਹੇ ਪਰਿਵਾਰਿਕ ਸਮੱਸਿਆ ਹੋਵੇ ਜਾਂ ਸ਼ਰਾਬ ਦੀ ਲਤ ਦੀ, ਕੰਮਕਾਜ ਵਿੱਚ ਵਿਘਨ ਹੋਵੇ ਜਾਂ ਨਾਮੁਰਾਦ ਕੈਂਸਰ, ਦਿਮਾਗੀ ਸਮੱਸਿਆ ਤੋਂ ਲੈ ਕੇ ਪਿਆਰ ਵਿੱਚ ਸਮੱਸਿਆ, ਕੁਝ ਵੀ ਹੋਵੇ ਰਾਜੇਂਦਰ ਗੜਗੇ ‘ਮਹਾਰਾਜ’ ਕੋਲ਼ ਹਰ ਮਰਜ਼ ਦੀ ਦਵਾ ਸੀ।
ਉਹਨਾਂ ਦੇ ਚੈਨਲ ਅਨੁਸਾਰ, ਗੜਗੇ ਨੇ 12 ਸਾਲਾਂ ਦਾ ਦੱਤਾ, ਇੱਕ ਮਿਥਿਹਾਸਿਕ ਫ਼ਕੀਰ ਜਿਨ੍ਹਾਂ ਨੂੰ ਭਗਵਾਨ ਵਿਸ਼ਣੂ ਦੇ ਅਵਤਾਰ ਹੋਣ ਦਾ ਸਤਿਕਾਰ ਪ੍ਰਾਪਤ ਹੈ, ਦਾ ਰੂਹਾਨੀਅਤ ਇਲਮ ਪ੍ਰਾਪਤ ਕੀਤਾ ਸੀ। “ਉਹਨਾਂ ਦੇ ਅਧਿਆਤਮ ਪ੍ਰਤੀ ਸਮਰਪਣ ਦੇ ਨਤੀਜੇ ਵਜੋਂ ਦੱਤਾਗੁਰੂ ਨੇ ਗੜਗੇ ਮਹਾਰਾਜ ਨੂੰ ਆਸ਼ੀਰਵਾਦ ਦਿੱਤਾ,” ਉਹਨਾਂ ਬਾਰੇ ਇਸ ਚੈਨਲ ‘ਤੇ ਲਿਖਿਆ ਹੋਇਆ ਹੈ। ਉਦੋਂ ਤੋਂ ਲੈ ਕੇ ਹੀ, “ਉਹ ਦਵਾ ਅਤੇ ਦੁਆ ਨਾਲ਼ ਆਪਣੇ ਸ਼ਰਧਾਲੂਆਂ ਦੇ ਕਸ਼ਟ ਦਾ ਨਿਵਾਰਨ ਕਰ ਰਹੇ ਹਨ।”
ਉਹਨਾਂ ਦੇ ਯੂਟਿਊਬ ਚੈਨਲ, ਜਿਸ ਦਾ ਅਧਿਕਾਰਿਕ ਨਾਮ ਦੱਤਾਧਾਮ ਸਰਕਾਰ ਸੰਗਮਨੇਰ ਹੈ, ਦੇ 183,000 ਸਬਸਕ੍ਰਾਇਬਰ ਹਨ ਅਤੇ ਇੱਥੇ ਹਰ ਵੀਡਿਓ ‘ਤੇ ਆਏ ਉਤਸ਼ਾਹ ਭਰਪੂਰ ਕਮੈਂਟਾਂ ਨੂੰ ਦੇਖ ਕੇ ਅਮੋਲ ਜੀ ਨੇ ਵੀ ਸੋਚਿਆ: “ਉਹ ਕੁਝ ਤਾਂ ਸਹੀ ਕਰ ਰਹੇ ਹੋਣਗੇ।”










