ਕਾਂਸੀ ਰਾਮ ਗੁਰੂਗ੍ਰਾਮ ਦੇ ਬੰਜਾਰਾ ਬਜ਼ਾਰ ਵਿੱਚ ਆਪਣੀ ਦੁਕਾਨ ਸਾਹਮਣੇ ਖਲੋਤੇ ਹਨ। ਉਹਨਾਂ ਦੇ ਪਿੱਛੇ ਬਾਂਸ ਅਤੇ ਤਰਪਾਲ ਦੇ ਬਣੇ ਸ਼ੈੱਡ ਵਿੱਚ ਛੋਟੀ ਜਿਹੀ ਥਾਂ ਵਿੱਚ ਵਿਕਰੀ ਲਈ ਲੱਕੜ ਦੇ ਫ਼ਰਨੀਚਰ ਦੀ ਵੰਨਗੀ ਜਚਾਈ ਹੋਈ ਹੈ। ਉਹਨਾਂ ਦੀ ਪਤਨੀ ਆਸ਼ਾ, ਵੀ ਨੇੜੇ ਹੀ ਬੈਠੀ ਹੈ। ਉਹ ਇੱਕ ਕੱਪੜਾ ਗਿੱਲਾ ਕਰ ਕੇ ਆਪਣੇ ਸਿਰ ‘ਤੇ ਰੱਖ ਰਹੀ ਹੈ। ਹਾਲੇ ਦਿਨ ਦੀ ਸ਼ੁਰੂਆਤ ਹੀ ਹੈ ਅਤੇ ਦਿੱਲੀ ਦੀਆਂ ਗਰਮੀਆਂ ਦੀ ਸਵੇਰ ਵੀ ਬੜੀ ਬੇਰਹਿਮ ਹੁੰਦੀ ਹੈ, ਪਰ ਉਹਨਾਂ ਅਨੁਸਾਰ ਇਹ ਗਿੱਲਾ ਕੱਪੜਾ ਉਹਨਾਂ ਨੂੰ ਗਰਮੀ ਤੋਂ ਰਾਹਤ ਦੇਵੇਗਾ।
ਕਾਂਡੀ ਰਾਮ ਅਤੇ ਆਸ਼ਾ ਜੀ ਗਰਮੀ ਦੀ ਤਪਿਸ਼ ਤੋਂ ਅਣਜਾਣ ਨਹੀਂ ਹਨ। ਰਿਵਾਇਤੀ ਲੋਹਾਰਾਂ ਦੇ ਇਸ ਗਾਡੀਆ ਲੋਹਾਰ ਭਾਈਚਾਰੇ ਲਈ ਅੱਗ ਹਮੇਸ਼ਾ ਇੱਕ ਸਾਥੀ ਵਾਂਗ ਹੀ ਰਹੀ ਹੈ। “ਐਸੀ ਗਰਮੀ ਮੇਂ ਗਰਮ ਗਰਮ ਲੋਹੇ ਕੋ ਪੀਟਤੇ ਥੇ…ਆਂਚ ਕੇ ਸਾਮਨੇ ਬਹੁਤ ਮਿਹਨਤ ਕੀ ਹੈ [ਇਹੋ ਜਿਹੀ ਗਰਮੀ ਵਿੱਚ ਅਸੀਂ ਗਰਮ ਲੋਹੇ ਨੂੰ ਕੁੱਟਦੇ ਸੀ…ਤਪਦੀ ਅੱਗ ਦੇ ਸਾਹਮਣੇ ਅਸੀਂ ਸਖਤ ਮਿਹਨਤ ਕੀਤੀ ਹੈ]।”
ਗਾਡੀਆ ਲੋਹਾਰਾਂ ਦਾ ਮੂਲ ਰਾਜਸਥਾਨ ਦਾ ਹੈ ਜਿੱਥੇ ਉਹ ਅਤਿ ਪਿੱਛੜੇ ਵਰਗ ਵਜੋਂ ਸੂਚੀਬੱਧ ਹਨ (ਐਮ. ਬੀ. ਸੀ.)। ਦਿੱਲੀ ਦੇ ਆਸ-ਪਾਸ ਅਤੇ ਹੋਰ ਅਜਿਹੀਆਂ ਥਾਵਾਂ ‘ਤੇ ਜਿੱਥੇ ਉਹ ਕਾਫ਼ੀ ਗਿਣਤੀ ਵਿੱਚ ਮੌਜੂਦ ਹਨ, ਉੱਥੇ ਉਹਨਾਂ ਨੂੰ ਹੋਰ ਪਿੱਛੜੇ ਵਰਗ (ਓ. ਬੀ. ਸੀ.) ਦਾ ਦਰਜਾ ਦਿੱਤਾ ਗਿਆ ਹੈ। ਇਹ ਲੋਕ ਖ਼ਾਨਾਬਦੋਸ਼ ਅਤੇ ਅਰਧ-ਖ਼ਾਨਾਬਦੋਸ਼ ਭਾਈਚਾਰਿਆਂ ਦੇ 98 ਫ਼ੀਸਦੀ ਦਾ ਹਿੱਸਾ ਹਨ, ਜਿਨ੍ਹਾਂ ਕੋਲ਼ ਜ਼ਮੀਨ ਦੀ ਮਲਕੀਅਤ ਨਹੀਂ ਹੈ। ਭਾਰਤ ਵਿੱਚ ਸਰਕਾਰੀ ਜ਼ਮੀਨ ‘ਤੇ ਖ਼ਾਨਾਬਦੋਸ਼ ਭਾਈਚਾਰਿਆਂ ਦਾ ਮਹਿਜ਼ 11 ਫ਼ੀਸਦ ਹਿੱਸਾ ਰਹਿੰਦਾ ਹੈ। ਬਹੁਤੇ ਗਾਡੀਆ ਲੋਹਾਰ ਆਪਣੀ ਬਲਦ ਗੱਡੀ (ਗਾਡੀ ) ਵਿੱਚ ਹੀ ਰਹਿੰਦੇ ਹਨ ਅਤੇ ਸਫ਼ਰ ਕਰਦੇ ਹਨ ਜੋ ਇੱਕ ਤਰ੍ਹਾਂ ਉਹਨਾਂ ਲਈ ਤੁਰਿਆ ਫ਼ਿਰਦਾ ਘਰ ਅਤੇ ਕੰਮ ਕਰਨ ਦੀ ਥਾਂ ਵੀ ਹੈ।
ਕਾਂਸੀ ਰਾਮ ਜੀ ਨੇ ਹੱਥ ਨਾਲ਼ ਬਣੇ ਲੋਹੇ ਦੇ ਸੰਦ, ਭਾਂਡੇ ਅਤੇ ਹੋਰ ਸਮਾਨ ਲਈ ਹੋਕਾ ਦਿੰਦਿਆਂ ਤਪਦੀ ਗਰਮੀ ਅਤੇ ਠਾਰਦੀ ਹੋਈ ਠੰਡ ਵਿੱਚ ਕਈ ਸਾਲ ਸੜਕ ‘ਤੇ ਗੁਜ਼ਾਰੇ ਹਨ।
ਪਰ ਰਾਜਧਾਨੀ ਦਿੱਲੀ ਦੇ ਵਿੱਚ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਦੋ ਦਹਾਕਿਆਂ ਦੌਰਾਨ ਵਧੀ ਹੋਈ ਗਰਮੀ ਕਰਨ ਹੁਣ ਉਹਨਾਂ ਲਈ ਇੰਜ ਤੁਰਨਾ-ਫ਼ਿਰਨਾ ਮੁਸ਼ਕਿਲ ਹੋ ਗਿਆ ਹੈ। “ਏਨੀ ਗਰਮੀ ਵਿੱਚ ਘਰ-ਘਰ ਜਾਣ ਦਾ ਕੋਈ ਤੁਕ ਨਹੀਂ ਹੈ। ਇਸੇ ਕਰ ਕੇ ਅਸੀਂ ਉਹ ਕੰਮ ਛੱਡ ਕੇ ਹੁਣ ਇਹ ਸ਼ੁਰੂ ਕਰ ਲਿਆ ਹੈ,” ਉਹ ਪਾਰੀ ਨੂੰ ਦੱਸਦੇ ਹਨ।












