“ਹਮਾਰੇ ਚੂਲੇ ਤੋ ਇਨ ਲਾਸ਼ੋਂ ਸੇ ਜਲਤੇ ਹੈਂ,” ਵਾਰਾਣਸੀ ਦੇ ਰਾਜਾ ਹਰੀਸ਼ਚੰਦਰ ਸਮਸ਼ਾਨ ਘਾਟ ਵਿੱਚ ਦਿਨ ਦੀ ਦੂਜੀ ਚਿਖਾ ਤਿਆਰ ਕਰਦਿਆਂ ਵਿਜੈ ਕਹਿੰਦੇ ਹਨ। ਉੱਠਦਾ ਧੂੰਆਂ ਅਤੇ ਸੁਆਹ ਅੱਖਾਂ ਅਤੇ ਨੱਕ ਨੂੰ ਸਾੜ ਪਾਉਂਦੀ ਹੈ, ਹੱਥ ਦਾ ਪੱਖਾ ਜਿਹਾ ਬਣਾ ਕੇ ਲਗਾਤਾਰ ਹਵਾ ਨੂੰ ਚੀਰ-ਚੀਰ ਕੇ ਉਹ ਆਪਣੇ ਲਈ ਰਸਤਾ ਬਣਾਉਂਦੇ ਤੁਰਦੇ ਜਾਂਦੇ ਹਨ।
35 ਸਾਲਾ ਵਿਜੈ ਚੌਧਰੀ ਪਿਛੜੀ ਜਾਤੀ ਵਜੋਂ ਸੂਚੀਬੱਧ ਬਨਾਰਸ ਦੇ ਡੋਮ ਸਮੁਦਾਏ ਤੋਂ ਹਨ। ਉਨ੍ਹਾਂ ਦਾ ਪਰਿਵਾਰ ਚਾਰ ਪੀੜ੍ਹੀਆਂ ਤੋਂ ਇਸੇ ਕੰਮ ਵਿੱਚ ਲੱਗਿਆ ਹੈ। ਉਹ ਦੇਸ਼ ਭਰ ਤੋਂ ਅੰਤਮ ਕਿਰਿਆ ਲਈ ਸ਼ਹਿਰ ਲਿਆਂਦੀਆਂ ਜਾਣ ਵਾਲ਼ੀਆਂ ਮ੍ਰਿਤਕ ਦੇਹਾਂ ਦੀਆਂ ਚਿਖਾਵਾਂ ਚਿਣਨ ਅਤੇ ਉਨ੍ਹਾਂ ਦਾ ਦਾਹ ਸਸਕਾਰ ਕਰਨ ਦਾ ਕੰਮ ਕਰਦੇ ਹਨ।
ਵਿਜੈ ਵਾਂਗ ਹੀ ਇੱਥੇ ਕਈ ਲੋਕਾਂ ਦੇ ਘਰਾਂ ਵਿੱਚ ਰਸੋਈ ਗੈਸ (ਐੱਲਪੀਜੀ) ਕੁਨੈਕਸ਼ਨ ਤਾਂ ਹੈ, ਪਰ ਪਿਛਲੇ 25 ਦਿਨਾਂ ਤੋਂ ਉਨ੍ਹਾਂ ਨੂੰ ਗੈਸ ਨਹੀਂ ਮਿਲ਼ੀ। “ਮੈਂ ਸਿਲੰਡਰ ਬੁੱਕ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦਾ ਫ਼ੋਨ ਸਿਰਫ਼ ਵੱਜਦਾ ਹੀ ਰਹਿੰਦਾ ਹੈ। 1,000 ਰੁਪਏ ਵਾਲ਼ੇ ਸਿਲੰਡਰ [14.2 ਕਿਲੋ] ਲਈ 2,000 ਰੁਪਏ ਭਰਨਾ ਸਾਡੇ ਵੱਸੋਂ ਬਾਹਰ ਦੀ ਗੱਲ ਹੈ। ਇਸ ਲਈ ਸਾਨੂੰ ਚਿਖਾ ਵਿੱਚੋਂ ਅੱਧ-ਸੜੀਆਂ ਲੱਕੜਾਂ ਕੱਢ ਕੇ ਆਪਣੇ ਚੁੱਲ੍ਹਿਆਂ ਵਿੱਚ ਡਾਹੁਣ ਤੇ ਖਾਣਾ ਬਣਾਉਣ ਨੂੰ ਮਜ਼ਬੂਰ ਹੋਣਾ ਪਿਆ ਹੈ। ਅਸੀਂ ਰੋਜ਼ ਥੋੜ੍ਹੀਆਂ ਕੁ ਲੱਕੜਾਂ ਘਰ ਲੈ ਆਉਂਦੇ ਹਾਂ,” ਵਿਜੈ ਨੇ ਪਾਰੀ ਨੂੰ ਦੱਸਿਆ।















