“ਕੋਈ ਉਸ ਨੂੰ ਹੱਥ ਨਹੀਂ ਲਗਾ ਰਿਹਾ ਸੀ; ਸਭ ਦੂਰੀ ਬਣਾ ਰਹੇ ਸਨ। ਜਬ ਡਾਕਟਰ ਸਾਹਬ ਆਇਆ ਤੋ ਵੋ ਬੀ ਹਾਥ ਮੇਂ ਪਹਿਨ ਕੇ, ਮੂੰਹ ਕੋ ਢਕ ਕੇ ਚੈੱਕ ਕਰ ਰਹਾ ਹੈ [ਜਦੋਂ ਡਾਕਟਰ ਆਇਆ ਤਾਂ ਉਹ ਵੀ ਦਸਤਾਨੇ ਪਾ ਕੇ ਅਤੇ ਮਾਸਕ ਲਗਾ ਕੇ ਚੈੱਕ ਕਰ ਰਿਹਾ ਸੀ]।”
ਸੁਨੀਤਾ ਲਗੁਰੀ ਹਸਪਤਾਲਾਂ ਤੋਂ ਅਨਜਾਣ ਨਹੀਂ ਹਨ- ਉਹਨਾਂ ਨੂੰ ਯਾਦ ਵੀ ਨਹੀਂ ਕਿ ਉਹ ਆਪਣੀ ਬੇਟੀ ਨੂੰ ਕਿੰਨੀ ਵਾਰ ਹਸਪਤਾਲ ਲੈ ਕੇ ਆ ਚੁੱਕੇ ਹਨ।
ਉਹਨਾਂ ਦੀ ਸੱਤ ਸਾਲ ਦੀ ਬੇਟੀ ਰੀਆ ਜਦ ਮਹਿਜ ਪੰਜ ਮਹੀਨਿਆਂ ਦੀ ਸੀ ਤਾਂ ਪਤਾ ਲੱਗਿਆ ਕਿ ਉਹ ਥੈਲੇਸੀਮਿਆ ਦੀ ਮਰੀਜ਼ ਹੈ। ਥੈਲੇਸੀਮਿਆ ਇੱਕ ਜੈਨੇਟਿਕ ਖੂਨ ਦੀ ਬਿਮਾਰੀ ਹੈ, ਅਤੇ ਰੀਆ ਨੂੰ ਜਿਸ ਕਿਸਮ ਦੀ ਬਿਮਾਰੀ ਹੈ ਉਸ ਵਿੱਚ ਜ਼ਿੰਦਗੀ ਭਰ ਨਿਯਮਿਤ ਰੂਪ ਵਿੱਚ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ। ਇਸ ਲਈ ਸੁਨੀਤਾ ਮਹੀਨੇ ਵਿੱਚ ਦੋ ਵਾਰ ਉਸ ਨੂੰ ਲੈ ਕੇ ਆਉਣ ਦੀ ਆਦੀ ਹੈ ਅਤੇ ਸਰਕਾਰੀ ਹਸਪਤਾਲ ਦੇ ਸਟਾਫ਼ ਨੂੰ ਭਲੀ-ਭਾਂਤ ਜਾਣਦੀ ਹੈ।
ਪਰ ਸਤੰਬਰ 2025 ਦੀ ਫੇਰੀ ਉਹ ਕਦੇ ਭੁਲਾ ਨਹੀਂ ਸਕਣਗੇ।
ਉਹ ਘਰੋਂ ਤਾਂ ਇਸੇ ਉਮੀਦ ਨਾਲ਼ ਨਿਕਲੇ ਸਨ ਕਿ ਸੂਬੇ ਦੀ ਸਵਾਮੀ ਵਿਵੇਕਾਨੰਦ ਨਿਸ਼ਕਤ ਸਵਾਵਲੰਬਨ ਪ੍ਰੋਤਸਾਹਨ ਯੋਜਨਾ ਤਹਿਤ ਮਹੀਨਾਵਾਰ 1000 ਰੁਪਏ ਦੀ ਮਾਲੀ ਸਹਾਇਤਾ ਲਈ ਅਰਜ਼ੀ ਦੇਣਗੇ। ਉਹਨਾਂ ਨੂੰ ਇਸ ਅਰਜ਼ੀ ਲਈ ਹੋਰ ਟੈਸਟ ਕਰਾਉਣ ਨੂੰ ਕਹਿ ਗਏ ਸਨ।
ਸੁਨੀਤਾ ਇੰਤਜ਼ਾਰ ਕਰਦੀ ਰਹੀ ਅਤੇ ਜਦ ਜਾਂਚ ਦੇ ਨਤੀਜੇ ਆਏ ਤਾਂ ਇੱਕ ਟੈਸਟ ਨੇ ਸਭ ਬਦਲ ਕੇ ਰੱਖ ਦਿੱਤਾ। ਉਹਨਾਂ ਦੀ ਬੇਟੀ ਐੱਚ. ਆਈ. ਵੀ. ਪੌਜੀਟਿਵ ਸੀ। ਉਸ ਨੂੰ ਮਨੁੱਖਾਂ ਦੀਆਂ ਬਿਮਾਰੀਆਂ ਨਾਲ਼ ਲੜਨ ਦੀ ਸ਼ਕਤੀ ਨੂੰ ਘਟਾਉਣ ਵਾਲ਼ੇ ਵਾਇਰਸ ਦੀ ਲਾਗ ਲੱਗ ਚੁੱਕੀ ਸੀ। ਜੇ ਇਲਾਜ ਨਾ ਕਰਾਇਆ ਗਿਆ ਤਾਂ ਐੱਚ. ਆਈ. ਵੀ. ਅੱਗੇ ਜਾ ਕੇ ਘਾਤਕ ਏਡਸ (ਅਕਵਾਇਰਡ ਇਮੀਯੂਨੋਡੈਫ਼ਿਸ਼ੈਂਸੀ ਸਿੰਡਰੋਮ) ਦਾ ਰੂਪ ਧਾਰਨ ਕਰ ਸਕਦਾ ਹੈ।
“ਅਸੀਂ ਤਾਂ ਕਦੇ ਇਸ ਦਾ ਨਾਮ ਵੀ ਨਹੀਂ ਸੁਣਿਆ ਸੀ। ਸਾਨੂੰ ਪਤਾ ਹੀ ਨਹੀਂ ਕਿ ਇਹ ਬਿਮਾਰੀ ਹੈ ਕੀ,” ਸੁਨੀਤਾ, ਕੁਝ ਹਫ਼ਤਿਆਂ ਬਾਅਦ ਸਦਮੇ ਵਿੱਚ ਆਪਣੇ ਇੱਕ ਕਮਰੇ ਦੇ ਕੱਚੇ ਘਰ ਦੇ ਬਾਹਰ ਰੀਆ ਨਾਲ਼ ਬੈਠੇ, ਦੱਸਦੇ ਹਨ। ਉਹਨਾਂ ਦੇ ਪਤੀ ਵਿਜੈ ਅਕਸਰ ਕੰਮ ਲਈ ਪਰਵਾਸ ਕਰਦੇ ਹਨ ਅਤੇ ਆਸ ਸੀ ਕਿ ਇਸ ਵਾਰ ਉਹ ਆਪਣਾ ਮਕਾਨ ਬਣਾਉਣ ਜੋਗਾ ਪੈਸਾ ਜੋੜ ਕੇ ਲਿਆਉਣਗੇ। ਇਹ ਪੰਜ ਜੀਆਂ ਦਾ ਪਰਿਵਾਰ ਹੋ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ ਜੋ ਕਿ ਝਾਰਖੰਡ ਵਿੱਚ ਅਨੁਸੂਚਿਤ ਜਨਜਾਤੀ ਵਜੋਂ ਸੂਚੀਬੱਧ ਹੈ।















