“ਇੱਥੇ ਜੰਗ ਦੀ ਉਤਨੀ ਮਾਰ ਨਹੀਂ ਪੈਂਦੀ ਜਿੰਨੀ ਹੜ੍ਹਾਂ ਦੀ ਪੈਂਦੀ ਹੈ,” ਜਸਵੀਰ ਸਿੰਘ ਦਾ ਕਹਿਣਾ ਹੈ। ਇਹ 73-ਸਾਲਾ ਕਿਸਾਨ ਹੜ੍ਹਾਂ ਦੀ ਮਾਰ ਹੇਠ ਆਏ ਆਪਣੇ ਖੇਤਾਂ ਤੋਂ ਵਾਪਿਸ ਆ ਰਹੇ ਹਨ ਜੋ ਕਿ ਭਾਰਤ-ਪਾਕਿਸਤਾਨ ਦੇ ਹੱਦ ‘ਤੇ ਕੰਡਿਆਲੀ ਤਾਰ ਦੇ ਪਰਲੇ ਪਾਸੇ ਹਨ।
“ਜਿੱਥੇ ਵੀ ਨਜ਼ਰ ਜਾਂਦੀ ਹੈ, ਪਾਣੀ ਹੀ ਪਾਣੀ ਹੈ। ਦਰਿਆ ਨੇ ਕਬਜ਼ਾ ਕਰ ਲਿਆ ਹੈ। ਪਾਣੀ ਲਗਭਗ 15-20 ਫੁੱਟ ਡੂੰਘਾ ਚੱਲ ਰਿਹਾ ਹੈ,” ਜਸਵੀਰ ਜੀ ਨੇ ਸਤਲੁਜ ਬਾਰੇ ਗੱਲ ਕਰਦਿਆਂ ਸਤੰਬਰ 2025 ‘ਚ ਪਾਰੀ ਨੂੰ ਦੱਸਿਆ ਸੀ।
ਵਾਲੇ ਸ਼ਾਹ ਹਿਠਾਰ ਪਿੰਡ ਵਿੱਚ 40 ਏਕੜ ਵਾਹੀਯੋਗ ਜ਼ਮੀਨ, 1990 ਵਿੱਚ ਲਾਈ ਗਈ ਤਾਰ ਅਤੇ ਸਿਮਿੰਟ ਦੇ ਪਿੱਲਰਾਂ ਨਾਲ਼ ਨਿਸ਼ਾਨਦੇਹੀ ਕੀਤੀ ਅੰਤਰਰਾਸ਼ਟਰੀ ਹੱਦ ਦੇ ਵਿਚਕਾਰ ਪੈਂਦੀ ਹੈ। ਜੋ ਕਿਸਾਨ ਇੱਥੇ ਵਾਹੀ ਕਰਦੇ ਹਨ ਉਹ ਬੀ. ਐਸ. ਐਫ. ਤੋਂ ਆਗਿਆ ਲੈ ਕੇ ਆਪਣੇ ਖੇਤਾਂ ਵੱਲ ਜਾਂਦੇ ਹਨ। ਜਸਵੀਰ ਜੀ ਦੇ ਪਰਿਵਾਰ ਦੀ ਇੱਥੇ 19 ਏਕੜ ਜ਼ਮੀਨ ਹੈ ਜੋ ਉਹਨਾਂ ਨੇ 1980 ਵਿੱਚ ਖਰੀਦੀ ਸੀ ਜਦ ਸਰਹੱਦੀ ਪਿੰਡਾਂ ਵਿੱਚ ਉਹਨਾਂ ਦੇ ਆਪਣੇ ਪਿੰਡ ਨਾਲੋਂ ਜ਼ਮੀਨ ਦੇ ਰੇਟ ਸਸਤੇ ਸਨ। ਉਹਨਾਂ ਦਾ ਆਪਣਾ ਪਿੰਡ ਥੇਹ ਕਲੰਦਰ ਇੱਥੋਂ ਸਕੂਟਰੀ ‘ਤੇ 30 ਮਿੰਟ ਦੇ ਰਸਤੇ ‘ਤੇ ਹੈ।
ਅਗਸਤ 2025 ਵਿੱਚ ਆਏ ਹੜ੍ਹਾਂ ਨਾਲ ਜਸਵੀਰ ਜੀ ਦੀ 15 ਏਕੜ ਜ਼ਮੀਨ ਪ੍ਰਭਾਵਿਤ ਹੋਈ ਸੀ। ਉਹਨਾਂ ਦੀ ਪੱਕੀ ਖੜ੍ਹੀ ਝੋਨੇ ਦੀ ਫ਼ਸਲ ਤਬਾਹ ਹੋ ਗਈ। ਜਨਵਰੀ 2026 ਵਿੱਚ ਪਾਰੀ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਦੱਸਿਆ, “ਜ਼ਮੀਨ ਵਿੱਚ ਗਿੱਲ ਜਿਆਦਾ ਹੋਣ ਕਾਰਨ ਕਣਕ ਦੀ ਬਿਜਾਈ ਵੀ ਨਹੀਂ ਹੋ ਸਕੀ। ਲਗਭਗ ਸੱਤ-ਅੱਠ ਏਕੜ ਵਿੱਚੋਂ ਪਾਣੀ ਕੱਢਿਆ ਸੀ, ਇਸ ਨੂੰ ਸ਼ਾਇਦ ਹੋਰ ਛੇ ਮਹੀਨੇ ਜਾਂ ਸਾਲ ਲਈ ਛੱਡਣਾ ਪਵੇਗਾ ਫ਼ਿਰ ਜਾ ਕੇ ਇਹ ਵਾਹੀ ਲਾਇਕ ਹੋਵੇਗੀ।” ਪਹਿਲਾਂ ਹੀ ਦੋ ਫ਼ਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ।
ਹੜ੍ਹਾਂ ਕਾਰਨ ਪੰਜਾਬ ਵਿੱਚ 40 ਲੋਕਾਂ ਦੀ ਜਾਨ ਚਲੀ ਗਈ, 7,161 ਡੰਗਰ ਰੁੜ੍ਹ ਗਿਆ, ਅਤੇ 14,000 ਘਰਾਂ ਅਤੇ 200,000 ਹੈਕਟੇਅਰ ਕਾਸ਼ਤ ਕੀਤੀ ਜ਼ਮੀਨ ਦਾ ਨੁਕਸਾਨ ਹੋਇਆ ਸੀ। “ਜਦੋਂ ਪੱਕਣ ‘ਤੇ ਆਈ ਉਦੋਂ ਹੜ੍ਹ ਰੋੜ੍ਹ ਕੇ ਲੈ ਗਿਆ,” ਅਸ਼ੋਕ ਸਿੰਘ ਦਾ ਕਹਿਣਾ ਹੈ, ਜੋ ਜਸਵੀਰ ਜੀ ਵਾਂਗ ਫਾਜ਼ਿਲਕਾ ਦੇ ਵਾਲੇ ਸ਼ਾਹ ਹਿਠਾਰ ਵਿੱਚ ਖੇਤੀ ਕਰਦੇ ਹਨ।
“ਮੈਨੂੰ ਨੀਂਦ ਨਹੀਂ ਆਉਂਦੀ। ਇੱਕ ਵਾਰੀ ਜਾਗ ਆ ਜਾਵੇ ਤਾਂ ਸਾਰੀ ਰਾਤ ਫ਼ਿਕਰ ਵਿੱਚ ਲੰਘ ਜਾਂਦੀ ਹੈ,” ਇਹ 40 ਸਾਲਾ ਕਿਸਾਨ ਪਾਰੀ ਨੂੰ ਦੱਸਦੇ ਹਨ। ਉਹਨਾਂ ਦੇ ਪਰਿਵਾਰ ਕੋਲ ਤਾਰ ਦੇ ਪਾਰ 10 ਏਕੜ ਜ਼ਮੀਨ ਹੈ ਜਿੱਥੇ ਉਹਨਾਂ ਨੇ ਝੋਨਾ ਬੀਜਿਆ ਸੀ। ਸਾਰੇ ਦਾ ਸਾਰਾ ਖੇਤ ਡੁੱਬ ਗਿਆ। ਇਸ ਜ਼ਮੀਨ ਤੋਂ ਹੁੰਦੀ ਆਮਦਨ ਨਾਲ 10 ਜੀਆਂ ਦੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ।
















