ਇਹ ਰਿਪੋਰਟ ਪਾਰਥ ਐੱਮ. ਐੱਨ. ਦੀ ਇੱਕ ਲੜੀ ਦਾ ਹਿੱਸਾ ਹੈ ਜਿਸਨੂੰ Pulitzer Center ਵੱਲੋਂ ਫੰਡ ਕੀਤਾ ਗਿਆ ਹੈ।
ਮਾਨਸੂਨ ਤੋਂ ਪਹਿਲਾਂ ਕੀਤਾ ਇੱਕ ਵਾਅਦਾ 53 ਸਾਲਾ ਦੇਊਰਾਓ ਨਾਗਰੇ ਨੂੰ ਹੁਣ ਪਰੇਸ਼ਾਨ ਕਰ ਰਿਹਾ ਹੈ।
ਸਤੰਬਰ ਦਾ ਮਹੀਨਾ ਉਹਨੇ ਭਾਰੀ ਮੀਂਹ ਤੋਂ ਆਪਣੀ ਵਾਹੀ ਵਾਲੀ ਜ਼ਮੀਨ ਬਚਾਉਣ ਲਈ ਗੋਡਿਆਂ ਤੱਕ ਪਾਣੀ ’ਚ ਕੱਢਿਆ। ਉਹਦਾ ਅੱਠ ਏਕੜ ਦਾ ਖੇਤ ਚਕਲੰਬਾ ਪਿੰਡ ਦੇ ਢਲਾਨ ਵਾਲੇ ਪਾਸੇ ਹੈ, ਜਿਸ ਕਰਕੇ ਵੀ ਹੜ੍ਹਾਂ ਵੇਲੇ ਇੱਥੇ ਜ਼ਿਆਦਾ ਖ਼ਤਰਾ ਬਣ ਜਾਂਦਾ ਹੈ।
“ਪਾਣੀ ਸਿੱਧਾ ਮੇਰੇ ਖੇਤ ਵਿੱਚੋਂ ਲੰਘਦਾ ਹੈ,” ਉਹਨੇ ਦੱਸਿਆ। “ਹਰ ਦਿਨ ਮੈਂ ਘੰਟਿਆਂ ਬੱਧੀ ਪਾਣੀ ਕੱਢਣ ਵਿੱਚ ਲੱਗਿਆ ਰਹਿੰਦਾ ਹਾਂ।”
ਇਸ ਲੱਕਤੋੜ ਮਿਹਨਤ ਦਾ ਕੋਈ ਫ਼ਾਇਦਾ ਨਾ ਹੋਇਆ, ਜ਼ੋਰਦਾਰ ਬੱਦਲਾਂ ਸਾਹਮਣੇ ਉਹਦੀ ਇੱਕ ਨਾ ਚੱਲੀ। ਉਹਦੀ ਕਪਾਹ, ਅਰਹਰ ਤੇ ਗੰਨੇ ਦੀ ਫ਼ਸਲ ਤਬਾਹ ਹੋ ਗਈ, ਤੇ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪਹਾੜੀ ਤੋਂ ਆਉਂਦੇ ਪਾਣੀ ਦਾ ਤੇਜ਼ ਵਹਾਅ ਉਹਦੀ ਜ਼ਮੀਨ ਦੀ ਮਿੱਟੀ ਦੀ ਉੱਪਰਲੀ ਪਰਤ ਵੀ ਵਹਾ ਕੇ ਲੈ ਗਿਆ, ਜਿਸ ਨਾਲ਼ ਉਹਦੀ ਰੋਜ਼ੀ-ਰੋਟੀ ਖ਼ਤਰੇ ਵਿੱਚ ਪੈ ਗਈ।
ਹਾਲਾਂਕਿ ਨੁਕਸਾਨ ਦੀ ਭਰਪਾਈ ਦਾ ਵਿਚਾਰ ਉਸਨੂੰ ਘੱਟ ਤੰਗ ਕਰਦਾ ਹੈ, ਮਹਾਰਾਸ਼ਟਰ ਦੇ ਇੱਕ ਅਹਿਮ ਤੀਰਥ ਸਥਾਨ ’ਤੇ ਮੰਦਰ ਲਈ ਜਿਹੜੇ 1.7 ਲੱਖ ਰੁਪਏ ਦਾ ਵਾਅਦਾ ਕੀਤਾ ਸੀ, ਉਹ ਇਕੱਠੇ ਨਾ ਹੋਣ ਦਾ ਵਿਚਾਰ ਨਾਗਰੇ ਨੂੰ ਬਹੁਤਾ ਤੰਗ ਕਰਦਾ ਹੈ।















