“ਮੈਂ ਸ਼ੋਲੇ ਦੇ ਠਾਕੁਰ ਵਾਂਗ ਹਾਂ।”
ਰਵਿੰਦਰ ਸ਼ਿੰਦੇ ਦੀ ਸ਼ਰਾਰਤੀ ਮੁਸਕੁਰਾਹਟ ਦੱਸਦੀ ਹੈ ਕਿ ਉਹ ਇਸ ਮਸ਼ਹੂਰ ਬਾਲੀਵੁੱਡ ਫ਼ਿਲਮ ਵਿਚਲੇ ਸੰਜੀਵ ਕੁਮਾਰ ਦੇ ਕਿਰਦਾਰ ਨਾਲ਼ ਆਪਣੀ ਤੁਲਨਾ ਕਰਕੇ ਖੁਸ਼ ਹੋ ਰਿਹਾ ਹੈ। ਪਰ ਫੇਰ ਉਹ ਰੁਕਦਾ ਹੈ। “ਮੇਰੀ ਕਿਸਮਤ ਸ਼ਾਇਦ ਜ਼ਿਆਦਾ ਚੰਗੀ ਹੈ। ਉਹਦੇ ਦੋਵੇਂ ਹੱਥ ਵੱਢੇ ਗਏ।”
ਉਹਦੇ ਵਰਗੇ ਹਾਲਾਤਾਂ ’ਚ ਕੋਈ ਹੋਰ ਹੁੰਦਾ ਤਾਂ ਢੇਰੀ ਢਾਹ ਗਿਆ ਹੁੰਦਾ, ਮਜ਼ਾਕ ਕਰਨਾ ਤਾਂ ਦੂਰ ਦੀ ਗੱਲ ਹੈ। ਪਰ 47 ਸਾਲਾ ਸ਼ਿੰਦੇ ਗੂੜ੍ਹਾ ਮਜ਼ਾਕ ਕਰਨ ਦੀ ਹਿੰਮਤ ਰੱਖਦਾ ਹੈ।
ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਉਮਰੀ ਪਿੰਡ ਵਿੱਚ 16 ਏਕੜ ਜ਼ਮੀਨ ਦਾ ਮਾਲਕ ਇਹ ਕਿਸਾਨ ਕਿਸ਼ੋਰ ਉਮਰ ਤੋਂ ਜ਼ਿੰਮੇਵਾਰੀ ਨਾਲ਼ ਵਾਹੀ ਕਰ ਰਿਹਾ ਹੈ। ਮਾੜੀ ਕਿਸਮਤ ਨੂੰ ਉਹਨੇ ਖੇਤੀ ਕਰਨੀ ਉਸ ਵੇਲੇ ਸ਼ੁਰੂ ਕੀਤੀ ਜਦ ਦਹਾਕਿਆਂ ਤੱਕ ਚੱਲਣ ਵਾਲ਼ੇ ਖੇਤੀ ਸੰਕਟ ਦੀ ਸ਼ੁਰੂਆਤ ਹੋ ਰਹੀ ਸੀ।
ਉਹਦਾ ਬਾਪ ਕਿਸਾਨੀ ਦੀ ਆਮਦਨੀ ਤੋਂ ਘਰ ਦਾ ਗੁਜ਼ਾਰਾ ਚਲਾ ਲੈਂਦਾ ਸੀ ਪਰ ਜਦ ਤੱਕ ਸ਼ਿੰਦੇ ਦਾ ਵਿਆਹ ਤੇ ਬੱਚੇ ਹੋਏ, ਕਹਾਣੀ ਨੇ ਨਵਾਂ ਮੋੜ ਲੈ ਲਿਆ। ਵਧਦੀ ਮਹਿੰਗਾਈ, ਫ਼ਸਲ ਦੇ ਘਟਦੇ ਮੁੱਲ, ਅਤੇ ਜਲਵਾਯੂ ਪਰਿਵਰਤਨ ਨੇ ਲੰਬੇ ਸੋਕੇ ਵਰਗੀਆਂ ਅਤਿ ਦੀਆਂ ਮੌਸਮੀ ਘਟਨਾਵਾਂ ਪੈਦਾ ਕਰ ਦਿੱਤੀਆਂ ਜਿਸ ਨਾਲ਼ ਕਿਸਾਨੀ ਕਰਜ਼ੇ ਵਧਦੇ ਗਏ।
ਮਹਾਰਾਸ਼ਟਰ ਵਿੱਚ ਖੇਤੀ ਤੋਂ ਪਰਿਵਾਰਕ ਆਮਦਨ 11,492 ਰੁਪਏ ਪ੍ਰਤੀ ਮਹੀਨਾ ਦੇ ਨਿਰਾਸ਼ਾਜਨਕ ਪੱਧਰ ’ਤੇ ਖੜ੍ਹੀ ਹੈ। ਇਹ ਸੰਕਟ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਵਿੱਚ ਵੀ ਨਜ਼ਰ ਆਉਂਦਾ ਹੈ – 2024 ਵਿੱਚ ਭਾਰਤ ਵਿੱਚ 10,546 ਖੇਤੀ ਨਾਲ਼ ਜੁੜੀਆਂ ਖ਼ੁਦਕੁਸ਼ੀਆਂ ਦਰਜ ਕੀਤੀਆਂ ਗਈਆਂ। ਮਤਲਬ ਕਿ ਹਰ ਦਿਨ 29 ਖ਼ੁਦਕੁਸ਼ੀਆਂ। ਪਰ ਇਹ ਅੰਦਾਜ਼ਾ ਵੀ ਬਹੁਤ ਘੱਟ ਹੈ ਕਿਉਂਕਿ ਜ਼ਮੀਨ ’ਤੇ ਡਾਟਾ ਇਕੱਠਾ ਕਰਦਿਆਂ ਔਰਤਾਂ, ਦਲਿਤਾਂ ਅਤੇ ਆਦਿਵਾਸੀਆਂ ਨੂੰ ਇਸ ਵਿੱਚੋਂ ਬਾਹਰ ਰੱਖਿਆ ਜਾਂਦਾ ਹੈ। ਜਿਹੜੀ ਜ਼ਮੀਨ ’ਤੇ ਉਹ ਖੇਤੀ ਕਰਦੇ ਨੇ, ਆਮ ਕਰਕੇ ਉਹ ਕਾਗਜ਼ਾਂ ਵਿੱਚ ਉਹਨਾਂ ਦੇ ਨਾਂ ਨਹੀਂ ਹੁੰਦੀ। ਇਸ ਕਰਕੇ ਉਹਨਾਂ ਦੀਆਂ ਖ਼ੁਦਕੁਸ਼ੀਆਂ ਨੂੰ ‘ਖੇਤੀ’ ਨਾਲ਼ ਜੁੜੀਆਂ ਖ਼ੁਦਕੁਸ਼ੀਆਂ ਵਿੱਚ ਨਹੀਂ ਰੱਖਿਆ ਜਾਂਦਾ।
3,824 ਖ਼ੁਦਕੁਸ਼ੀਆਂ ਜਾਂ 36 ਫ਼ੀਸਦ ਨਾਲ਼ ਮਹਾਰਾਸ਼ਟਰ ਇਸ ਸੂਚੀ ਵਿੱਚ ਪਹਿਲੇ ਨੰਬਰ ’ਤੇ ਸੀ। ਮਹਾਰਾਸ਼ਟਰ ਵਿੱਚ ਖੇਤੀ ਨਾਲ਼ ਜੁੜੀਆਂ ਖ਼ੁਦਕੁਸ਼ੀਆਂ ਵਿੱਚੋਂ ਬਹੁਤਾ ਹਿੱਸਾ ਵਿਦਰਭ ਦਾ ਹੈ। ਸ਼ਿੰਦੇ ਦਾ ਪਿੰਡ ਖੇਤੀ ਸੰਕਟ ਦੀਆਂ ਚੁਣੌਤੀਆਂ ਨਾਲ਼ ਦੋ-ਚਾਰ ਹੋ ਰਹੇ ਇਸੇ ਇਲਾਕੇ ਵਿੱਚ ਪੈਂਦਾ ਹੈ।
ਪਰ ਉਹਨੂੰ ਨਹੀਂ ਸੀ ਪਤਾ ਕਿ ਜ਼ਿੰਦਗੀ ਹੋਰ ਮੁਸ਼ਕਿਲ ਹੋਣ ਵਾਲ਼ੀ ਹੈ।














