ਮੈਂ ਭਲਾ ਉਹਨੂੰ ਪਹਿਲੀ ਵਾਰੀਂ ਕਿੱਥੇ ਦੇਖਿਆ ਸੀ? ਕਿਸੇ ਕਿਤਾਬ ਦੇ ਵਰਕਿਆ 'ਚ? ਜਾਂ ਟੀਵੀ 'ਤੇ ਵੇਖੀ ਕਿਸੇ ਡਾਕਿਊਮੈਂਟਰੀ ਵਿੱਚ? ਜਾਂ ਫਿਰ ਕਿਸੇ ਸੜਕ 'ਤੇ, ਜਿੱਥੇ ਜ਼ੁਲਮ ਦਾ ਸਾਹਮਣਾ ਕਰਦੀ ਦੀਆਂ ਮੁੱਠੀਆਂ ਹਵਾ ਵਿੱਚ ਲਹਿਰਾ ਰਹੀਆਂ ਸਨ? ਜਾਂ ਸ਼ਾਇਦ ਉਹ ਕੋਈ ਕਵਿਤਾ ਸੀ ਜਾਂ ਫਿਰ ਅਜ਼ਾਦੀ ਦਾ ਕੋਈ ਨਾਅਰਾ, ਜਿਹਨੇ ਮੇਰੇ ਰੋਂਗਟੇ ਖੜ੍ਹੇ ਕਰ ਦਿੱਤੇ ਸਨ।
ਸੱਚ ਕਹਾਂ, ਤਾਂ ਮੈਨੂੰ ਚੇਤਾ ਹੀ ਨਹੀਂ ਮੈਂ ਉਹਨੂੰ ਅਖ਼ੀਰਲੀ ਵਾਰੀਂ ਕਦੋਂ ਦੇਖਿਆ ਸੀ।
ਉਹਨੇ ਇੰਨੇ ਚਿਹਰੇ, ਇੰਨੇ ਨਾਮ ਬਦਲੇ ਹਨ ਕਿ ਮੇਰੇ ਚੇਤੇ ਉਹਦਾ ਹਿਸਾਬ ਹੀ ਨਾ ਰੱਖ ਸਕੇ। ਕਦੇ ਉਹ ਡਿੰਡੀਗੁਲ ਦੀ ਦਰਜਨ ਬਣ ਜਾਂਦੀ ਹੈ, ਜੋ ਆਪਣੇ ਕਾਰਖ਼ਾਨੇ ਦੀ ਖ਼ਾਮੋਸ਼ੀ ਤੋੜ ਕੇ, ਖਿੰਡੇ ਲੋਕਾਂ ਨੂੰ ਇੱਕ ਡੋਰ ਵਿੱਚ ਪਿਰੋ ਦਿੰਦੀ ਹੈ। ਕਦੇ ਉਹ ਹੁਬਲੀ ਤੋਂ ਬੰਗਲੁਰੂ ਤੱਕ ਕਿਰਾਏ ਦਾ ਟਰੈਕਟਰ ਚਲਾਉਂਦੀ ਹੋਈ ਖੇਤ ਮਜ਼ਦੂਰ ਹੁੰਦੀ ਹੈ ਤੇ ਆਪਣੇ ਹੱਕ ਲਈ ਰੈਲੀ ਵਿੱਚ ਸ਼ਾਮਲ ਹੁੰਦੀ ਹੈ ਤੇ ਕਦੇ ਦੱਖਣੀ ਕੇਰਲ ਦੀ ਉਹ ਬਜ਼ੁਰਗ ਕਾਮਰੇਡ, ਜੋ ਘਰ-ਘਰ ਜਾ ਕੇ ਮਦਦ ਇਕੱਠੀ ਕਰਦੀ ਹੈ, ਤਾਂਕਿ ਉਹਦੇ ਆਸਪਾਸ ਕੋਈ ਭੁੱਖਾ ਨਾ ਸੌਂਵੇ। ਹਰ ਵਾਰੀਂ ਉਹ ਕੋਈ ਨਵਾਂ ਰੂਪ ਧਾਰਦੀ ਹੈ। ਪਰ ਉਹਦਾ ਹੌਂਸਲਾ ਉਹੀ ਰਹਿੰਦਾ ਹੈ। ਉਹਦੀ ਜ਼ਿੱਦ ਉਹੀ ਰਹਿੰਦੀ ਹੈ ਤੇ ਉਹਦਾ ਇਨਕਾਰ ਵੀ ਉਹੀ ਹੀ ਰਹਿੰਦਾ ਹੈ ਜੋ ਉਹਨੂੰ ਝੁਕਣ ਤੋਂ ਰੋਕਦਾ ਹੈ।
ਦੇਖੋ! ਉਹ ਮੁੜ ਨਜ਼ਰ ਆਈ ਹੈ। ਇਸ ਵਾਰ ਇੱਕ ਨੌਜਵਾਨ ਕੁੜੀ ਬਣ ਕੇ, ਜੋ ਪੁਲਿਸ ਦੇ ਬੈਰੀਕੇਡ ਨੂੰ ਟੱਪ ਰਹੀ ਹੈ ਤੇ ਅਗਲੇ ਹੀ ਪਲ ਉਹ ਉਨ੍ਹਾਂ ਲੋਕਾਂ ਦਾ ਸਹਾਰਾ ਬਣ ਜਾਂਦੀ ਹੈ ਜੋ ਡਿੱਗ ਗਏ ਹੋਏ ਹਨ। ਉਹ ਉਮੀਦ ਹੈ, ਜੋ ਹਾਰ ਮੰਨਣਾ ਨਹੀਂ ਜਾਣਦੀ।
ਇਹ ਧਰਤੀ ਸਦਾ ਤੋਂ ਉਸੇ ਦੀ ਹੈ। ਅਜ਼ਾਦ।


