“ਅੱਜਕੱਲ੍ਹ ਲੱਕੜਾਂ ਦੇ ਟੁਕੜੇ ਇਕੱਠੇ ਕਰਨ ਤੋਂ ਬਾਅਦ ਕੋਈ ਵੀ ਵੇਚ ਨਹੀਂ ਰਿਹਾ,” ਰੁਬੀਨਾ ਬੀਬੀ ਦਾ ਕਹਿਣਾ ਹੈ। “ਉਹ ਆਪਣੇ ਚੁੱਲ੍ਹਿਆਂ ਲਈ ਇਹਨਾਂ ਦੀ ਹੀ ਵਰਤੋਂ ਕਰ ਰਹੇ ਹਨ।” ਉਹ ਆਪਣੀ ਝੁੱਗੀ (ਆਰਜ਼ੀ ਬਸੇਰਾ) ਦੇ ਬਾਹਰ ਬੈਠੇ ਇੱਕ ਫੱਟੇ ਨੂੰ ਤੋੜ ਰਹੇ ਹਨ ਜੋ ਸ਼ਾਇਦ ਕਦੇ ਇੱਕ ਦਰਵਾਜ਼ਾ ਸੀ।
“ਯੇਹ ਦੋ ਲਗ ਜਾਏਂਗੇ [ਇਹੋ ਜਿਹੇ ਦੋ ਫੱਟੇ ਲੱਗ ਜਾਣਗੇ],” ਰੁਬੀਨਾ ਜੀ ਦਾ ਕਹਿਣਾ ਹੈ, ਤਾਂ ਜੋ ਪੰਜ ਜਣਿਆਂ ਦੇ ਪਰਿਵਾਰ ਦਾ ਢਿੱਡ ਭਰ ਸਕੇ। ਤਰਲ ਪੈਟਰੋਲੀਅਮ ਗੈਸ (ਐੱਲ. ਪੀ. ਜੀ.) ਦੇ ਰੇਟ ਫ਼ਰਵਰੀ 2026 ਵਿੱਚ ਅਮਰੀਕਾ-ਇਜ਼ਰਾਇਲ ਦੀ ਈਰਾਨ ਨਾਲ਼ ਜੰਗ ਤੋਂ ਬਾਅਦ ਇਕਦਮ ਵੱਧ ਗਏ ਹਨ ਅਤੇ ਹੁਣ ਦੋ ਕਿਲੋ ਦਾ ਸਿਲੰਡਰ 440 ਤੋਂ 500 ਰੁਪਏ ਦਾ ਹੋ ਗਿਆ ਹੈ- ਜੋ ਕਿ ਬਲੈਕ ਦੇ ਪਹਿਲਾਂ ਦੇ ਰੇਟ ਨਾਲ਼ੋਂ ਦੁੱਗਣਾ ਹੈ।
ਕੂੜਾ ਚੁਗਣ ਵਾਲ਼ੇ ਇਸ ਪਰਿਵਾਰ ਲਈ ਲੱਕੜਾਂ ਦੇ ਟੁਕੜੇ ਖਾਣਾ ਪਕਾਉਣ ਲਈ ਬਹੁਤ ਜ਼ਰੂਰੀ ਹਨ। ਇੱਕ ਹਫ਼ਤੇ ਵਿੱਚ ਉਹ ਪੰਜ ਕਿਲੋ ਟੁਕੜੇ ਤਾਂ ਇਕੱਠਾ ਕਰ ਹੀ ਲੈਂਦੇ ਹਨ, ਜਾਂ “ਅਸੀਂ ਪੰਜ ਰੁਪਏ ਕਿਲੋ ਦੇ ਹਿਸਾਬ ਨਾਲ਼ ਲੱਕੜ ਖਰੀਦ ਲੈਂਦੇ ਹਾਂ,” ਰੁਬੀਨਾ ਜੀ ਦੱਸਦੇ ਹਨ।
ਰੁਬੀਨਾ ਉੱਤਰ ਪੱਛਮੀ ਦਿੱਲੀ ਦੇ ਭਲਸਵਾ ਵਿੱਚ ਕੂੜਾ ਚੁੱਕਣ ਵਾਲ਼ਿਆਂ ਦੇ ਭਾਈਚਾਰੇ ਵਿੱਚ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੱਛਮੀ ਬੰਗਾਲ ਦੇ ਪੱਛਮੀ ਮੇਦਨੀਪੁਰ ਜ਼ਿਲ੍ਹੇ ਤੋਂ ਆਏ ਪਹਿਲੀ ਅਤੇ ਦੂਜੀ ਪੀੜ੍ਹੀ ਦੇ ਪ੍ਰਵਾਸੀ ਹਨ। ਇਹ ਲੋਕ ਤਿੰਨ-ਚਾਰ ਮੰਜਿਲਾ ਉੱਚੇ ਕੂੜੇ ਦੇ ਢੇਰ ਨੇੜੇ ਰਹਿੰਦੇ ਹਨ। ਆਦਮੀ ਗਲ਼ੀਆਂ, ਰਿਹਾਇਸ਼ੀ ਇਲਾਕਿਆਂ ਅਤੇ ਨਗਰਪਾਲਿਕਾ ਦੇ ਕੂੜਾ ਸੁੱਟਣ ਦੀਆਂ ਥਾਵਾਂ ਤੋਂ ਕੂੜਾ ਇਕੱਠਾ ਕਰਦੇ ਹਨ। ਔਰਤਾਂ ਪਲਾਸਟਿਕ ਦੀਆਂ ਬੋਤਲਾਂ, ਪੈਕੇਟ, ਰਬੜ, ਕੱਚ, ਥਰਮੋਕੋਲ ਅਤੇ ਹੋਰ ਚੀਜ਼ਾਂ ਨੂੰ ਅਲੱਗ ਕਰਦੀਆਂ ਹਨ ਜਿਨ੍ਹਾਂ ਨੂੰ ਬਾਅਦ ਵਿੱਚ ਕਬਾੜੀਆਂ ਕੋਲ਼ ਵੇਚ ਦਿੱਤਾ ਜਾਂਦਾ ਹੈ।














