ਇੱਕ ਮਹੀਨੇ ਦੇ ਦੌਰਾਨ ਹੀ ਪੁਲਿਸ ਨੇ ਤਿੰਨ ਵਾਰ ਇਸ ਲਾਇਬ੍ਰੇਰੀ ਨੂੰ ਬੰਦ ਕਰਨ ਦਾ ਯਤਨ ਕੀਤਾ। ਪਰ ਇਹ ਮੁੜ-ਮੁੜ ਆਉਂਦੀ ਹੀ ਰਹੀ।
ਇੱਕ ਮੀਮ ਪੇਜ ਤੋਂ ਵਿਕਸਿਤ ਹੋ ਕੇ ਯੁਵਾ ਲਹਿਰ ਵਿੱਚ ਤਬਦੀਲ ਹੋਈ ਕਾਕਰੋਚ ਜਨਤਾ ਪਾਰਟੀ ਵੱਲੋਂ 20 ਜੂਨ 2026 ਦੇ ਦਿਨ ਦਿੱਲੀ ਦੇ ਜੰਤਰ ਮੰਤਰ ਵਿੱਚ ਧਰਨੇ ਦਾ ਸੱਦਾ ਦਿੱਤਾ ਸੀ ਜਿਸ ਵਿੱਚ ਉਹਨਾਂ ਦੀ ਮੰਗ, ਪੇਪਰ ਲੀਕ ਹੋਣ ਅਤੇ ਬੇਨਿਯਮੀਆਂ ਤੋਂ ਜ਼ਾਹਿਰ ਹੁੰਦੇ ਭ੍ਰਿਸ਼ਟਾਚਾਰ ਦੇ ਚੱਲਦਿਆਂ, ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਸੀ। ਸਰਬ ਭਾਰਤੀ ਵਿਦਿਆਰਥੀ ਸੰਘ (ਏ. ਆਈ. ਐੱਸ. ਐੱਫ਼.) ਨੇ ਧਰਨੇ ਵਾਲ਼ੀ ਥਾਂ ‘ਤੇ ਲਾਇਬ੍ਰੇਰੀ ਖੋਲ੍ਹਣ ਦਾ ਫ਼ੈਸਲਾ ਲਿਆ। ਇਸ ਪਿੱਛੇ ਉਹਨਾਂ ਦਾ ਮੰਤਵ ਸਿੱਧਾ ਅਤੇ ਸਪੱਸ਼ਟ ਸੀ।
“ਪ੍ਰਦਰਸ਼ਨਕਾਰੀਆਂ ਲਈ ਜੰਤਰ ਮੰਤਰ ਅਗਲੇ ਕੁਝ ਦਿਨਾਂ ਲਈ ਉਹਨਾਂ ਦਾ ਘਰ ਹੋਣ ਵਾਲ਼ਾ ਸੀ,” ਏ. ਆਈ. ਐੱਸ. ਐੱਫ਼. ਦੇ ਕੌਮੀ ਪ੍ਰਧਾਨ ਵਿਰਾਜ ਦੇਵਾਂਗ ਦਾ ਕਹਿਣਾ ਹੈ। “ਦਿਨ ਵੇਲੇ ਤੁਸੀਂ ਨਾਅਰੇਬਾਜ਼ੀ ਕਰ ਸਕਦੇ ਹੋ ਅਤੇ ਭਾਸ਼ਨ ਸਨ ਸਕਦੇ ਹੋ। ਪਰ ਤੁਹਾਡੇ ਕੋਲ ਖਲ਼ੀ ਸਮਾਂ ਵੀ ਕਾਫ਼ੀ ਹੁੰਦਾ ਹੈ। ਅਜਿਹੇ ਹਾਲਾਤਾਂ ਵਿੱਚ ਕਿਤਾਬਾਂ ਸਭ ਤੋਂ ਵਧੀਆ ਸਾਥੀ ਹੁੰਦੀਆਂ ਹਨ। ਸਾਡੀ ਮਨਸ਼ਾ ਸੀ ਕਿ ਪ੍ਰਦਰਸ਼ਨਕਾਰੀ ਸਾਹਿਤ ਪੜ੍ਹਨ ਅਤੇ ਆਪਣੀ ਸਮਾਜਿਕ ਅਤੇ ਰਾਜਨੀਤਿਕ ਚੇਤਨਾ ਨੂੰ ਬਿਹਤਰ ਕਰ ਸਕਣ।”
ਵਿਦਿਆਰਥੀ ਕਾਰਕੁੰਨ ਇੱਕ ਲੱਕੜ ਦਾ ਮੇਜ਼ ਲੈ ਕੇ ਆਏ ਅਤੇ ਇਸ ‘ਤੇ ਲਾਲ ਕੱਪੜਾ ਵਿਛਾ ਦਿੱਤਾ, ਜਿਸ ‘ਤੇ ਲਿਖਿਆ ਸੀ: ‘ਪ੍ਰਧਾਨ ਨੂੰ ਹਾਰਨਾ ਪਵੇਗਾ।’ ਪਹਿਲੇ ਦਿਨ,“ਸਾਡੇ ਕੋਲ਼ ਸ਼ਿਵਾਜੀ ਮਹਾਰਾਜ, ਭਗਤ ਸਿੰਘ ਅਤੇ ਬਾਬਾਸਾਹੇਬ ਅੰਬੇਡਕਰ ਬਾਰੇ ਕਿਤਾਬਾਂ ਸਨ,” 20 ਸਾਲਾ ਮੋਹਿਤ ਦਾ ਕਹਿਣਾ ਹੈ ਜੋ ਉਹਨਾਂ ਵਿਦਿਆਰਥੀ ਕਾਰਕੁੰਨਾਂ ਵਿੱਚੋਂ ਇੱਕ ਸਨ ਜੋ ਰੋਜ਼ਾਨਾ ਲਾਇਬ੍ਰੇਰੀ ਚਲਾਉਂਦੇ ਸਨ। “ਕ੍ਰਾਂਤੀਕਾਰੀ ਸਾਹਿਤ ਤੋਂ ਵਿਹੂਣਾ ਵਿਰੋਧ ਇੱਕ ਬਿਨਾਂ ਵਿਚਾਰਧਾਰਾ ਦੇ ਲੀਡਰ ਵਾਂਗ ਹੁੰਦਾ ਹੈ। ਸਾਹਿਤ ਹੀ ਪ੍ਰਦਰਸ਼ਨਕਾਰੀਆਂ ਨੂੰ ਸੇਧ ਦਿੰਦਾ ਹੈ ਕਿ ਵਿਰੋਧ ਅਤੇ ਬਗਾਵਤ ਕਿਸ ਤਰ੍ਹਾਂ ਕਰਨੀ ਹੈ।”









