ਭਾਵੇਂ, ਮੁੰਬਈ ਸ਼ਹਿਰ ਦਾ ਹਰ ਕੋਨਾ ਮੈਟਰੋ ਅਤੇ ਐਕਸਪ੍ਰੈਸਵੇਅ ਨਾਲ਼ ਜੁੜਿਆ ਹੋਇਆ ਹੋਵੇ, ਪਰ ਦਾਮੂ ਨਗਰ ਵਾਸੀਆਂ ਨੂੰ ਥੋੜ੍ਹੀ ਜਿਹੀ ਯਾਤਰਾ ਕਰਨ ਲਈ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਿਤੇ ਕਿਤੇ ਮੁਸੀਬਤਾਂ ਦਾ ਵੀ। ਇੱਥੋਂ ਦੇ ਲੋਕ ਅਜੇ ਵੀ ਖੁੱਲ੍ਹੀਆਂ ਥਾਵਾਂ 'ਤੇ ਜੰਗਲ-ਪਾਣੀ ਜਾਂਦੇ ਹਨ ਅਤੇ ਇਨ੍ਹਾਂ ਖੁੱਲ੍ਹੀਆਂ ਥਾਵਾਂ ਤੱਕ ਜਾਣ ਲਈ ਉਨ੍ਹਾਂ ਨੂੰ ਫੁੱਟ ਉੱਚੀ ਕੰਧ 'ਤੇ ਤੁਰਨਾ ਪੈਂਦਾ ਹੈ। ਇੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਲ਼ ਦੀ ਹਵਾੜ ਛੱਡਦੇ ਕੂੜੇ ਦੇ ਢੇਰ ਨੂੰ ਵੀ ਪਾਰ ਕਰਨਾ ਪੈਂਦਾ ਹੈ। ਇਹ ਖੁੱਲ੍ਹੀ ਥਾਂ ਸੁੱਕੇ ਘਾਹ ਦਾ ਮੈਦਾਨ ਹੈ, ਵਿਰਲੇ-ਟਾਂਵੇ ਰੁੱਖ ਵੀ ਕੀ ਲੁਕ ਕੇ ਬਹਿਣ ਜੋਗੀ ਨਿੱਜਤਾ ਦੇ ਸਕਦੇ ਹਨ?
ਪਰ "ਇੱਥੇ ਅਜਿਹੀ ਕੋਈ ਨਿੱਜਤਾ ਨਹੀਂ ਹੈ," ਮੀਰਾ ਯੇਡੇ ਕਹਿੰਦੀ ਹਨ। 51 ਸਾਲਾ ਔਰਤ ਇਲਾਕੇ ਦੀ ਕਾਫ਼ੀ ਪੁਰਾਣੀ ਵਸਨੀਕ ਹੈ। "ਪੈਰਾਂ ਦਾ ਖੜਾਕ ਸੁਣਦੇ ਹੀ ਸਾਨੂੰ ਔਰਤਾਂ ਨੂੰ ਖੜ੍ਹੇ ਹੋਣਾ ਪੈਂਦਾ ਹੈ।'' ਸਾਲਾਂ ਤੋਂ, ਜ਼ਮੀਨ ਔਰਤਾਂ ਅਤੇ ਮਰਦਾਂ ਦੇ ਸ਼ੌਚ ਕਰਨ ਲਈ ਵੰਡੀ ਗਈ ਹੈ, ਜਿਸ ਵਿੱਚ ਔਰਤਾਂ ਖੱਬੇ ਪਾਸੇ ਅਤੇ ਮਰਦ ਸੱਜੇ ਪਾਸੇ ਸ਼ੌਚ ਕਰਨ ਲਈ ਬੈਠਦੇ ਹਨ। ਸਮੱਸਿਆ ਇਹ ਹੈ, "ਇਨ੍ਹਾਂ ਦੋਵਾਂ ਹਿੱਸਿਆਂ ਵਿੱਚ ਦੂਰੀ ਕਾਫ਼ੀ ਘੱਟ ਹੈ: ਸ਼ਾਇਦ ਕੁਝ ਕੁ ਮੀਟਰ। ਕੋਈ ਹੈ ਜੋ ਇਸ ਦੂਰੀ ਨੂੰ ਮਾਪੇਗਾ?" ਅਤੇ ਦੋਵਾਂ ਹਿੱਸਿਆਂ ਵਿਚਕਾਰ ਕੋਈ ਪਰਦਾ ਜਾਂ ਕੰਧ ਨਹੀਂ ਹੈ।
ਦਾਮੂ ਨਗਰ ਦੇ ਬਹੁਤ ਸਾਰੇ ਵਸਨੀਕ ਪਹਿਲੀ ਜਾਂ ਦੂਜੀ ਪੀੜ੍ਹੀ ਦੇ ਪੇਂਡੂ ਪ੍ਰਵਾਸੀ ਹਨ, ਇਹ ਇੱਕ ਅਜਿਹਾ ਮੁੱਦਾ ਹੈ ਜੋ ਮੁੰਬਈ ਉੱਤਰੀ ਹਲਕੇ ਦੇ ਇਸ ਹਿੱਸੇ ਲਈ ਚੋਣਾਂ ਦੀ ਰਾਜਨੀਤੀ ਤੋਂ ਕਿਤੇ ਪਰ੍ਹੇ ਹੈ। ਇਹ (ਮੁੱਦਾ) ਉਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਜਦੋਂ ਭਾਰਤ ਆਪਣੀ 18ਵੀਂ ਲੋਕ ਸਭਾ ਲਈ 543 ਸੰਸਦ ਮੈਂਬਰਾਂ ਦੀ ਚੋਣ ਲਈ ਪੜਾਅਵਾਰ ਤਰੀਕੇ ਨਾਲ਼ ਵੋਟਿੰਗ ਕਰ ਰਿਹਾ ਹੈ। ਮੀਰਾ ਦੇ ਬੇਟੇ ਪ੍ਰਕਾਸ਼ ਯੇਡੇ ਕਹਿੰਦੇ ਹਨ, "ਅੱਜ ਇੱਕ ਕਹਾਣੀ ਘੜੀ ਗਈ ਹੈ ਕਿ ਦੇਸ਼ ਵਿੱਚ ਸਭ ਕੁਝ ਠੀਕ ਹੈ।'' ਪ੍ਰਕਾਸ਼ ਆਪਣੇ ਘਰ ਦੇ ਦਰਵਾਜ਼ੇ 'ਤੇ ਖੜ੍ਹੇ ਹੋ ਸਾਡੇ ਨਾਲ਼ ਗੱਲ ਕਰ ਰਹੇ ਹਨ। ਉਨ੍ਹਾਂ ਦਾ ਘਰ ਟੀਨ ਦੀ ਇੱਕ ਚਾਦਰ ਨਾਲ਼ ਢਕਿਆ ਹੋਇਆ ਹੈ ਜੋ ਸ਼ਾਇਦ ਅੰਦਰਲੇ ਤਾਪਮਾਨ ਨੂੰ ਕੁਝ ਡਿਗਰੀ ਤੱਕ ਵਧਾ ਦਿੰਦਾ ਹੈ।
"ਦੇਸ਼ ਦੇ ਇਨ੍ਹਾਂ ਹਿੱਸਿਆਂ ਵਿੱਚ ਕੋਈ ਵੀ ਅਸਲ ਮੁੱਦਿਆਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ," 30 ਸਾਲਾ ਪ੍ਰਕਾਸ਼ ਕਹਿੰਦੇ ਹਨ। ਦਾਮੂ ਸ਼ਹਿਰ ਦੇ 11,000 ਤੋਂ ਵੱਧ ਵਸਨੀਕ ਪਖਾਨੇ, ਪਾਣੀ ਅਤੇ ਬਿਜਲੀ ਦੀ ਪਹੁੰਚ ਨਾ ਹੋਣ ਕਾਰਨ ਹੋਣ ਵਾਲ਼ੀ ਬੇਆਰਾਮੀ ਅਤੇ ਖਤਰਿਆਂ ਬਾਰੇ ਦੱਸ ਰਹੇ ਹਨ। ਦਾਮੂ ਸ਼ਹਿਰ, ਜਿਸ ਨੂੰ ਜਨਗਣਨਾ ਵਿੱਚ ਭੀਮ ਨਗਰ ਵੀ ਕਿਹਾ ਜਾਂਦਾ ਹੈ, ਵਿੱਚ 2,300 ਤੋਂ ਵੱਧ ਮਕਾਨ ਹਨ ਜਿਨ੍ਹਾਂ ਦੀਆਂ ਕੰਧਾਂ ਖਸਤਾ ਹਾਲ ਹਨ, ਤਰਪਾਲ ਅਤੇ ਟੀਨ ਦੀਆਂ ਚਾਦਰਾਂ ਦੀਆਂ ਛੱਤਾਂ ਹਨ। ਇਹ ਘਰ ਸੰਜੇ ਗਾਂਧੀ ਨੈਸ਼ਨਲ ਪਾਰਕ ਦੇ ਨਾਲ਼ ਇੱਕ ਪਹਾੜੀ 'ਤੇ ਸਥਿਤ ਹਨ। ਇਨ੍ਹਾਂ ਘਰਾਂ ਤੱਕ ਪਹੁੰਚਣ ਲਈ ਤੁਹਾਨੂੰ ਭੀੜੇ, ਊਬੜ-ਖਾਬੜ, ਪਥਰੀਲੇ ਰਸਤਿਆਂ 'ਤੇ ਤੁਰਨਾ ਪੈਂਦਾ ਹੈ ਤੇ ਵਗਦੀ ਰੋਹੀ (ਸੀਵਰੇਜ ਡ੍ਰੇਨੇਜ) ਵਿੱਚ ਪੈਰ ਵੜ੍ਹਨ ਤੋਂ ਵੀ ਰੋਕਣਾ ਪੈਂਦਾ ਹੈ।





















