ਕਾਦਰ ਅਲੀ ਹੁਣ ਕਦੇ ਮੇਰੇ ਨਾਲ਼ ਗੱਲ ਨਹੀਂ ਕਰਨਗੇ।
ਮੈਂ ਜਦ ਪਿਛਲੀ ਵਾਰ ਉਹਨਾਂ ਨੂੰ ਨਵੰਬਰ 2025 ਵਿੱਚ ਮਿਲ਼ਿਆ ਸੀ ਤਾਂ ਵੀ ਉਹ ਮੁਸ਼ਕਿਲ ਨਾਲ਼ ਬੋਲ ਪਾਉਂਦੇ ਸੀ। ਉਹਨਾਂ ਦੇ ਟੀਨ ਦੀ ਛੱਤ ਵਾਲ਼ੇ ਛੋਟੇ ਜਿਹੇ ਘਰ ਵਿੱਚ ਉਹਨਾਂ ਦੀ ਖਾਂਸੀ ਦੀ ਆਵਾਜ਼ ਹੀ ਗੂੰਜਦੀ ਸੀ। ਇੱਥੋਂ ਤੱਕ ਕਿ ਘਰ ਦੇ ਬਾਹਰ ਵਿਹੜੇ ਵਿੱਚ ਕੁੱਕੜ ਦੀ ਆਵਾਜ਼ ਵੀ ਬਦਸ਼ਗਨੀ ਜਿਹੀ ਹੀ ਲੱਗਦੀ ਸੀ। ਘਰ ਦੇ ਅੰਦਰ ਲੱਕੜ ਦੇ ਮੰਜੇ ‘ਤੇ ਲਾਚਾਰ ਪਏ ਕਾਦਰ ਦੀ ਹਾਲਤ ਬਦਤਰ ਲੱਗ ਰਹੀ ਸੀ।
ਪਹਿਲਾਂ ਤਾਂ ਉਹ ਬਿਨਾਂ ਸਹਾਰੇ ਤੁਰ ਲੈਂਦੇ ਸੀ, ਪਿਛਲੀਆਂ ਸਭ ਗੱਲਾਂ ਯਾਦ ਸਨ ਅਤੇ ਕਮਜ਼ੋਰ ਜਿਹੀ ਆਵਾਜ਼ ਵਿੱਚ ਥੋੜ੍ਹੀ ਬਹੁਤ ਗੱਲ ਬਾਤ ਕਰ ਲੈਂਦੇ ਸਨ। ਪਰ ਨਵੰਬਰ ਆਉਂਦਿਆਂ ਆਉਂਦਿਆਂ ਉਹਨਾਂ ਦਾ ਲਕਵਾ ਵਧਦਾ ਗਿਆ ਅਤੇ ਉਹ ਆਪਣੇ ਹੱਥ ਵੀ ਹਿਲਾਉਣ ਤੋਂ ਅਸਮਰੱਥ ਹੋ ਗਏ ਸਨ। ਪਰ ਫ਼ਿਰ ਵੀ ਕਾਦਰ ਜੀ ਨੂੰ ਹੋਸ਼ ਸੀ, ਆਪਣੀ ਜ਼ਿੰਦਗੀ ਲਈ ਪੂਰੇ ਹੌਂਸਲੇ ਨਾਲ ਲੜਦੇ ਹੋਏ ਜਿਵੇਂ ਉਹ ਆਪਣੀ ਜਨਮਭੂਮੀ ਵਿੱਚ ਵੱਸਣ ਦੇ ਹੱਕ ਲਈ ਕਈ ਸਾਲਾਂ ਤੋਂ ਲੜਦੇ ਆ ਰਹੇ ਸਨ।
“15 ਕੁ ਦਿਨ ਪਹਿਲਾਂ ਉਹਨਾਂ ਨੂੰ ਬੁਖਾਰ ਨੇ ਜਕੜ ਲਿਆ ਅਤੇ ਸਰੀਰ ਵਿੱਚ ਖੂਨ ਦੀ ਕਮੀ ਹੋ ਗਈ।” ਅਸਾਮ ਵਿੱਚ ਆਪਣੇ ਪਿੰਡ ਗਰਮਾਰੀਗੁਰੀ ਵਿੱਚ ਆਪਣੇ ਘਰ ਦੇ ਵਰਾਂਡੇ ਵਿੱਚ ਖੜ੍ਹੇ ਕਾਦਰ ਜੀ ਦੇ 33-ਸਾਲਾ ਬੇਟੇ ਸ਼ਾਹਿਦਉੱਲ ਦੱਸਦੇ ਹਨ। “ਉਹ ਹੁਣ ਖਾਣ,ਬੋਲਣ ਜਾਂ ਹਿੱਲਜੁਲ ਕਰਨ ਤੋਂ ਅਸਮਰੱਥ ਹਨ। ਕਹਿਣਾ ਮੁਸ਼ਕਿਲ ਹੈ ਕਿ ਉਹ ਕਿੰਨੀ ਦੇਰ ਹੋਰ ਸਾਡੇ ਨਾਲ਼ ਹਨ,” ਉਹ ਕਹਿੰਦੇ ਹਨ।
ਕਾਦਰ ਹੋਸ਼ ਵਿੱਚ ਸਨ, ਅੱਖਾਂ ਖੁੱਲੀਆਂ ਜਿਵੇਂ ਕਿਸੇ ਆਸ ‘ਤੇ ਟਿਕੀਆਂ ਹੋਣ। ਉਹ ਆਸ ਜੋ ਸ਼ਾਇਦ ਉਤਨੀ ਹੀ ਛਿਣਭੰਗਰ ਸੀ ਜਿਵੇਂ ਢਲਦੇ ਸੂਰਜ ਦੀਆਂ ਕਿਰਨਾਂ ਜੋ ਇਕਲੌਤੇ ਦਰਵਾਜ਼ੇ ਅਤੇ ਟੀਨ ਦੀ ਛੱਤ ਦੀ ਝੀਥ ਵਿੱਚੋਂ ਝਾਕਦੀਆਂ ਹਨ।
ਸਾਡੀ ਮਿਲਣੀ ਦੇ ਕੁਝ ਹੀ ਦਿਨ ਬਾਅਦ, ਕਾਦਰ ਜੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਦਿਨ 18 ਨਵੰਬਰ 2025 ਦਾ ਸੀ ਅਤੇ ਉਹਨਾਂ ਦੀ ਉਮਰ 66 ਸਾਲ।











