ਅਸਾਮ ਦੇ ਜੋਰਹਾਟ ਜ਼ਿਲ੍ਹੇ ਵਿਖੇ ਨਾਗਾਲੈਂਡ ਦੀ ਸੀਮਾ 'ਤੇ ਇੱਕ ਛੋਟਾ-ਸਾ ਅਨੋਖਾ ਪਿੰਡ ਹੈ, ਨਾਮ ਹੈ ਪੋਹੁਕੋਟੀਆ ਸ਼ਿਆਮ। ਸਰਕਾਰੀ ਰਿਕਾਰਡ ਵਿੱਚ ਇਸਨੂੰ ਟਿਪੋਮੀਆ ਹਾਬੀ ਕਹਿੰਦੇ ਹਨ। ਇਸ ਪਿੰਡ ਦੇ ਨਿਰਮਲ ਅਤੇ ਮਨਮੋਹਣੇ ਭੂ-ਭਾਗ ਵਿੱਚ ਵੱਲ਼ ਖਾਂਦੀਆਂ ਪਗਡੰਡੀਆਂ ਅਤੇ ਸੰਘਣੀ ਹਰਿਆਲੀ ਤੁਹਾਨੂੰ ਕੀਲ਼ ਕੇ ਰੱਖ ਦਵੇਗੀ। ਲੱਕੜ ਦੇ ਖੰਭਿਆਂ 'ਤੇ ਬਣੇ ਰਵਾਇਤੀ ਸਾਂਗ ਘਰ ਤੇ ਬਗ਼ੀਚੀਆਂ ਬਾਂਸ ਦੀਆਂ ਵਾੜਾਂ ਨਾਲ਼ ਘੇਰੇ ਹੁੰਦੇ ਹਨ। 77 ਸਾਲਾ ਕਿਸਾਨ ਅਨੰਤ ਤੁਰੂੰ ਇਸ ਪਿੰਡ ਦੇ ਵਾਸੀ ਹਨ। ਅਨੰਤ ਆਪਣੀ ਮਾਤਰ-ਭਾਸ਼ਾ ਟਾਈ ਤੁਰੂੰ ਵਿੱਚ ਸ਼ਬਦਾਂ ਦਾ ਇੱਕ ਅਨੋਖਾ ਖਜ਼ਾਨਾ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ।
ਅਨੰਤ ਦੇ ਮੁਤਾਬਕ "ਭਾਸ਼ਾ ਪਾਣੀ ਵਾਂਗ ਹੁੰਦੀ ਹੈ, ਜਿਓਂ ਵਹਿੰਦੀ ਨਦੀ ਕੋਈ। ਜੋ ਸਦਾ ਇੱਕੋ ਜਿਹੀ ਨਹੀਂ ਰਹਿੰਦੀ। ਪਰ ਇਸਦਾ ਅਚਾਨਕ ਬਦਲ ਜਾਣਾ ਵੀ ਸਹੀ ਨਹੀਂ ਨਾ ਹੀ ਇਹਨੂੰ ਖ਼ਤਮ ਹੋਣਾ ਚਾਹੀਦਾ ਹੈ।" ਇਸੇ ਵਿਚਾਰ ਨਾਲ਼ ਜੀ ਰਹੇ ਇਹ ਸਧਾਰਣ ਕਿਸਾਨ ਆਪਣੀ ਮਾਤਰ-ਭਾਸ਼ਾ ਦੀ ਦਸਤਾਵੇਜ਼ੀ ਕਰਨ ਅਤੇ ਉਸਨੂੰ ਸੁਰੱਖਿਅਤ ਕਰਨ ਵਿੱਚ ਪੰਜ ਦਹਾਕਿਆਂ ਤੋਂ ਵੱਧ ਲਗਾ ਦਿੱਤੇ ਹਨ। ਉਹ ਆਪਣੀ ਤੁਰੂੰ ਕਬੀਲੇ ਦੀ ਉਤਪਤੀ 'ਤੇ ਅਧਿਐਨ ਕਰ ਰਹੇ ਹਨ। ਉਹ ਸ਼ਬਦ ਇਕੱਠੇ ਕਰਦੇ ਹਨ, ਉਨ੍ਹਾਂ ਦੇ ਮੂਲ਼ ਅਤੇ ਵਿਆਕਰਨ ਨੂੰ ਸਮਝਦੇ ਹਨ ਅਤੇ ਆਪਣੇ ਇਲਾਕੇ ਵਿੱਚ ਬਾਰ-ਬਾਰ ਹੋਏ ਪਲਾਇਨ ਤੇ ਸੱਭਿਆਚਾਰਕ ਮੇਲ-ਜੋਲ ਦਾ ਭਾਸ਼ਾ ਦੇ ਬਦਲਦੇ ਰੂਪ ਅਤੇ ਵਰਤੋਂ 'ਤੇ ਅਸਰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਦੇ ਨਾਲ਼ ਉਹ ਇਹ ਸਭ ਬਾਰੇ ਕਿਤਾਬਾਂ, ਮੈਗ਼ਜੀਨਾਂ ਅਤੇ ਅਖ਼ਬਾਰਾਂ ਵਿੱਚ ਵੀ ਲਿਖਦੇ ਰਹਿੰਦੇ ਹਨ।
ਇਹ ਸਾਰਾ ਕੰਮ ਉਹ ਆਪਣੇ ਖਰਚ 'ਤੇ ਆਪਣੀ ਪੰਜ ਬਿਘਾ (1.6 ਏਕੜ) ਜ਼ਮੀਨ ਤੋਂ ਹੋਣ ਵਾਲ਼ੀ ਥੋੜ੍ਹੀ ਬਹੁਤ ਕਮਾਈ ਨਾਲ਼ ਕਰਦੇ ਹਨ। ਇਕ ਵੇਂਚਰ ਸਕੂਲ 'ਚ ਗੈਰ-ਰਸਮੀ ਅਧਿਆਪਕ ਅਤੇ ਪ੍ਰਸ਼ਾਸਕ ਦੇ ਤੌਰ 'ਤੇ ਉਨ੍ਹਾਂ ਨੇ 40 ਸਾਲ ਤੋਂ ਵੱਧ ਨੌਕਰੀ ਕੀਤੀ, ਪਰ ਫਿਰ ਵੀ ਉਨ੍ਹਾਂ ਨੂੰ ਕਦੇ ਕੋਈ ਤਨਖ਼ਾਹ ਨਹੀਂ ਮਿਲ਼ੀ। ਜਦੋਂ ਇਸ ਸਕੂਲ ਨੂੰ ਸਰਕਾਰੀ ਮਦਦ ਮਿਲ਼ੀ ਅਤੇ ਉਹ ਕਲਰਕ ਦੀ ਤਨਖ਼ਾਹ ਲੈਣ ਦੇ ਹੱਕਦਾਰ ਬਣੇ, ਉਸ ਵੇਲ਼ੇ ਤੱਕ ਉਨ੍ਹਾਂ ਦੀ ਰਿਟਾਇਰਮੈਂਟ ਵਿੱਚ ਸਿਰਫ਼ ਤਿੰਨ ਮਹੀਨੇ ਬਚੇ ਸਨ। ਪਰ ਆਪਣੀ ਭਾਸ਼ਾ ਬਚਾਉਣ ਦੇ ਉਨ੍ਹਾਂ ਦੇ ਮਿਸ਼ਨ ਦੀ ਰਾਹ ਵਿੱਚ ਕੋਈ ਚੀਜ਼ ਰੁਕਾਵਟ ਨਹੀਂ ਬਣ ਸਕੀ।










