“ਕਹਰ ਬਰਪਾ ਥਾ [ਨਿਰੀ ਤਬਾਹੀ ਮੱਚੀ ਹੋਈ ਸੀ],” ਵਿਲੱਖਣ ਨਾਮ ਵਾਲ਼ੇ ਟਾਈਮ ਪਾਸ ਯਾਦ ਕਰਦੇ ਹਨ। “ਬਹੁਤ ਲਾਸ਼ ਜਲਾਯਾ ਥਾ। ਗਿਣਤੀ ਕੇ ਬਾਹਰ ਹੋ ਗਿਆ ਥਾ [ਇੰਨੀਆਂ ਲਾਸ਼ਾਂ ਸੀ ਕਿ ਗਿਣਤੀ ਰੱਖਣੀ ਮੁਸ਼ਕਿਲ ਸੀ]।”
ਕੋਵਿਡ-19 ਮਹਾਂਮਾਰੀ ਦੇ ਪੰਜ ਸਾਲ ਬਾਅਦ ਪਟਨਾ ਵਿੱਚ ਗੰਗਾ ਦੇ ਕੰਢੇ ਵੱਸੇ ਸਭ ਤੋਂ ਪੁਰਾਣੇ ਸ਼ਮਸ਼ਾਨਘਾਟ, ਬਾਂਸ ਘਾਟ ‘ਤੇ 21 ਸਾਲਾ ਟਾਈਮ ਪਾਸ ਮੁੜ ਅਲੋਪ ਹੋ ਗਏ ਹਨ। ਮਹਾਂਮਾਰੀ ਦੌਰਾਨ ਉਹ ਥੋੜ੍ਹੇ ਸਮੇਂ ਲਈ ਉੱਭਰੇ ਸਨ। ਪਰ ਹੁਣ ਉਹ ਸ਼ਹਿਰ ਵਿੱਚ ਨਜ਼ਰਾਂ ਵਿੱਚ ਚੜ੍ਹੇ ਬਗ਼ੈਰ, ਉੱਜੜੇ ਅਤੇ ਬੇਕਾਰ ਘੁੰਮ ਰਹੇ ਹਨ।
ਕੋਈ ਪੱਕਾ ਕੰਮ ਜਾਂ ਆਮਦਨੀ ਦਾ ਸਾਧਨ ਨਾ ਹੋਣ ਕਾਰਨ ਇੱਧਰ-ਉੱਧਰ ਭਟਕਦਿਆਂ, ਉਹ ਹੁਣ ਆਪਣੇ ਨਾਮ ਟਾਈਮ ਪਾਸ ਨੂੰ ਸਾਰਥਕ ਕਰਦੇ ਜਾਪਦੇ ਹਨ।
ਪਰ ਉਹਨਾਂ ਨੂੰ ਇਹ ਨਾਮ ਮਿਲ਼ਣ ਦੀ ਵਜਾਹ ਇਹ ਨਹੀਂ ਸੀ। ਇਸ ਦਾ ਦੋਸ਼ ਉਹਨਾਂ ਦੇ ਚਾਚੇ ਜੁਗਨੂੰ ਰਾਮ ਦੇ ਸਿਰ ਜਾਂਦਾ ਹੈ। ਉਹਨਾਂ ਦੇ ਜਨਮ ਵੇਲੇ ਜੁਗਨੂੰ ਰਾਮ ਸੰਨੀ ਦਿਓਲ ਦੀ ਇੱਕ ਫ਼ਿਲਮ ਦੇਖ ਕੇ ਵਾਪਿਸ ਆਏ ਸਨ। ਅਤੇ ਜਦ ਘਰ ਦੀਆਂ ਔਰਤਾਂ ਨੇ ਉਹਨਾਂ ਨੂੰ ਵਿਹਲੇ ਘੁੰਮਦੇ ਰਹਿਣ ਨੂੰ ਲੈ ਕੇ ਛੇੜਿਆ, ਤਾਂ ਉਹਨਾਂ ਨੇ ਉਹੀ ਮਖੌਲ ਮੁੰਡੇ ਦੇ ਨਾਂ ਵਿੱਚ ਅੱਗੇ ਤੋਰ ਦਿੱਤਾ।
“ਹੁਣ ਜੋ ਵੀ ਕੰਮ ਮਿਲ਼ਦਾ ਹੈ, ਮੈਂ ਕਰ ਲੈਂਦਾ ਹਾਂ,” ਟਾਈਮ ਪਾਸ ਦਾ ਕਹਿਣਾ ਹੈ। “ਮੈਂ ਮੈਟਰੋ ਵਿੱਚ ਪਖ਼ਾਨੇ ਸਾਫ਼ ਕਰਦਾ ਹਾਂ, ਕਦੇ ਗਟਰ, ਕਦੇ ਕਿਸੇ ਸੜੇ ਹੋਏ ਸੂਰ ਨੂੰ ਚੁੱਕਦਾ ਹਾਂ, ਕਦੇ ਕਿਸੇ ਲਾਵਾਰਿਸ ਲਾਸ਼ ਦਾ ਸਸਕਾਰ ਕਰਦਾ ਹਾਂ। ਮੈਂ ਕੂੜਾ ਇਕੱਠਾ ਕਰਨ ਦਾ ਕੰਮ ਵੀ ਕਰਦਾ ਹਾਂ,” ਉਹ ਆਪਣੇ ਕੰਮਾਂ ਦੀ ਫੇਹਰਿਸਤ ਦੱਸਦੇ ਹਨ।
ਜਦੋਂ ਵੀ ਸ਼ਹਿਰ ਨੂੰ ਆਪਣੀਆਂ ਮੁਰਦਾ, ਸੜਦੀਆਂ ‘ਤੇ ਲਾਵਾਰਿਸ ਲਾਸ਼ਾਂ ਹਟਾਉਣ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਹ ਟਾਈਮ ਪਾਸ ਵਰਗੇ ਲੋਕਾਂ ਨੂੰ ਯਾਦ ਕਰਦਾ ਹੈ। ਜੇ ਕਿਸੇ ਮੁਰਦਾਰ ਦੀ ਬਦਬੂ ਹਵਾ ਵਿੱਚ ਫੈਲ ਜਾਵੇ, ਤਾਂ ਟਾਈਮ ਪਾਸ ਨੂੰ ਸੱਦਿਆ ਜਾਂਦਾ ਹੈ। ਰੇਲ ਦੀਆਂ ਪਟੜੀਆਂ ਉੱਤੇ ਕੋਈ ਲਾਸ਼ ਕੁਚਲੀ ਪਈ ਹੋਵੇ, ਤਾਂ ਫ਼ਿਰ ਟਾਈਮ ਪਾਸ ਨੂੰ ਯਾਦ ਕੀਤਾ ਜਾਂਦਾ ਹੈ। ਸ਼ਹਿਰ ਦੇ ਕਿਸੇ ਕੋਨੇ ਵਿੱਚ ਕੋਈ ਲਾਵਾਰਸ ਲਾਸ਼ ਪਈ ਹੋਵੇ, ਤਾਂ ਪੁਲਿਸ ਦੀ ਇੱਕ ਜੀਪ ਭੇਜੀ ਜਾਂਦੀ ਹੈ, ਤੇ ਉਹ ਪੋਸਟਮਾਰਟਮ ਕਮਰੇ ਦੇ ਬਾਹਰ ਉਡੀਕ ਕਰ ਰਹੇ ਮਿਲ਼ਦੇ ਹਨ।
ਇਹ ਬੁਲਾਵੇ ਇਸ ਲਈ ਨਹੀਂ ਆਉਂਦੇ ਕਿ ਉਹ ਇਸ ਕੰਮ ਲਈ ਸਿਖਲਾਈ-ਪ੍ਰਾਪਤ ਹਨ, ਸਗੋਂ ਇਸ ਲਈ ਕਿ ਉਹ ਇੱਕ ਡੋਮ ਹਨ। ਡੋਮਾਂ ਨੂੰ ਮਹਾਂਦਲਿਤ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ – ਬਿਹਾਰ ਦੇ ਸਭ ਤੋਂ ਵਾਂਝੇ ਸਮਾਜਿਕ ਵਰਗਾਂ ਵਿੱਚੋਂ ਇੱਕ। 2023 ਦੇ ਤਾਜ਼ਾ ਜਾਤੀ ਸਰਵੇਖਣ ਮੁਤਾਬਕ, ਸੂਬੇ ਦੀ 13.1 ਕਰੋੜ ਆਬਾਦੀ ਵਿੱਚੋਂ ਇਨ੍ਹਾਂ ਦੀ ਗਿਣਤੀ 2,63,512, ਯਾਨੀ ਸਿਰਫ਼ 0.20 ਫ਼ੀਸਦੀ ਹੈ।
ਉਹ ਹਿੰਦੂ ਜਾਤੀ-ਕ੍ਰਮ ਦੇ ਸਭ ਤੋਂ ਹੇਠਲੇ ਪਾਇਦਾਨ ‘ਤੇ ਦੱਬੇ-ਕੁਚਲੇ ਪਾਏ ਜਾਂਦੇ ਹਨ। ਜ਼ਿਆਦਾਤਰ ਉਸ ਕਿੱਤੇ ਵਿੱਚ ਫ਼ਸੇ ਹੋਏ ਹਨ ਜੋ ਉੱਚੀ ਜਾਤ ਵਾਲ਼ਿਆਂ ਨੇ ਉਨ੍ਹਾਂ ਉੱਤੇ ਥੋਪਿਆ ਹੈ। ਮੁਰਦਿਆਂ ਦੀ ਸੰਭਾਲ, ਜਾਂ ਫ਼ਿਰ ਸਫ਼ਾਈ ਦਾ ਕੰਮ।

















