15 ਮਈ 2026 ਰੋਜ਼ਮੱਰਾ ਦੇ ਕੰਮਾਂ ਵਿਚਾਲੇ ਇੱਕ ਪਰੇਸ਼ਾਨ ਕਰ ਦੇਣ ਵਾਲ਼ੀ ਖ਼ਬਰ ਦੇਖ ਕੇ ਮੈਂ ਥੋੜ੍ਹੀ ਦੇਰ ਲਈ ਸੁੰਨ੍ਹ ਪੈ ਗਈ: ਗੁਜਰਾਤ ਦੇ ਸੂਰਤ ਵਿੱਚ ਸਾੜੀ ਪੈਕੇਜਿੰਗ ਦੇ ਇੱਕ ਕਾਰਖ਼ਾਨੇ ਤੋਂ 93 ਬੱਚਿਆਂ ਨੂੰ ਛੁਡਾਇਆ ਗਿਆ। ਮੈਂ ਮਨ ਹੀ ਮਨ ਦੁਆ ਕੀਤੀ ਕਿ ਕਾਸ਼ ਉਨ੍ਹਾਂ ਬੱਚਿਆਂ ਵਿੱਚ ਅੱਬਾਸ ਵੀ ਹੁੰਦਾ।
ਮੱਠੀ ਰੌਸ਼ਨੀ ਵਾਲ਼ੇ, ਸਿੱਲ੍ਹ ਭਰੇ ਕਮਰੇ ਵਿੱਚ ਮੈਂ ਇੱਕ ਕਮਜ਼ੋਰ ਤੇ ਪਤਲੇ ਬੱਚੇ ਦੇ ਨਾਲ਼ ਬੈਠੀ ਸਾਂ। ਕਮਰੇ ਵਿੱਚ ਕੱਪੜਿਆਂ ਦੇ ਰੇਸ਼ਿਆਂ 'ਚੋਂ ਉੱਠਣ ਵਾਲ਼ੀ ਗੰਧ ਤੈਰ ਰਹੀ ਸੀ। ਉਹ ਬੱਚਾ ਆਪਣੇ ਕੰਮ ਵਿੱਚ ਪੂਰੀ ਤਰ੍ਹਾਂ ਡੁੱਬਿਆ ਹੋਇਆ ਸੀ। ਸੁਨਹਿਰੇ ਧਾਤੂ ਤੋਂ ਬਣੇ ਜ਼ਰੀ ਦੀਆਂ ਤਾਰਾਂ ਨਾਲ਼ ਉਹ ਕੱਪੜੇ 'ਤੇ ਉੱਡਦੇ ਪੰਛੀਆਂ, ਖੇਤਾਂ ਵਿੱਚ ਲਹਿਰਾਉਂਦੀਆਂ ਫ਼ਸਲਾਂ ਦੇ ਬਰੀਕ ਨਮੂਨੇ ਕੱਢ ਰਿਹਾ ਸੀ। ਲੱਕੜ ਦੇ ਅੱਡੇ (ਫ਼ਰੇਮ) 'ਤੇ ਸਾੜੀ ਤਣੀ ਹੋਈ ਸੀ ਤੇ ਆਪਣੇ ਹੱਥਾਂ ਵਿੱਚ ਬੇਹੱਦ ਮਹੀਨ ਸੰਦ, ਆਰੀ ਫੜ੍ਹੀ ਉਹ ਇੱਕ-ਇੱਕ ਕਰਕੇ ਉਸ 'ਤੇ ਮੋਤੀ, ਸਿਤਾਰੇ ਤੇ ਕੁਝ ਕੀਮਤੀ ਨਗ ਲਗਾ ਰਿਹਾ ਸੀ। ਉਹਦਾ ਕੌਸ਼ਲ ਕਮਾਲ ਦਾ ਸੀ। ਉਹ ਨਹੂੰਆਂ ਵਿੱਚ ਬੀਤੇ ਦਿਨ ਦੀ ਮੈਲ਼ ਭਰੀ ਹੋਈ ਸੀ।
ਅੱਬਾਸ ਵੀ ਉਸ ਕਮਰੇ ਵਿੱਚ ਕੈਦ ਬਾਕੀ ਬੱਚਿਆਂ ਜਿਹਾ ਹੀ ਦਿੱਸਦਾ ਸੀ। ਵੱਡੀਆਂ-ਵੱਡੀਆਂ ਬੁਝੀਆਂ ਅੱਖਾਂ ਅਤੇ ਲੰਬੀਆਂ, ਫੁਰਤੀਲੀਆਂ ਉਂਗਲਾਂ… ਜਿਨ੍ਹਾਂ ਬਾਰੇ ਕਾਰਖ਼ਾਨੇ ਦੇ ਮਾਲਕ ਦਾਅਵਾ ਕਰਦੇ ਸਨ ਕਿ ਜ਼ਰੀ ਦੀਆਂ ਸਾੜੀਆਂ 'ਤੇ ਇੰਨੀ ਬਰੀਕੀ ਨਾਲ਼ ਕੰਮ ਕਰਨ ਲਈ ਉਨ੍ਹਾਂ ਤੋਂ ਬਿਹਤਰ ਦੂਜਾ ਕੋਈ ਨਹੀਂ ਹੋ ਸਕਦਾ। ਲਗਾਤਾਰ ਆਰੀ ਚਲਾਉਂਦੇ ਹੱਥਾਂ ਨਾਲ਼ ਉਹ ਬੱਸ ਮਾੜਾ-ਮੋਟਾ ਹੀ ਸਿਰ ਹਿਲਾ ਰਿਹਾ ਸੀ, ਉਸ ਕੋਲ਼ ਹੋਰ ਕੁਝ ਵੀ ਕਹਿਣ ਨੂੰ ਸੀ ਨਹੀਂ। ਉਹ ਜਿਓਂ ਸਧਾਰਣ ਜੀਵਨ ਤੋਂ ਪੂਰੀ ਤਰ੍ਹਾਂ ਕੱਟ ਚੁੱਕਿਆ ਸੀ। ਉਹਨੂੰ ਨਾ ਸਮੇਂ ਦਾ ਪਤਾ ਸੀ, ਨਾ ਤਰੀਕ ਦਾ, ਨਾ ਦਿਨ ਦਾ ਤੇ ਨਾ ਹੀ ਸਾਲ ਦਾ।
ਉਹਨੇ ਕਿਹਾ,''ਮੈਂ ਸਕੂਲ ਜਾਣ ਦਾ ਸੁਪਨਾ ਨਹੀਂ ਦੇਖਦਾ।'' ਜਦੋਂ ਮੈਂ ਹੌਲ਼ੀ-ਹੌਲ਼ੀ ਕਰਕੇ ਉਸ ਤੋਂ ਕੁਝ ਹੋਰ ਸਵਾਲ ਪੁੱਛੇ ਤਾਂ ਉਹ ਫ਼ੁਸਫੁਸਾ ਕੇ ਬੋਲਿਆ,''ਮੈਂ ਪਤੰਗ ਵੀ ਨਹੀਂ ਉਡਾਉਂਦਾ।'' ਉਹ ਆਪਣੇ ਗ਼ਰੀਬ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਉਹਨੇ ਦੱਸਿਆ ਕਿ ਰਾਤੀਂ ਉਹ ਜਾਂ ਤਾਂ ਲੱਕੜ ਦੇ ਉਨ੍ਹਾਂ ਫਰੇਮਾਂ ਵਿਚਾਲੇ ਜਗ੍ਹਾ ਬਣਾ ਕੇ ਭੁੰਜੇ ਹੀ ਸੌਂਦਾ ਹੈ, ਜਿਨ੍ਹਾਂ 'ਤੇ ਉਹ ਪੂਰਾ ਦਿਨ ਕੰਮ ਕਰਦਾ ਹੈ ਜਾਂ ਫਿਰ ਕਾਰਖ਼ਾਨੇ ਦੇ ਸ਼ਟਰ ਦੇ ਬਾਹਰ ਬਣੇ ਕੰਕਰੀਟ ਦੇ ਫੁਟਪਾਥ 'ਤੇ ਹੀ ਸੌਂ ਜਾਂਦਾ ਹੈ। ਉਸ ਹਨ੍ਹੇਰੇ, ਘੁਟਣ ਭਰੇ, ਬਿਨਾ ਹਵਾ ਵਾਲ਼ੇ ਕਾਰਨਖਾਨੇ ਦੀ ਧੂੜ ਭਰੀ ਛੱਤ ਹੀ ਅੱਬਾਸ ਦਾ ਆਸਮਾਨ ਸੀ। ਮੈਨੂੰ ਨਹੀਂ ਲੱਗਦਾ ਕਿ ਉਹਨੂੰ ਕਦੇ ਉਸ ਕਾਰਖ਼ਾਨੇ ਤੋਂ ਬਾਹਰ ਨਿਕਲ਼ਣ ਦਾ ਮੌਕਾ ਵੀ ਮਿਲ਼ਿਆ ਹੋਣਾ।
ਪਰ ਉਦੋਂ ਤੋਂ ਅੱਬਾਸ ਮੇਰੀਆਂ ਯਾਦਾਂ ਵਿੱਚ ਮੇਰੇ ਨਾਲ਼ ਚੱਲਦਾ ਹੈ। ਅੱਜ ਜਦੋਂ ਮੈਂ ਇਹ ਖ਼ਬਰ ਦੇਖੀ, ਤਾਂ ਮਨ ਹੋਇਆ ਕਿ ਖ਼ਬਰ ਦੀਆਂ ਸੁਰਖੀਆਂ ਨੂੰ ਇੱਕ ਗੀਤ ਵਿੱਚ ਢਾਲ਼ ਦਿਆਂ। ਗਟਾਰ ਦੇ ਸੀ. ਮਾਈਨਰ ਸੁਰ ਵਿੱਚ ਇਸ ਦੁੱਖ ਨੂੰ ਪਿਰੋ ਦਿਆਂ। ਪਰ ਕੋਈ ਵੀ ਸ਼ਬਦ ਉਸ ਦਰਦ ਨੂੰ ਕਲਾਵੇ ਵਿੱਚ ਭਰਨ ਲਈ ਨਾਕਾਫ਼ੀ ਹੀ ਸਾਬਤ ਹੋਇਆ। ਇਹ ਗੀਤ ਉਸ ਦਮਘੋਟੂ ਅਹਿਸਾਸ ਨੂੰ ਬਿਆਨ ਨਹੀਂ ਕਰ ਸਕਦਾ ਜਿਹਨੂੰ ਮੈਂ ਉਸ ਦਿਨ ਆਪਣੇ ਨਾਲ਼ ਘਰ ਲੈ ਕੇ ਆਈ ਸਾਂ, ਜਦੋਂ ਮੈਂ ਪਹਿਲੀ ਵਾਰ ਅੱਬਾਸ ਨੂੰ ਮਿਲ਼ੀ ਸਾਂ।


