ਇੱਥੇ ਪਹਿਲਾਂ ਤੋਂ ਹੀ ਹਜ਼ਾਰਾਂ-ਹਜ਼ਾਰ ਖ਼ਾਨਾਬਦੋਸ਼ ਆਜੜੀ ਆਣ ਜੁੜੇ ਹਨ ਤੇ ਅਜੇ ਹੋਰ ਆਈ ਹੀ ਜਾ ਰਹੇ ਹਨ। ਆਉਣ ਵਾਲ਼ਿਆਂ ਵਿੱਚ ਵੱਖੋ-ਵੱਖ ਭਾਈਚਾਰਿਆਂ ਦੇ ਲੋਕ ਹਨ, ਮਹਾਰਾਸ਼ਟਰ ਤੋਂ ਧਨਗਰ ਤੇ ਕਰਨਾਟਕ ਤੋਂ ਕੁਰੂਬਾ। ਸਾਲ ਭਰ ਉਨ੍ਹਾਂ ਦੇ ਪ੍ਰਵਾਸ ਦਾ ਰੂਟ ਜਿਹੜਾ ਮਰਜ਼ੀ ਹੋਵੇ ਪਰ ਅਕਤੂਬਰ-ਨਵੰਬਰ ਵਿੱਚ ਸਾਰੇ ਦੇ ਸਾਰੇ ਪੱਟਣ ਕੋਡੋਲੀ ਪਿੰਡ ਆਣ ਜੁੜਦੇ ਤੇ ਉੱਡਦੇ ਪੀਲੇ ਰੰਗਾਂ ਦੇ ਬੱਦਲਾਂ ਹੇਠ ਜਸ਼ਨ ਮਨਾਉਂਦੇ ਹਨ।
ਇਹ ਸਮਾਂ ਸਾਰਿਆਂ ਦੇ ਇਕੱਠੇ ਹੋਣ ਤੇ ਆਪਣੇ ਸਾਂਝੇ ਦੇਵਤੇ ਵਿੱਠਲ ਬੀਰਦੇਵ ਮਹਾਰਾਜ ਦਾ ਜਨਮ ਦਿਹਾੜੇ ਦਾ ਜਸ਼ਨ ਮਨਾਉਣ ਦਾ ਸਮਾਂ ਹੁੰਦਾ ਹੈ ਜਿਹਦਾ ਅਯੋਜਨ ਕਿ ਹਟਕਨੰਗਲ ਤਾਲੁਕਾ ਦੇ ਇਸ ਸਧਾਰਣ ਪਿੰਡ ਵਿਖੇ ਉਨ੍ਹਾਂ ਦੇ ਮੰਦਰ ਵਿੱਚ ਹੁੰਦਾ ਹੈ। ਇਸ ਮੌਕੇ ਕੋਲ੍ਹਾਪੁਰ ਦੇ ਅਸਮਾਨ ਵਿੱਚ ਇੱਕ ਵੱਖਰੀ ਹੀ ਕਿਸਮ ਦਾ ਮੀਂਹ ਵਰ੍ਹਦਾ ਹੈ। ਵਰ੍ਹਦਾ ਮੀਂਹ ਤੇ ਭਗਤਾਂ ਦੇ ਥਿੜਕਦੇ ਪੈਰ ਚੁਗਿਰਦੇ ਨੂੰ ਬਗ਼ੈਰ ਨੁਕਸਾਨ ਪਹੁੰਚਾਏ ਲੋਕਾਂ, ਘਰਾਂ ਤੇ ਖੇਤਾਂ ਨੂੰ ਹਿਲਾ ਛੱਡਦੇ ਹਨ।
ਪੂਰੇ ਦੇਸ਼ ਦੇ ਧਨਗਰ ਤੇ ਕੁਰੂਬਾਂ ਭਾਈਚਾਰਿਆਂ ਦੇ ਉਪ-ਸਮੂਹ ਤੇ ਉਪ-ਜਾਤਾਂ, ਜੋ ਵਿੱਠਲ ਬੀਰਦੇਵ ਨੂੰ ਆਜੜੀਆਂ ਤੇ ਕਿਸਾਨਾਂ ਦਾ ਰਾਖਵਾਲਾ ਮੰਨਦੇ ਹਨ। ''ਵਿੱਠਲ ਬੀਰਦੇਵ ਦਾ ਸਾਡੇ ਜੀਵਨ ਵਿੱਚ ਬੜਾ ਮਹੱਤਵ ਹੈ। ਉਹ ਨਾ ਸਿਰਫ਼ ਸਾਡਾ ਦੈਵੀ ਰਖਵਾਲਾ ਹੈ ਬਲਕਿ ਸਾਡੀ ਆਤਮਕ ਸ਼ਾਂਤੀ ਤੇ ਸਾਡਾ ਰਹਿਨੁਮਾ ਵੀ ਹੈ। ਉਹ ਸਾਡੇ ਅਡਿੱਗ ਵਿਸ਼ਵਾਸ, ਉਮੀਦ ਤੇ ਭਗਤੀ ਦਾ ਪ੍ਰਤੀਕ ਵੀ ਹੈ,'' ਇੱਕ ਭਗਤ ਮੈਨੂੰ ਦੱਸਦਾ ਹੈ।





























