ਕਜਲਈਆਂ ਦੇ ਸਲਾਨਾ ਤਿਓਹਾਰ ਦੀਆਂ ਤਿਆਰੀਆਂ ਕੋਈ ਨੌ ਦਿਨ ਪਹਿਲਾਂ ਹੀ ਸ਼ੁਰ ਹੋ ਜਾਂਦੀਆਂ ਹਨ ਜਦੋਂ ਬੁੰਦੇਲਖੰਡ ਤੇ ਬਾਘੇਲਖੰਡ ਦੇ ਲੋਕੀਂ ਕੱਚੇ ਕੁੱਜਿਆਂ ਵਿੱਚ ਕਣਕ ਦੇ ਦਾਣੇ ਬੀਜਦੇ ਹਨ। ਉਨ੍ਹਾਂ ਦਾਣਿਆਂ ਦਾ ਪੂਰਾ ਪਾਲਣ-ਪੋਸ਼ਣ ਕੀਤਾ ਜਾਂਦਾ ਹੈ ਤੇ ਇੱਕ ਵਾਰੀਂ ਜਦੋਂ ਉਹ ਉੱਗ ਪੈਂਦੇ ਹਨ ਤਾਂ ਅਨਾਜ ਦੀ ਪੂਜਾ ਕੀਤੀ ਜਾਂਦੀ ਹੈ। ਇਸ ਪੁੰਗਰੇ ਅਨਾਜ ਨੂੰ ਖੁਜਲੂ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਟੋਕਰੀਆਂ ਵਿੱਚ ਪਾ ਕੇ ਔਰਤਾਂ ਆਪਣੇ ਸਿਰਾਂ 'ਤੇ ਚੁੱਕੀ ਮੰਦਰ ਤੱਕ ਜਾਂਦਿਆਂ ਰਵਾਇਤੀ ਗੀਤ ਗਾਉਂਦੀਆਂ ਜਾਂਦੀਆਂ ਹਨ।
''ਅਸੀਂ ਕਜਲਈਆਂ ਦਾ ਇਹ ਤਿਓਹਾਰ ਬੜੀ ਧੂਮ-ਧਾਮ ਨਾਲ਼ ਮਨਾਉਂਦੇ ਹਾਂ,'' ਮਮਤਾ ਕਹਿੰਦੇ ਹਨ ਜੋ ਸ਼ਾਹਡੋਲ ਜ਼ਿਲ੍ਹੇ ਦੇ ਪਚਗਾਓਂ ਵਿਖੇ ਮੰਦਰ ਵੱਲ ਨੂੰ ਜਾਂਦੀਆਂ ਔਰਤਾਂ ਦੇ ਨਾਲ਼-ਨਾਲ਼ ਗਾਉਂਦੇ ਵੀ ਹਨ ਤੇ ਢੋਲ਼ਕੀ ਵੀ ਵਜਾਉਂਦੇ ਹਨ।
ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਫੈਲੇ ਇਨ੍ਹਾਂ ਖੇਤਰਾਂ ਲਈ ਇਹ ਇੱਕ ਵਿਸ਼ੇਸ਼ ਤਿਓਹਾਰ ਹੈ। ਮੁਕਾਮੀ ਲੋਕਾਂ ਲਈ ਇਹ ਤਿਓਹਾਰ ਇਕਜੁਟਤਾ, ਮਾਫ਼ ਕਰਨ ਤੇ ਅੱਗੇ ਵਧਣ ਦਾ ਪ੍ਰਤੀਕ ਹੈ। ਲੋਕਾਂ ਦਾ ਮੰਨਣਾ ਹੈ ਕਿ ਕਿਸੇ ਨੂੰ ਖੁਜਲੂ ਦੀ ਪੇਸ਼ਕਸ਼ ਕਰਨਾ ਸਮਝੋ ਉਸ ਵਿਅਕਤੀ ਨੂੰ ਅਪਣਾਉਣਾ ਤੇ ਸਦਭਾਵਨਾ ਬਹਾਲ ਕਰਨਾ ਹੈ। ਬ੍ਰਾਹਮਣ ਤੇ ਰਾਜਪੂਤ ਵਰਗੇ ਉੱਚ-ਜਾਤੀ ਦੇ ਭਾਈਚਾਰੇ ਧਵਾਜਾ ਜਲੂਸ ਦੀ ਮੇਜ਼ਬਾਨੀ ਕਰਦੇ ਹਨ ਤੇ ਆਪੋ-ਆਪਣੇ ਘਰਾਂ ਵਿੱਚ ਰਸਮਾਂ ਅਦਾ ਕਰਦੇ ਹਨ। ਗੋਂਡ ਤੇ ਬੈਗਾ ਆਦਿਵਾਸੀ ਭਾਈਚਾਰੇ ਲੋਕ ਗੀਤ ਗਾਉਂਦਿਆਂ ਥਿੜਕਦੇ ਪੈਰਾਂ ਨਾਲ਼ ਜਸ਼ਨ ਦਾ ਮਾਹੌਲ ਸਿਰਜਦੇ ਹਨ।
''ਇੱਥੇ ਮੇਲੇ ਵਰਗਾ ਮਾਹੌਲ ਹੋਇਆ ਕਰਦਾ,'' ਮੰਦਰ ਦੀ ਦੇਖਭਾਲ਼ ਕਰਨ ਵਾਲ਼ੇ ਰਾਮਸਵਰੂਪ ਵਿਸ਼ਵਕਰਮਾ ਕਹਿੰਦੇ ਹਨ,''ਦੂਰੋਂ-ਦੂਰੋਂ ਲੋਕੀਂ ਵਧਚੜ੍ਹ ਕੇ ਹਿੱਸਾ ਲੈਣ ਆਉਂਦੇ। ਭਜਨ-ਕੀਰਤਨ ਦੀਆਂ ਅਵਾਜ਼ਾਂ ਹਵਾ ਵਿੱਚ ਤੈਰਿਆਂ ਕਰਦੀਆਂ ਤੇ ਸਾਰਾ ਪਿੰਡ ਖ਼ੁਸ਼ੀ ਨਾਲ਼ ਜੀਵੰਤ ਹੋ ਉੱਠਦਾ।''


