ਦੇਵੇਸ਼ਵਰੀ ਨੂੰ ਸਕੂਲੋਂ ਤਾਂ 2 ਵਜੇ ਛੁੱਟੀ ਹੋ ਜਾਂਦੀ ਹੈ, ਪਰ ਉਹਨੂੰ ਕੰਮ ਤੋਂ ਛੁੱਟੀ ਨਹੀਂ ਮਿਲ਼ਦੀ। ਮੋਢੇ 'ਤੇ ਝੋਲ਼ਾ ਲਮਕਾਈ, ਸੂਤੀ ਚੁੰਨ੍ਹੀ ਨਾਲ਼ ਸਿਰ ਢੱਕੀ ਉਹ 40 ਡਿਗਰੀ ਦੀ ਲੂਹ ਸੁੱਟਣ ਵਾਲ਼ੀ ਗਰਮੀ ਵਿੱਚ ਤੁਰਦੀ ਜਾਂਦੀ ਹੈ। ਦਰਅਸਲ ਹਾਲੇ ਵੀ ਉਹ ਘਰ ਨਹੀਂ ਜਾ ਰਹੀ, ਉਹ ਤਾਂ ਬਾਲਣ ਲੱਭਣ ਜਾ ਰਹੀ ਹੈ। "ਮੈਂ ਇਸ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਹਾਂ," ਉਹ ਕਹਿੰਦੇ ਹਨ,"ਪਰ ਅਧਿਆਪਿਕਾ ਹੋਣ ਦੇ ਨਾਲ਼-ਨਾਲ਼ ਮੈਨੂੰ ਇਹ ਵੀ ਯਕੀਨੀ ਬਣਾਉਣਾ ਪੈਂਦਾ ਕਿ ਬੱਚਿਆਂ ਨੂੰ ਦੁਪਹਿਰ ਖਾਣਾ ਮਿਲ਼ੇ। ਇਸੇ ਕਰਕੇ ਹੁਣ ਮੈਂ ਬਾਲਣ ਲੱਭਣ ਜਾ ਰਹੀ ਹਾਂ।"
48 ਸਾਲਾ ਦੇਵੇਸ਼ਵਰੀ ਨੇਗੀ, ਲਖਨਊ ਦੇ ਬਾਹਰਵਾਰ ਪੈਂਦੇ ਪੇਂਡੂ ਇਲਾਕੇ ਦੇ ਮਾਲ ਬਲਾਕ ਵਿੱਚ ਸਥਿਤ ਪ੍ਰਾਇਮਰੀ ਸਕੂਲ ਰੂਦਨ ਖੇੜਾ ਦੀ ਇੰਚਾਰਜ ਅਧਿਆਪਿਕਾ ਹਨ। ਸਕੂਲ ਦੇ ਸਾਰੇ ਪੰਜੋ ਕਰਮਚਾਰੀ ਔਰਤਾਂ ਹਨ, ਜਿਨ੍ਹਾਂ ਵਿੱਚ ਦੋ ਸਹਾਇਕ ਅਧਿਆਪਿਕਾਵਾਂ ਅਤੇ ਤਿੰਨ ਰਸੋਈਏ ਹਨ, ਜੋ ਬੱਚਿਆਂ ਲਈ ਦੁਪਹਿਰ ਦਾ ਖਾਣਾ ਬਣਾਉਂਦੀਆਂ ਹਨ।
ਕੇਂਦਰ ਦੀ ਮਿਡ-ਡੇਅ-ਮੀਲ ਯੋਜਨਾ ਦੇ ਤਹਿਤ, ਉੱਤਰ ਪ੍ਰਦੇਸ਼ ਦੇ 1,41,000 ਤੋਂ ਵੱਧ ਸਰਕਾਰੀ ਪ੍ਰਾਇਮਰੀ ਅਤੇ ਉੱਚ ਪ੍ਰਾਇਮਰੀ ਸਕੂਲਾਂ ਵਿੱਚ 1.5 ਕਰੋੜ ਤੋਂ ਵੱਧ ਵਿਦਿਆਰਥੀਆਂ ਨੂੰ ਤਾਜ਼ਾ ਅਤੇ ਪੋਸ਼ਣਯੁਕਤ ਖਾਣਾ ਪਾਉਣ ਦਾ ਅਧਿਕਾਰ ਹੈ। ਲਗਭਗ ਸਾਰੇ ਸਕੂਲਾਂ ਨੂੰ LPG ਕੁਨੈਕਸ਼ਨ ਦਿੱਤਾ ਗਿਆ ਹੈ। ਪਰ ਅਮਰੀਕਾ-ਇਜ਼ਰਾਇਲ ਦੀ ਇਰਾਨ ਨਾਲ਼ ਜੰਗ ਕਾਰਨ ਪੈਦਾ ਹੋਇਆ ਐੱਲਪੀਜੀ ਸੰਕਟ ਇਸ ਬਹੁਤ ਹੀ ਮਹੱਤਵਪੂਰਣ ਯੋਜਨਾ ਨੂੰ ਰੋਕ ਰਿਹਾ ਹੈ। ਵੱਡੀ ਗਿਣਤੀ ਵਿੱਚ ਸਕੂਲ ਪ੍ਰਭਾਵਿਤ ਹੋਏ ਹਨ, ਪਰ ਕਿੰਨੇ, ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ।
ਲਗਭਗ ਇੱਕ ਮਹੀਨੇ ਤੋਂ, ਹਰ ਰੋਜ਼ ਸਕੂਲ ਦੇ ਬਾਅਦ ਦੇਵੇਸ਼ਵਰੀ ਅਤੇ ਬਾਕੀ ਚਾਰਾਂ ਔਰਤਾਂ ਸਿੱਧੇ ਘਰ ਜਾਣ ਦੀ ਬਜਾਇ ਪਿੰਡ ਦੀਆਂ ਵੱਖੋ-ਵੱਖ ਦਿਸ਼ਾਵਾਂ ਵਿੱਚ ਲੱਕੜ ਇਕੱਠੀ ਕਰਨ ਨਿਕਲ਼ ਪੈਂਦੀਆਂ ਹਨ। “ਅਸੀਂ ਗੈਸ ਏਜੰਸੀ ਅਤੇ ਬਾਲਣ ਵੇਚਣ ਵਾਲ਼ਿਆਂ ਤੋਂ ਵੀ ਮਦਦ ਮੰਗੀ ਅਤੇ ਅਸੀਂ ਪਿੰਡ ਦੇ ਮੁਖੀਆ ਕੋਲ਼ ਵੀ ਫ਼ਰਿਆਦ ਕੀਤੀ ਪਰ ਇਸ ਮੁਸ਼ਕਲ ਸਮੇਂ ਕੋਈ ਵੀ ਮਦਦ ਨਹੀਂ ਕਰ ਪਾ ਰਿਹਾ,” ਨੇਗੀ ਪਾਰੀ ਨੂੰ ਦੱਸਦੇ ਹਨ।
ਜਿਹੜਾ ਬਾਲਣ ਪਹਿਲਾਂ ਸੁਖਾਲ਼ਿਆਂ ਹੀ ਮਿਲ਼ ਜਾਂਦਾ ਸੀ, ਹੁਣ ਲਖਨਊ ਸ਼ਹਿਰ ਦੇ ਵਪਾਰੀ ਖਰੀਦ ਲੈਂਦੇ ਹਨ। ਟਾਲ ਮਾਲਕ ਧਰਮੇਸ਼ ਯਾਦਵ ਕਹਿੰਦੇ ਹਨ,“ਅਸੀਂ ਆਪਣਾ ਸਾਰਾ ਸਟਾਕ ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਵੇਚ ਦਿੱਤਾ ਹੈ। ਇਓਂ ਨਹੀਂ ਹੈ ਕਿ ਅਸੀਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਦਦ ਨਹੀਂ ਕਰਨਾ ਚਾਹੁੰਦੇ, ਪਰ ਸਾਡੇ ਕੋਲ਼ ਸਾਰਿਆਂ ਦੀ ਲੋੜ ਗੋਚਰਾ ਬਾਲਣ ਹੈ ਹੀ ਨਹੀਂ। ਜੋ ਥੋੜ੍ਹਾ-ਬਹੁਤ ਬਚਿਆ ਹੈ, ਉਹ ਸਾਡੇ ਆਪਣੇ ਲਈ ਹੈ। ਜੇ ਉਹ ਵੀ ਵੇਚ ਦਿੱਤਾ, ਤਾਂ ਅਸੀਂ ਕੀ ਖਾਵਾਂਗੇ?”
ਵਿਦਿਆਰਥੀ ਵੀ ਬਾਲਣ ਚੁਗਣ ਵਿੱਚ ਮਦਦ ਕਰਦੇ ਹਨ। ਉਹ ਸਕੂਲ ਦੀ ਛੱਤ ਨਾਲ਼ ਖਹਿੰਦੇ ਦਰੱਖਤਾਂ ਦੀਆਂ ਛੋਟੀਆਂ ਟਾਹਣੀਆਂ ਤੋੜ ਲੈਂਦੇ ਹਨ।










