ਦਲਿਤ ਟੀਮ ਦੀ ਜਿੱਤ ਹੀ ਜਾਤੀਵਾਦੀ ਹਿੰਸਾ ਭੜਕਾਉਣ ਲਈ ਕਾਫ਼ੀ ਸੀ। ਜਦੋਂ ਦੇਵੇਂਦਰਰਾਜ ਆਪਣਾ ਇਮਤਿਹਾਨ ਦੇਣ ਜਾ ਰਿਹਾ ਸੀ, ਤਦ ਹਮਲਾਵਰਾਂ ਨੇ ਬੱਸ ਰੋਕ ਲਈ, ਉਸਨੂੰ ਬਾਹਰ ਖਿੱਚਿਆ ਅਤੇ ਸੜਕ 'ਤੇ ਹੀ ਤੇਜ਼ਧਾਰ ਹਥਿਆਰਾਂ ਨਾਲ਼ ਉਹਨੂੰ ਵਿੰਨ੍ਹ ਸੁੱਟਿਆ। ਜਦੋਂ ਉਸਦੇ ਪਿਤਾ ਨੇ ਮੈਨੂੰ ਇਹ ਦੱਸਿਆ, ਤਾਂ ਮੇਰੇ ਅੰਦਰ ਠੰਡੀ ਲਹਿਰ ਦੌੜ ਗਈ। ਇਹ ਹਿੰਸਾ ਕਿਸੇ ਖੇਡ ਦੇ ਕਾਰਨ ਨਹੀਂ ਸੀ ਹੋਈ—ਇਹ ਸੱਤ੍ਹਾ ਅਤੇ ਪ੍ਰਭੂਤਵ ਦਾ ਮਾਮਲਾ ਸੀ। ਅਸਲ ਵਿੱਚ ਇਹ ਸੋਚ ਕਿ ਇੱਕ ਦਲਿਤ ਵਿਦਿਆਰਥੀ ਕਬੱਡੀ ਵਿੱਚ ਉੱਚੀ ਜਾਤ ਦੇ ਮੁੰਡਿਆਂ ਨੂੰ ਹਰਾ ਨਹੀਂ ਸਕਦਾ, ਇਸ ਕਰੂਰ ਘਟਨਾ ਦੀ ਅਸਲ ਜੜ੍ਹ ਸੀ। ਵਿਡੰਬਨਾ ਵੀ ਦੇਖੋ ਦੇਵੇਂਦਰਰਾਜ ਆਪਣੇ ਖੇਤਰ ਦੇ ਸਭ ਤੋਂ ਵਧੀਆ ਕਬੱਡੀ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਡਾਕਟਰ ਨੇ ਮੈਨੂੰ ਦੱਸਿਆ ਕਿ ਉਸਦੇ ਸਿਰ ਅਤੇ ਹੱਥਾਂ ‘ਤੇ ਗੰਭੀਰ ਜ਼ਖ਼ਮ ਹਨ, ਜਿਨ੍ਹਾਂ ਵਿੱਚੋਂ ਇੱਕ ਜ਼ਖ਼ਮ ਤਾਂ ਬਹੁਤ ਹੀ ਗੰਭੀਰ ਹੈ। ਉਸ ਦੀਆਂ ਅੱਧੀਆਂ ਉਂਗਲਾਂ ਕੱਟੀਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਠੀਕ ਹੋਣ ਵਿੱਚ ਦੋ ਤੋਂ ਤਿੰਨ ਮਹੀਨੇ ਲੱਗਣਗੇ। ਡਾਕਟਰ ਨੇ ਕਿਹਾ,“ਉਂਗਲਾਂ ਦਾ ਠੀਕ ਤਰੀਕੇ ਨਾਲ਼ ਜੁੜਨਾ ਬਹੁਤ ਜ਼ਰੂਰੀ ਹੈ, ਫਿਰ ਹੀ ਪਲਾਸਟਿਕ ਸਰਜਰੀ ਕੀਤੀ ਜਾ ਸਕਦੀ ਹੈ।”
ਥੰਗਾ ਗਣੇਸ਼ ਨੇ ਕਿਹਾ,“ਮੈਂ ਇੱਟ-ਭੱਠੇ ਵਿੱਚ ਕੰਮ ਕਰਦਾ ਹਾਂ। ਮੇਰੇ ਦੋ ਬੱਚੇ ਹਨ। ਦੇਵੇਂਦਰਰਾਜ ਮੇਰਾ ਵੱਡਾ ਪੁੱਤ ਹੈ, ਉਹ ਪਲਾਯਮਕੋਟਾਈ ਦੇ ਇੱਕ ਸਕੂਲ ਵਿੱਚ ਪੜ੍ਹਦਾ ਹੈ। ਇੱਕ ਛੋਟੀ ਧੀ ਹੈ। ਮੈਂ ਅਤੇ ਮੇਰੀ ਪਤਨੀ ਦੋਵੇਂ ਰੋਜ਼ ਭੱਠੇ 'ਤੇ ਕੰਮ ਕਰਨ ਜਾਂਦੇ ਹਾਂ।”
ਉਸ ਦੇ ਬਾਅਦ ਉਹ ਹੌਲ਼ੀ-ਹੌਲ਼ੀ ਆਪਣੀ ਜੀਵਨ ਗਾਥਾ ਸੁਣਾਉਣ ਲੱਗੇ: “ਜਦੋਂ ਮੈਂ ਛੋਟਾ ਸਾਂ, ਮੈਨੂੰ ਜਾਤ ਬਾਰੇ ਕੋਈ ਸਮਝ ਨਹੀਂ ਸੀ। ਸਾਡੇ ਕਿਸੇ ਵੀ ਅਧਿਆਪਕ ਨੇ ਕਦੇ ਅੰਬੇਡਕਰ ਜਾਂ ਪੇਰੀਆਰ ਬਾਰੇ ਗੱਲ ਨਹੀਂ ਕੀਤੀ। ਦਸਵੀਂ ਦੀ ਪ੍ਰੀਖਿਆ ਦੇ ਬਾਅਦ ਆਰਥਿਕ ਮੁਸ਼ਕਲਾਂ ਕਾਰਨ ਮੈਂ ਆਈਟੀਆਈ ਵਿੱਚ ਮੋਟਰ ਮਕੈਨਿਕ ਦਾ ਕੋਰਸ ਕਰਨ ਲਈ ਅਰਜ਼ੀ ਦਿੱਤੀ। ਦਾਖ਼ਲਾ ਫੀਸ 650 ਰੁਪਏ ਸੀ ਅਤੇ ਮੇਰੇ ਲਈ ਇੰਨੀ ਰਕਮ ਇਕੱਠੀ ਕਰਨਾ ਵੀ ਮੁਸ਼ਕਲ ਸੀ। ਮੇਰੀ ਮਾਂ ਨੇ ਲੋਕਾਂ ਤੋਂ ਉਧਾਰ ਲੈ ਕੇ ਪੈਸੇ ਇਕੱਠੇ ਕੀਤੇ।
“ਉੱਥੇ ਮੈਂ ਵੱਡੇ ਸੁਪਨੇ ਲੈ ਕੇ ਗਿਆ ਸਾਂ, ਹੱਥ ਵਿੱਚ ਪੈਸੇ ਫੜ੍ਹੀ, ਸਿੱਖਣ ਦੀ ਇੱਛਾ ਪਾਲ਼ੀ ਮੈਂ ਨਵੀਂ ਸ਼ੁਰੂਆਤ ਕੀਤੀ। ਪਰ ਉੱਥੇ ਪਹੁੰਚਦੇ ਹੀ ਅਧਿਕਾਰੀਆਂ ਨੇ ਸਾਡੇ ਵਿੱਚੋਂ ਦੋ-ਤਿੰਨ ਲੋਕਾਂ ਦੇ ਨਾਮ ਲਏ ਅਤੇ ਕਿਹਾ ਕਿ ਸੀਟਾਂ ਨਹੀਂ ਹਨ। ਉਨ੍ਹਾਂ ਨੇ ਸਾਨੂੰ ਬਾਹਰ ਧੱਕ ਦਿੱਤਾ ਅਤੇ ਗੇਟ ਬੰਦ ਕਰ ਦਿੱਤਾ। ਮੈਂ ਵੀ ਉਨ੍ਹਾਂ ਵਿੱਚੋਂ ਇੱਕ ਸਾਂ। ਮੈਨੂੰ ਸਮਝ ਹੀ ਨਾ ਆਇਆ ਕਿ ਇੰਝ ਕਿਉਂ ਕੀਤਾ ਗਿਆ। ਮੈਂ ਉਸ ਗੇਟ ਦੇ ਸਾਹਮਣੇ ਖੜ੍ਹਾ ਰੋਣ ਲੱਗਾ। ਉਨ੍ਹਾਂ ਨੇ ਕਿਹਾ ਕਿ ਮੇਰੇ ਅੰਕ ਘੱਟ ਸਨ, ਪਰ ਜੇ ਇਓਂ ਹੀ ਸੀ ਤਾਂ ਮੈਨੂੰ ਪ੍ਰਵੇਸ਼ ਪੱਤਰ ਕਿਉਂ ਦਿੱਤਾ ਗਿਆ? ਇਹ ਸਵਾਲ ਮੈਨੂੰ ਕਈ ਸਾਲਾਂ ਤੱਕ ਪਰੇਸ਼ਾਨ ਕਰਦਾ ਰਿਹਾ।”