ਜਦੋਂ ਮਮਤਾ ਅੱਠਵੀਂ ਕਲਾਸ ਵਿੱਚ ਦਾਖਲ ਹੋਈ ਤਾਂ ਉਹ ਆਪਣੀ ਪੜ੍ਹਾਈ ਅੱਗੇ ਜਾਰੀ ਰੱਖਣਾ ਚਾਹੁੰਦੀ ਸੀ ਪਰ ਮਵਾਇਆ ਉਪਰਹਾਰ ਵਿੱਚ ਹਾਈ ਸਕੂਲ ਨਹੀਂ ਹੈ ਅਤੇ ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਜ਼ਿਲੇ ਦੇ ਚੱਕ ਬਲਾਕ ਵਿੱਚ ਪੈਂਦੇ ਇਸ ਪਿੰਡ ਦੇ ਲੋਕ ਆਮ ਤੌਰ ਤੇ ਲੜਕੀਆਂ ਨੂੰ ਦੂਰ ਪੈਂਦੇ ਸਕੂਲਾਂ ਵਿੱਚ ਨਹੀਂ ਭੇਜਦੇ|
ਮਮਤਾ ਨੇ ਪੂਰਵਾ ਮੱਧਯਮਿਕ ਵਿਦਿਆਲਾ ਦੇ ਆਪਣੇ ਅਧਿਆਪਕਾਂ ਨਾਲ਼ ਇਸ ਬਾਰੇ ਗੱਲ ਕੀਤੀ| ਉਸਨੇ ਉਹਨਾਂ ਨੂੰ ਆਪਣੀ ਅੱਗੇ ਪੜ੍ਹਾਈ ਕਰਨ ਦੀ ਖਵਾਹਿਸ਼ ਬਾਰੇ ਦੱਸਿਆ| ਇਕੱਠੇ ਉਹਨਾਂ ਨੂੰ ਇਹ ਵਿਚਾਰ ਆਇਆ ਕਿ ਉਹ ਢੋਲ ਵਜਾਉਂਦੇ ਹੋਏ ਇੱਕ ਜਲਸਾ ਕੱਢਣਗੇ ਜਿਹੜਾ ਪਿੰਡ ਦੇ ਦੁਆਲ਼ੇ ਹੁੰਦਾ ਹੋਇਆ ਉਹਨਾਂ ਕਈ ਘਰਾਂ ਵਿੱਚ ਰੁਕੇਗਾ ਜਿਹਨਾਂ ਵਿੱਚ ਸਕੂਲ ਜਾਣ ਵਾਲ਼ੇ ਬੱਚੇ, ਖਾਸ ਕਰਕੇ ਲੜਕੀਆਂ, ਹਨ| ਉਹ ਕਵਿਤਾ ਅਤੇ ਗੀਤ ਗਾਉਣਗੇ ਅਤੇ ਅਧਿਆਪਕ ਜਨਤਕ ਤੌਰ ਤੇ ਮਾਪਿਆਂ ਨੂੰ ਪ੍ਰੇਰਿਤ ਕਰਨਗੇ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਅਤੇ ਉਹਨਾਂ ਨੂੰ ਅੱਠਵੀਂ ਕਲਾਸ ਤੋਂ ਅੱਗੇ ਪੜ੍ਹਾਈ ਜਾਰੀ ਰੱਖਣ ਦੇਣ|
ਇਸ ਵਿਚਾਰ ਨੂੰ ਅਮਲ ਵਿੱਚ ਲਿਆਉਣ ਵਾਲ਼ੀ ਪ੍ਰਮੁੱਖ ਤਾਕਤ, ਸਕੂਲ ਪ੍ਰਿੰਸੀਪਲ, ਊਸ਼ਾ ਰਾਣੀ ਸ਼੍ਰੀਵਾਸਤਵ, ਨੇ ਵੀ ਜਲਸੇ ਵਿੱਚ ਸ਼ਿਰਕਤ ਕੀਤੀ| ਉਸਦੇ ਨਾਲ਼ ਗ੍ਰਾਮ ਸਭਾ ਮੈਂਬਰ, ਗੰਗਾ ਪ੍ਰਸਾਦ ਅਤੇ ਹੋਰ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੇ ਵੀ ਭਾਗ ਲਿਆ| ਜਲਸੇ ਦੀ ਅਗਵਾਈ ਮਮਤਾ ਨੇ ਕੀਤੀ ਤੇ ਇਹ ਉਸ ਦੇ ਘਰ ਵੀ ਰੁਕਿਆ| ਆਖਰਕਾਰ ਉਸ ਦੇ ਮਾਤਾ-ਪਿਤਾ ਪ੍ਰੇਮ ਚੰਦਰ ਨਿਸ਼ਾਦ ਅਤੇ ਰਾਮ ਰਤੀ ਦੇਵੀ, ਅਤੇ ਉਸਦੇ ਵੱਡੇ ਭਰਾ, ਉਸਦੀਆਂ ਵਿਦਿਅਕ ਯੋਜਨਾਵਾਂ ਦਾ ਸਮਰਥਨ ਕਰਨ ਲਈ ਸਹਿਮਤ ਹੋ ਗਏ|
ਪਰ ਫੀਸ ਅਤੇ ਦੂਰੀ ਦਾ ਖਰਚਾ ਕਿਵੇ ਪੂਰਾ ਕੀਤਾ ਜਾਣਾ ਸੀ? ਮਮਤਾ ਦੇ ਅਧਿਆਪਕਾਂ ਨੇ ਉਸਨੂੰ ਜ਼ਿਲਾ-ਪੱਧਰ ਦੀ ਵਜ਼ੀਫਾ-ਪ੍ਰੀਖਿਆ ਲਈ ਤਿਆਰ ਕੀਤਾ| ਆਪਣੇ ਰੋਜ਼-ਮੱਰਾ ਦੇ ਕੰਮ ਅਤੇ ਰੈਗੂਲਰ ਸਕੂਲ ਦਾ ਸੰਤੁਲਨ ਬਣਾਉਦੇ ਹੋਏ, ਉਸਨੇ ਪ੍ਰੀਖਿਆ ਲਈ ਕੜੀ ਮਿਹਨਤ ਕੀਤੀ, ਅਤੇ ਮਹਾਮਾਇਆ ਰਾਜਕੀਯ ਆਸ਼ਰਮ ਪੱਧਤੀ ਬਾਲਿਕਾ ਇੰਟਰ ਕਾਲਜ, ਕੌਰੀਹਰ, ਅਲਾਹਾਬਾਦ ਵਿਖੇ ਸਟੇਟ-ਸਪੋਨਸਰਡ (ਰਾਜ ਪਰਯੋਜਿਤ) ਰਿਹਾਇਸ਼ੀ ਸਕੂਲਿੰਗ ਲਈ ਚੁਣੀ ਗਈ, ਜੋਕਿ ਮਵਾਇਆ ਉਪਰਹਾਰ ਤੋਂ ਲੱਗਭਗ 40 ਕਿਲੋਮੀਟਰ ਦੂਰੀ ਤੇ ਹੈ| ਹੁਣ ਮਮਤਾ ਆਪਣੇ ਪਿੰਡ ਵਿੱਚੋਂ ਨੌਵੀਂ ਕਲਾਸ ਵਿੱਚ ਪੜ੍ਹਨ ਵਾਲ਼ੀ ਪਹਿਲੀ ਲੜਕੀ ਬਣ ਗਈ ਹੈ|
ਇਹ ਜਲਸਾ ਮਵਾਇਆ ਉਪਰਹਾਰ, ਮਵਾਇਆ ਗਦਰਾਂ, ਮਵਾਇਆ ਕੱਛਰ ਅਤੇ ਮਵਾਇਆ ਟਿਕੂਰੀ ਵਿੱਚ ਨਿਯਮਤ ਤੌਰ ਤੇ ਹੋਣ ਵਾਲ਼ਾ ਦੋ-ਮਾਸਿਕ ਜਾਂ ਮਾਸਿਕ ਸਮਾਗਮ ਬਣ ਗਿਆ ਹੈ—ਇਹਨਾਂ ਚਾਰ ਪਿੰਡਾਂ ਦੇ ਬੱਚੇ ਪੜਨ ਲਈ ਪੂਰਵਾ ਮੱਧਯਮਿਕ ਵਿਦਿਆਲਾ ਜਾਂਦੇ ਹਨ| ਇਹਨਾਂ ਪਿੰਡਾਂ ਦੀਆਂ ਹੋਰ ਲੜਕੀਆਂ ਅਤੇ ਵਿਦਿਆਰਥੀਆਂ ਲਈ ਮਮਤਾ ਰੋਲ ਮਾਡਲ ਬਣ ਗਈ ਹੈ| ਅਧਿਆਪਕਾਂ ਦਾ ਕਹਿਣਾ ਹੈ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਵਾਧਾ ਹੋਇਆ ਹੈ ਅਤੇ ਮਾਪਿਆਂ ਦਾ ਨਜ਼ਰੀਆ ਲੜਕੀਆਂ ਦੀ ਸਿੱਖਿਆ ਦੇ ਹੱਕ ਵਿੱਚ ਬਦਲਣ ਲੱਗ ਗਿਆ ਹੈ| ਜਦੋਂ ਮਮਤਾ ਘਰ ਮਿਲਣ ਆਉਂਦੀ ਹੈ ਤਾਂ ਉਸ ਨੂੰ ਆਪਣੇ ਨਵੇਂ ਸਕੂਲ ਅਤੇ ਪਿੰਡ ਤੋਂ ਬਾਹਰ ਦੀ ਜਿੰਦਗੀ ਦੇ ਤਜਰਬੇ ਸਾਂਝੇ ਕਰਨ ਲਈ ਵਿਦਿਆਲੇ ਵਿੱਚ ਬੁਲਾਇਆ ਜਾਂਦਾ ਹੈ|
ਜੋ ਬਦਲਾਅ ਬਹੁਤ ਸਾਲਾਂ ਤੱਕ ਸੰਭਵ ਨਹੀਂ ਸੀ, ਉਸ ਦੀ ਸ਼ੁਰੂਆਤ ਇੱਕ ਸਕੂਲ ਦੀ ਬੱਚੀ ਵੱਲੋਂ ਕੀਤੇ ਗਏ ਜੋਸ਼ੀਲੇ ਜਲਸੇ ਨੇ ਕਰ ਦਿੱਤੀ ਹੈ |
ਤਰਜਮਾ: ਰਣਜੀਤ ਕੌਰ


