ਪੰਛੀਆਂ ਦੀਆਂ ਅਵਾਜ਼ਾਂ ਤੋਂ ਇਲਾਵਾ ਇਨ੍ਹਾਂ ਗੀਤਾਂ ਦੀ ਪਿਛੋਕੜ ਵਿੱਚ ਜੇਕਰ ਕੋਈ ਹੋਰ ਸੰਗੀਤ ਸੁਣਾਈ ਦਿੰਦਾ ਹੈ ਤਾਂ ਉਹ ਹੈ: ਝੋਨੇ ਦੇ ਖੇਤਾਂ ਤੋਂ ਪਾਣੀ ਦੀ ਆਉਂਦੀ ਛਪ ਛਪ ਦੀ ਅਵਾਜ਼, ਜਿੱਥੇ ਇਹ ਔਰਤਾਂ ਝੋਨੇ ਦੀ ਪਨੀਰੀ ਲਾ ਰਹੀਆਂ ਹਨ। ਫਿਰ ਅਚਾਨਕ ਪੰਜੋ ਔਰਤਾਂ ਇਕੱਠਿਆਂ ਹੀ ਬੀਹੂ ਗੀਤ ਗਾਉਣ ਲੱਗਦੀਆਂ ਹਨ-ਇਕਦਮ ਸਹਿਜ ਭਾਵ ਨਾਲ਼, ਬਗ਼ੈਰ ਕਿਸੇ ਤਿਆਰੀ ਦੇ।
ਇਹ ਜੁਲਾਈ ਦਾ ਮਹੀਨਾ ਹੈ, ਜਿਸਨੂੰ ਅਸਾਮੀ ਪੰਚਾਂਗ ਦੇ ਅਨੁਸਾਰ 'ਆਹਾਰ' ਮਾਸ ਕਿਹਾ ਜਾਂਦਾ ਹੈ। ਅੱਜ ਝੋਨੇ ਦੀ ਲੁਆਈ ਦਾ ਪਹਿਲਾ ਦਿਨ ਹੈ, ਜਿਸਨੂੰ 'ਨੋਭੁਈ' ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ: ਝੋਨੇ ਦੀ ਮਲ਼ੂਕ ਪਨੀਰੀ ਦਾ ਦਿਨ। ਤਿਟਾਬਰ ਦੇ ਸਾਲਾਗੁੜੀ ਪਿੰਡ ਵਿਖੇ ਹੀਰਾ ਸੈਕਿਆ ਦੇ ਖੇਤ ਵਿੱਚ ਸੂਰਜ ਦੀ ਤਪਸ਼ ਨਾਲ਼ ਚਮੜੀ ਜਿਓਂ ਝੁਲਸਦੀ ਜਾਂਦੀ ਹੈ। ਹਵਾ ਵਿੱਚ ਹੁੰਮਸ ਹੈ ਅਤੇ ਕੰਮ ਬੇਹੱਦ ਥਕਾਊ। 52 ਸਾਲਾ ਹੀਰਾ ਸੈਕਿਆ ਦੀਆਂ ਚਾਰ ਸਹੇਲੀਆਂ ਇਸ ਮੌਸਮ ਦੇ ਪਹਿਲੇ ਦਿਨ ਉਨ੍ਹਾਂ ਦੀ ਮਦਦ ਲਈ ਆਈਆਂ ਹਨ। 50 ਸਾਲਾ ਗੁਨਿਤਾ ਸੈਕਿਆ ਪਿੰਡ ਦੀ ਇੱਕ ਆਸ਼ਾ ਕਰਮਚਾਰੀ ਹਨ। 55 ਸਾਲਾ ਅਰੂਨਾ ਬੋਰਾ ਸਕੂਲ ਦੇ ਬੱਚਿਆਂ ਲਈ ਮਿਡ-ਡੇ ਮੀਲ ਬਣਾਉਂਦੇ ਹਨ। 35 ਸਾਲੀਆ ਬ੍ਰਿਸ਼ਟੀਪਰਨਾ ਸੋਨਵਾਲ ਕਦੇ ਪੰਚਾਇਤ ਦੇ ਮੈਂਬਰ ਰਹੇ ਹਨ ਅਤੇ 35 ਸਾਲਾ ਨੋਮੀ ਸੈਕਿਆ ਕਿਸਾਨ ਅਤੇ ਗ੍ਰਹਿਣੀ ਹਨ। ਇਨ੍ਹਾਂ ਸਾਰੀਆਂ ਔਰਤਾਂ ਕੋਲ਼ ਆਪਣੀਆਂ ਜੋਤਾਂ ਹੈ, ਜਿਸ 'ਤੇ ਉਹ ਚੌਲ਼ ਦੀ ਖੇਤੀ ਕਰਦੀਆਂ ਹਨ। ਇਹੀ ਉਨ੍ਹਾਂ ਦੀ ਰੋਜ਼ੀਰੋਟੀ ਦਾ ਸਹਾਰਾ ਹੈ। ਇਓਂ ਹੀ ਕਿਸੇ ਹੋਰ ਦਿਨ, ਹੀਰਾ ਵੀ ਇਨ੍ਹਾਂ ਵਿੱਚੋਂ ਕਿਸੇ ਇੱਕ ਦੇ ਖੇਤ ਵਿੱਚ ਮਦਦ ਲਈ ਪਹੁੰਚੀ ਹੋਵੇਗੀ।






