''ਇਹ ਰਿਹਾ ਤੁਹਾਡਾ ਤੋਹਫ਼ਾ,'' ਗੁਮਲਾ ਜ਼ਿਲ੍ਹੇ ਦੀ ਤੇਤਰਾ ਗ੍ਰਾਮ ਪੰਚਾਇਤ ਦੀ ਸਰਪੰਚ ਟੇਰੇਸਾ ਲਕੜਾ ਨੂੰ ਸਥਾਨਕ 'ਲਾਭਪਾਤਰੀ ਕਮੇਟੀ' ਦੇ ਮੈਂਬਰ, ਬਿਹਾਰੀ ਲਕੜਾ ਨੇ ਧੱਕੇ ਨਾਲ਼ 5,000 ਰੁਪਏ ਫੜ੍ਹਾਉਂਦਿਆਂ ਕਿਹਾ। ਟੇਰੇਸਾ ਨੂੰ ਇਸ ਗੱਲ ਦਾ ਅੰਦਾਜ਼ਾ ਤੱਕ ਨਹੀਂ ਸੀ ਕਿ 'ਗਿਫ਼ਟ' ਦੇ ਰੂਪ ਵਿੱਚ ਨਕਦ 5,000 ਰੁਪਏ ਦਿੱਤੇ ਗਏ ਹਨ। ਹਕੀਕਤ ਤਾਂ ਇਹ ਹੈ ਕਿ ਉਨ੍ਹਾਂ ਨੂੰ ਪੈਸੇ ਮਿਲ਼ੇ ਵੀ ਨਹੀ ਸਨ- ਅਤੇ ਉਸੇ ਪਲ, ਰਾਂਚੀ ਭ੍ਰਿਸ਼ਟਾਚਾਰ ਰੋਕੂ ਬਿਓਰੋ (ਏਸੀਬੀ) ਦੀ ਇੱਕ ਟੀਮ ਨੇ ਸਰਪੰਚ ਨੂੰ ਘੇਰ ਲਿਆ ਤੇ ''ਗ਼ੈਰ-ਕਨੂੰਨੀ ਰਿਸ਼ਵਤ'' ਲੈਣ ਦੀ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ।
ਇਸ ਕਾਰਵਾਈ ਨੇ ਓਰਾਂਵ ਕਬੀਲੇ ਦੀ ਆਦਿਵਾਸੀ, 48 ਸਾਲਾ ਟੇਰੇਸਾ ਨੂੰ ਤਾਂ ਅੰਦਰੋਂ ਤੋੜ ਸੁੱਟਿਆ ਹੀ, ਨਾਲ਼ ਹੀ ਝਾਰਖੰਡ ਦੇ ਬਸਿਆ ਬਲਾਕ, ਜਿੱਥੇ ਉਨ੍ਹਾਂ ਦੀ ਪੰਚਾਇਤ ਸਥਿਤ ਹੈ ਦੇ 80,000 ਤੋਂ ਵੱਧ ਲੋਕਾਂ ਨੂੰ ਵੀ ਹਿਲਾ ਛੱਡਿਆ। ਕਿਸੇ ਨੂੰ ਵੀ ਇਹ ਗੱਲ ਅਜੀਬ ਨਾ ਲੱਗੀ ਕਿ 5000 ਰੁਪਏ ਦੀ ਰਿਸ਼ਤਵ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰੀ ਕਰਨ ਖ਼ਾਤਰ ਏਸੀਬੀ ਦੀ ਇੱਕ ਟੀਮ ਲਗਭਗ 100 ਕਿਲੋਮੀਟਰ ਦੂਰੀ ਤੈਅ ਕਰਕੇ ਰਾਂਚੀ ਤੋਂ ਇੱਥੇ ਆ ਧਮਕੀ ਸੀ। ਮੈਨੂੰ ਖ਼ੁਦ ਐੱਸਯੂਵੀ ਰਾਹੀਂ ਇੰਨੀ ਦੂਰੀ ਤੈਅ ਕਰਨ ਵਿੱਚ 2 ਘੰਟੇ ਲੱਗੇ ਸਨ। ਹਾਲਾਂਕਿ ਜਿਹੜੇ ਜੱਜ ਅੱਗੇ ਉਨ੍ਹਾਂ ਨੂੰ ਪੇਸ਼ ਕੀਤਾ ਗਿਆ ਸੀ, ਉਹਨੇ ਵੀ ਇਸ ਗੱਲ 'ਤੇ ਟਿੱਪਣੀ ਕੀਤੀ। ਏਸੀਬੀ ਦੀ ਟੀਮ ਨੂੰ ਕਾਰ ਰਾਹੀਂ ਦੋਵੇਂ ਪਾਸੀਂ ਦਾ ਸਫ਼ਰ ਕਰਨ ਵਿੱਚ 5 ਘੰਟੇ ਲੱਗੇ ਹੋਣੇ ਤੇ ‘ਰਿਸ਼ਵਤ’ ਦੀ ਉਸ ਰਕਮ ਨਾਲ਼ੋਂ ਅੱਧਾ ਤਾਂ ਤੇਲ ਦਾ ਖਰਚਾ ਪੈ ਹੀ ਗਿਆ ਹੋਣਾ, ਬਾਕੀ ਖ਼ਰਚਿਆਂ ਦੀ ਤਾਂ ਗੱਲ ਹੀ ਕਿਧਰੇ ਰਹੀ।
ਨਾ ਹੀ ਕਿਸੇ ਨੂੰ ਇਸ ਗੱਲੋਂ ਹੀ ਹੈਰਾਨੀ ਹੋਈ ਕਿ ਟੇਰੇਸਾ ਨੂੰ ਉਨ੍ਹਾਂ ਦੇ ਕੁਝ ਗ੍ਰਾਮ ਪੰਚਾਇਤ ਸਾਥੀ ਹੀ ਘਟਨਾਸਥਲ ਲੈ ਕੇ ਗਏ। ਇਹੀ ਉਹ ਲੋਕ ਸਨ ਜਿਨ੍ਹਾਂ ਨੇ ਬਾਅਦ ਵਿੱਚ ਉਨ੍ਹਾਂ ਖ਼ਿਲਾਫ਼ ਗਵਾਹੀ ਵੀ ਦਿੱਤੀ। ਟੇਰੇਸਾ ਨੂੰ ਇਸ ਗੱਲ ਤੋਂ ਵੀ ਕੋਈ ਖ਼ਾਸ ਹੈਰਾਨੀ ਨਹੀਂ ਹੋਈ ਕਿ ਗ੍ਰਿਫ਼ਤਾਰ ਕਰਨ ਵਾਲ਼ੀ ਟੀਮ, ਜਿਵੇਂ ਕਿ ਉਹ ਖ਼ੁਦ ਦੱਸਦੀ ਹਨ,''ਮੈਨੂੰ ਬਸਿਆ ਪੁਲਿਸ ਥਾਣੇ ਨਹੀਂ ਲੈ ਕੇ ਗਈ।'' ਜਿਸ ਥਾਵੇਂ ਇਹ ਡਰਾਮਾ ਰਚਿਆ ਗਿਆ ਸੀ, ਉੱਥੋਂ ਮਹਿਜ ਕੁਝ ਕੁ ਮੀਟਰ ਦੂਰ ਪੈਂਦੇ ਪੁਲਿਸ ਸਟੇਸ਼ਨ ਲਿਜਾਣ ਦੀ ਬਜਾਇ,''ਉਹ ਮੈਨੂੰ ਕਰੀਬ 10-15 ਕਿਲੋਮੀਟਰ ਦੂਰ ਕਾਮਡਾਰਾ ਬਲਾਕ ਦੇ ਪੁਲਿਸ ਸਟੇਸ਼ਨ ਲੈ ਗਏ।''
ਇਹ ਜੂਨ 2017 ਦੇ ਆਸਪਾਸ ਦੀ ਗੱਲ ਸੀ।
ਬੀਤੇ ਵਰਤਾਰੇ ਨੂੰ ਚੇਤੇ ਕਰਦਿਆਂ ਟੇਰੇਸਾ, ਜਿਨ੍ਹਾਂ ਨੇ ਬਾਰ੍ਹਵੀਂ ਤੱਕ ਪੜ੍ਹਾਈ ਕੀਤੀ ਹੈ, ਨੂੰ ਅਹਿਸਾਸ ਹੁੰਦਾ ਹੈ ਕਿ ਇਹ ਸਭ ਇਸ ਲਈ ਕੀਤਾ ਗਿਆ ਸੀ ਕਿਉਂਕਿ,''ਬਸਿਆ ਪੁਲਿਸ ਸਟੇਸ਼ਨ ਵਿਖੇ ਹਰ ਕੋਈ ਮੈਨੂੰ ਜਾਣਦਾ ਹੈ। ਉਨ੍ਹਾਂ ਨੂੰ ਪਤਾ ਮੈਂ ਅਪਰਾਧੀ ਨਹੀਂ।'' ਇਹ ਸਭ ਸਮਝਦੇ ਹੋਏ, ਉਨ੍ਹਾਂ ਦਾ ਕੇਸ ਰਾਂਚੀ ਦੀ ਵਿਸ਼ੇਸ਼ ਅਦਾਲਤ ਸਾਹਮਣੇ ਰੱਖਿਆ ਗਿਆ।






