ਉਹਦਾ ਨਾਮ ਕੋਈ ਨਹੀਂ ਸੀ ਜਾਣਦਾ। ਉਹ ਤਾਂ ਮੁਹੱਲੇ ਦਾ ਇੱਕ ਪਾਗ਼ਲ ਬੁੱਢਾ ਸੀ। ਪਾਗ਼ਲ ਇਸਲਈ, ਕਿਉਂਕ ਉਹ ਪੂਰਾ-ਪੂਰਾ ਦਿਨ ਹੱਸਦਾ ਰਹਿੰਦਾ ਤੇ ਰਾਤ ਪਈ ਰੋਣ ਲੱਗਦਾ। ਆਪਣੇ ਆਪ ਨਾਲ਼ ਗੱਲਾਂ ਕਰਦਾ, ਉਹ ਵੀ ਜਾਂ ਤਾਂ ਸਿੰਧੀ ਵਿੱਚ ਜਾਂ ਫਿਰ ਉਰਦੂ ਵਿੱਚ। ਜ਼ਿਆਦਾਤਰ ਤਾਂ ਉਹਦੇ ਬੋਲ ਬੇਫ਼ਜ਼ੂਲ ਦਾ ਬਗੜਵਾਹ ਹੀ ਹੁੰਦਾ ਹੈ। ਸਿਵਾਏ ਉਹਦੇ ਜਦੋਂ ਉਹ ਗਾਲਿਬ ਦੇ ਸ਼ੇਅਰ ਪੜ੍ਹ ਰਿਹਾ ਹੁੰਦਾ ਹੈ:
ਕੋਈ ਵੀਰਾਨੀ ਸੀ ਵੀਰਾਨੀ ਹੈ
ਦਸ਼ਤ ਕੋ ਦੇਖ ਕੇ ਘਰ ਯਾਦ ਆਇਆ
ਇੱਕ ਪਲ ਲਈ ਜੇ ਤੁਸੀਂ ਉਹਦੇ ਮੂੰਹੋਂ ਸ਼ੇਅਰ ਦੇ ਕਿਰਦੇ ਬੋਲ ਸੁਣ ਲੈਂਦੇ ਤਾਂ ਤੁਹਾਨੂੰ ਸਮਝਦਾਰੀ ਤੇ ਪਾਗ਼ਲਪਣ ਦੀ ਉਹ ਕੰਧ ਢਹਿੰਦੀ ਹੋਈ ਜਾਪਣ ਲੱਗਦੀ।
ਦਹਾਕਿਆਂ ਪੁਰਾਣਾ ਉਹਦਾ ਘਰ ਹੁਣ ਮੁਹੱਲੇ ਦੇ ਇੱਕ ਖੂੰਜੇ ਵਿੱਚ ਜਿਓਂ ਵੀਰਾਨ ਪਿਆ ਜਾਪਦਾ ਹੈ। ਉਸ ਉਜਾੜ ਪਏ ਮਕਾਨ ਦੇ ਚਬੂਤਰੇ 'ਤੇ ਉਹ ਦੋ ਅਵਾਰਾ ਕੁੱਤਿਆਂ ਦੇ ਨਾਲ਼ ਰਾਤੀਂ ਪਹਿਰਾ ਦਿੰਦਾ ਸੀ।
ਕਿਸੇ ਨੂੰ ਨਹੀਂ ਪਤਾ ਕਿ ਇਸ ਥਾਵੇਂ ਉਹਨੇ ਕਦੋਂ ਕੁ ਆਪਣਾ ਮਕਾਨ ਉਸਾਰਿਆ ਸੀ। ਕਿਸੇ ਨੂੰ ਉਹਦੀ ਉਮਰ ਤੱਕ ਨਹੀਂ ਪਤਾ। ਪਰ ਉਹਦਾ ਝੁਰੜਾਇਆ ਚਿਹਰਾ ਉਹਦੇ ਬੁਢਾਪੇ ਦੀ ਗਵਾਹੀ ਭਰਦਾ ਸੀ, ਜੋ ਭਾਰਤ ਦੇ ਤੋੜੇ-ਮਰੋੜੇ ਨਕਸ਼ੇ ਜਿਹਾ ਜਾਪਦਾ ਸੀ।
ਉਹਦੇ ਬਾਰੇ ਕਈ ਕਹਾਣੀਆਂ ਤੈਰਦੀਆਂ ਰਹਿੰਦੀਆਂ ਸਨ। ਕਈ ਕਹਿੰਦੇ ਸਨ ਕਿ ਵੰਡ ਵੇਲ਼ੇ ਉਹ ਆਪਣੇ ਪਰਿਵਾਰ ਤੋਂ ਵਿਛੜ ਗਿਆ ਸੀ। ਕਈਆਂ ਦਾ ਕਹਿਣਾ ਸੀ ਕਾਫ਼ੀ ਬਾਅਦ ਵਿੱਚ ਹੋਏ ਦੰਗਿਆਂ ਵਿੱਚ ਉਹਦਾ ਪੂਰਾ ਪਰਿਵਾਰ ਮਾਰਿਆ ਗਿਆ ਤੇ ਕਈ ਇੱਥੋਂ ਤੱਕ ਕਹਿੰਦੇ ਸਨ ਕਿ ਉਹ ਇੱਕ ਕਾਰੋਬਾਰੀ ਸੀ, ਪਰ ਉਹਦੀ ਪਤਨੀ ਤੇ ਦੋ ਬੇਟਿਆਂ ਨੂੰ ਦੇਸ਼ ਨਿਕਾਲਾ ਦਿੱਤੇ ਜਾਣ ਬਾਅਦ ਉਹਨੇ ਨਾ ਸਿਰਫ਼ ਆਪਣੀ ਦੌਲਤ ਗੁਆ ਲਈ, ਆਪਣਾ ਹੋਸ਼ ਵੀ ਗੁਆ ਲਿਆ। ਕੋਈ ਨਹੀਂ ਜਾਣਦਾ ਉਹ ਦਾੜ੍ਹੀ ਵਾਲ਼ਾ ਬੁੱਢਾ, ਜੋ ਸਿਰ 'ਤੇ ਮੈਲ਼ਾ-ਕਚੈਲ਼ਾ ਹਰਾ ਕੱਪੜਾ ਬੰਨ੍ਹੀ ਰੱਖਦਾ ਹੈ, ਮੁਸਲਾਮਾਨ ਹੈ ਜਾਂ ਨਹੀਂ। ਜਾਂ ਫਿਰ ਹਿੰਦੂ ਹੈ, ਜੋ ਹਰ ਸ਼ਾਮੀਂ ਆਪਣੀ ਖ਼ਸਤਾ ਹਾਲਤ ਗੱਦੀ ਕੋਲ਼ ਬਣੀ ਛੋਟੀ ਜਿਹੀ ਅਲਮਾਰੀ ਵਿੱਚ ਦੀਵਾ ਬਾਲ਼ਦਾ ਸੀ ਤੇ ਮੂੰਹ ਵਿੱਚ ਕੁਝ ਬੁੜਬੁੜਾਉਂਦਾ ਜਿਓਂ ਪ੍ਰਾਰਥਨਾ ਕਰ ਰਿਹਾ ਹੋਵੇ। ਲੋਕੀਂ ਉਹਦੇ 'ਤੇ ਤਰਸ ਖਾਂਦੇ ਤੇ ਉਹਨੂੰ ਬਚਿਆ-ਖੁਚਿਆ ਖਾਣਾ ਦੇ ਦਿਆ ਕਰਦੇ। ਜਦੋਂ ਰਾਸ਼ਨ ਮਿਲ਼ਣਾ ਮੁਸ਼ਕਲ ਹੋ ਜਾਂਦਾ ਤਦ ਵੀ ਆਪਣੇ ਹਿੱਸੇ 'ਚੋਂ ਨਿੱਕਾ ਜਿਹਾ ਹੀ ਸਹੀ, ਹਿੱਸਾ ਕੱਢਣਾ ਨਾ ਭੁੱਲਦੇ।
ਪਰ ਬੀਤੇ ਕੁਝ ਦਿਨਾਂ ਤੋਂ ਉਹਨੇ ਇੱਕ ਬੁਰਕੀ ਤੱਕ ਨਾ ਖਾਧੀ। ਹੁਣ ਉਹ ਪਹਿਲਾਂ ਵਾਂਗਰ ਗਲ਼ੀਆਂ ਵਿੱਚ ਵੀ ਨਾ ਘੁੰਮਦਾ। ਇਓਂ ਜਾਪਦਾ ਸੀ ਜਿਵੇਂ ਉਹਨੇ ਖ਼ੁਦ ਨੂੰ ਘੁੱਟ ਜਿਹਾ ਲਿਆ ਹੋਵੇ। ਉਹਨੇ ਦੀਵਾ ਵੀ ਨਾ ਬਾਲ਼ਿਆ ਤੇ ਨਾ ਹੀ ਗਾਲਿਬ ਨੂੰ ਚੇਤਿਆਂ ਹੀ ਕੀਤਾ। ਉਹ ਖੂੰਜੇ ਵਿੱਚ ਕੱਠਾ ਹੀ ਹੁੰਦਾ ਚਲਾ ਗਿਆ, ਕਿਸੇ ਨੂੰ ਆਪਣੇ ਨੇੜੇ ਨਾ ਆਉਣ ਦਿੱਤਾ, ਜਦੋਂ ਤੱਕ ਕਿ ਉਹ ਮਰ ਨਹੀਂ ਗਿਆ। ਕੁਝ ਲੋਕਾਂ ਦਾ ਦਾਅਵਾ ਸੀ ਕਿ ਉਨ੍ਹਾਂ ਨੇ ਉਹਨੂੰ ਇੰਨਾ ਕਹਿੰਦਿਆਂ ਸੁਣਿਆ ਸੀ ਕਿ ਉਹਨੇ ਕੰਢੇਦਾਰ ਤਾਰ ਨਿਗਲ਼ ਲਈ ਸੀ ਜੋ ਉਹਦੇ ਗਲ਼ੇ ਵਿੱਚ ਅੜ ਕੇ ਰਹਿ ਗਈ। ਕਿਸੇ ਨੇ ਕਿਹਾ ਉਹਨੂੰ ਕਰੋਨਾ ਹੋ ਗਿਆ ਹੋਣਾ।


