ਦਸੰਬਰ 2021 ਦੀ ਕੜਾਕੇ ਦੀ ਠੰਢ ਵਾਲ਼ੀ ਇੱਕ ਸਵੇਰ ਦੀ ਗੱਲ ਹੈ। ਧੁੰਦ ਵਿੱਚ ਅਮਰ ਥੋਰਬੋਲੇ 70 ਕਿਲੋਮੀਟਰ ਮੋਟਰਸਾਇਕਲ ਚਲਾ ਕੇ ਮਹਾਰਾਸ਼ਟਰ ਦੇ ਸੋਲਨਪੁਰ ਵਿੱਚ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਗਿਆ। ਆਪਣੇ ਨਾਲ਼ ਉਹ ਡੀਜ਼ਲ ਦੀ ਪੀਪੀ ਤੇ ਮਾਚਿਸ ਦੀ ਡੱਬੀ ਲੈ ਕੇ ਗਿਆ।
ਥੋਰਬੋਲੇ ਨੇ ਆਪਣੀ ਬਾਈਕ ਖੜ੍ਹਾਈ, ਹੌਲੀ ਜਿਹੇ ਪੀਪੀ ਦਾ ਢੱਕਣ ਖੋਲਿਆ ਅਤੇ ਪੁਲੀਸ ਥਾਣੇ ਵੱਲ ਜਾਂਦਿਆਂ ਆਪਣੇ ਉੱਤੇ ਡੀਜ਼ਲ ਛਿੜਕ ਲਿਆ। ਤੀਲੀ ਬਾਲ ਲਈ। ਤੀਲੀ ਰਗੜਨ ਦੀ ਆਵਾਜ਼ ਪਹਿਲਾਂ ਆਈ। ਪੁਲੀਸ ਬਾਅਦ ਵਿੱਚ।
ਇਸ ਘਟਨਾ ਤੋਂ ਦੋ ਮਹੀਨੇ ਪਹਿਲਾਂ ਤੋਂ, ਥੋਰਬੋਲੇ ਦੇ ਜੱਦੀ ਸ਼ਹਿਰ ਬਾਰਸ਼ੀ ਵਿੱਚ ਕਰਜ਼ਾ ਵਸੂਲੀ ਏਜੰਟ 38 ਸਾਲਾ ਥੋਰਬੋਲੇ ਤੇ ਉਹਦੇ ਪਰਿਵਾਰ ਨੂੰ ਧਮਕਾ ਰਹੇ ਸਨ, ਅਤੇ ਮੰਗੇ ਗਏ ਕਰਜ਼ੇ ਤੋਂ ਪੰਜ ਗੁਣਾ ਲਈ ਉਹਨੂੰ ਜ਼ਿੰਮੇਵਾਰ ਠਹਿਰਾ ਰਹੇ ਸਨ। ਤੇ ਪੁਲੀਸ ਨੇ ਉਹਦੇ ਕੇਸ ਦੀ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹਦੇ ਨਾਲ਼ ਧੋਖਾ ਕਰਨ ਵਾਲ਼ੇ ਲੋਕ ਕਾਫ਼ੀ ਸਿਆਸੀ ਦਬਦਬਾ ਰੱਖਦੇ ਸਨ।
ਇੱਕ ਸਾਲ ਪਹਿਲਾਂ, ਮਈ 2020 ਵਿੱਚ ਥੋਰਬੋਲੇ, ਜੋ ਮਰਾਠਾ ਭਾਈਚਾਰੇ ਨਾਲ਼ ਸਬੰਧ ਰੱਖਦਾ ਹੈ, ਨੇ ਆਪਣਾ ਤਾਜ਼ੇ ਨਾਸ਼ਤੇ ਦਾ ਧੰਦਾ ਵਧਾਉਣ ਬਾਰੇ ਸੋਚਿਆ ਸੀ। ਆਪਣੀ ਬੱਚਤ ਦਾ ਵੱਡਾ ਹਿੱਸਾ ਖਰਚ ਕੇ ਉਹਨੇ ਜ਼ਮੀਨ ਖਰੀਦੀ। ਸਟਾਲ ’ਤੇ ਪਹਿਲਾਂ ਹੀ ਵਿਕ ਰਹੇ ਪੋਹੇ ਅਤੇ ਵੜੇ ਦੇ ਨਾਲ਼-ਨਾਲ਼ ਉਹ ਮਸਾਲੇ ਵੀ ਵੇਚਣਾ ਚਾਹੁੰਦਾ ਸੀ; ਤੇ ਪਲਾਟ ’ਤੇ ਗੁਦਾਮ ਵੀ ਬਣਾਉਣਾ ਚਾਹੁੰਦਾ ਸੀ।
ਉਹਨੇ 5 ਲੱਖ ਰੁਪਏ ਦਾ ਕਰਜ਼ਾ ਚੁੱਕਣ ਦਾ ਫ਼ੈਸਲਾ ਲਿਆ। ਥੋਰਬੋਲੇ ਨੇ ਸ਼ਿਵ ਸ਼ਕਤੀ ਅਰਬਨ ਕੋਆਪਰੇਟਿਵ ਬੈਂਕ ਵਿੱਚ ਕਰਜ਼ੇ ਲਈ ਦਰਖਾਸਤ ਦੇਣ ਦਾ ਸੋਚਿਆ ਕਿਉਂਕਿ ਇੱਥੇ ਦਾ ਬਰਾਂਚ ਮੈਨੇਜਰ, ਗਣੇਸ਼ ਬਾਰਨਗੁਲੇ ਥੋਰਬੋਲੇ ਦੇ ਸਾਬਕਾ ਮਾਲਕ ਯੁਵਰਾਜ ਬਾਰਨਗੁਲੇ ਨਾਲ਼ ਧੰਦੇ ਵਿੱਚ ਹਿੱਸੇਦਾਰ ਸੀ।
ਇਸ ਜਾਣ-ਪਛਾਣ ਕਰਕੇ ਹੀ ਜਦ ਗਣੇਸ਼ ਨੇ “ਪਹਿਲਾਂ ਅਰਜ਼ੀ ਵਿੱਚ ਗ਼ਲਤੀ ਹੋਣ ਕਰਕੇ” ਥੋਰਬੋਲੇ ਨੂੰ ਦੁਬਾਰਾ ਕਾਗ਼ਜ਼ਾਂ ’ਤੇ ਦਸਤਖ਼ਤ ਕਰਨ ਲਈ ਕਿਹਾ ਤਾਂ ਥੋਰਬੋਲੇ ਤੇ ਉਹਦੀ ਪਤਨੀ ਨੇ ਇਹਨੂੰ ਆਈ-ਚਲਾਈ ਗੱਲ ਸਮਝਿਆ।
ਜੁਲਾਈ (2020) ਦੇ ਸ਼ੁਰੂ ਵਿੱਚ ਗਣੇਸ਼ ਨੇ ਉਹਨੂੰ ਦੱਸਿਆ ਕਿ ਕਰਜ਼ਾ ਮਨਜ਼ੂਰ ਹੋ ਗਿਆ ਹੈ ਤੇ ਉਹਨੂੰ ਕਰਜ਼ੇ ਦੀ ਵਾਪਸੀ ਦੀ ਗਾਰੰਟੀ ਦੇ ਤੌਰ ’ਤੇ 10 ਦਸਤਖ਼ਤ ਕੀਤੇ ਖਾਲੀ ਚੈੱਕ ਜਮ੍ਹਾਂ ਕਰਾਉਣ ਲਈ ਕਿਹਾ।
ਦੋਵਾਂ ਨੇ ਬਗੈਰ ਸਵਾਲ ਕੀਤੇ ਜਮ੍ਹਾਂ ਕਰਾ ਦਿੱਤੇ। “ਸਾਡੇ ਉਹਨਾਂ ਨਾਲ਼ ਚੰਗੇ ਸਬੰਧ ਸੀ,” ਥੋਰਬੋਲੇ ਦੀ ਪਤਨੀ, 34 ਸਾਲਾ ਸੁਜਾਤਾ ਨੇ ਕਿਹਾ। “ਅਸੀਂ ਉਹਨਾਂ (ਗਣੇਸ਼ ਅਤੇ ਯੁਵਰਾਜ) ’ਤੇ ਭਰੋਸਾ ਕੀਤਾ।”
ਇਹ ਭਰੋਸਾ ਸਾਲ ਕੁ ਚੱਲਿਆ ਤੇ ਫੇਰ ਰਿਕਵਰੀ ਏਜੰਟ ਉਹਨਾਂ ਦੇ ਘਰ ਪਹੁੰਚ ਗਏ, ਅਤੇ ਉਹਨਾਂ ਨੇ ਸੁਜਾਤਾ ਨੂੰ ਧਮਕਾਇਆ ਕਿ ਜੇ ਥੋਰਬੋਲੇ ਨੇ ਆਪਣੇ ਘਰ ਵਾਸਤੇ ਲਏ 25 ਲੱਖ ਰੁਪਏ ਦੇ ਕਰਜ਼ੇ ਦੀ ਕਿਸ਼ਤ ਭਰਨੀ ਜਾਰੀ ਨਾ ਰੱਖੀ ਤਾਂ ਉਹ ਉਹਨਾਂ ਦੀ ਸੰਪੱਤੀ ਜ਼ਬਤ ਕਰ ਲੈਣਗੇ। “ਮੈਨੂੰ ਸਮਝ ਨਾ ਆਈ,” ਉਹਨੇ ਦੱਸਿਆ।











