ਵਿਕਾਸ ਕੁਮਾਰ ਨੂੰ ਕੋਵਿਡ -19 ਮਹਾਂਮਾਰੀ ਕਾਰਨ ਭਾਰਤੀ ਫ਼ੌਜ ਵਿੱਚ ਭਰਤੀ ਲਈ ਲੋੜੀਂਦੀ ਫਿਜੀਕਲ ਫਿਟਨੈੱਸ ਸਿਖਲਾਈ ਬੰਦ ਕਰਨੀ ਪਈ। 2022 ਦੀ ਸ਼ੁਰੂਆਤ ਵਿੱਚ, ਉਨ੍ਹਾਂ ਨੇ ਆਪਣੀ ਰੋਜ਼ਾਨਾ ਦੀ ਰੁਟੀਨ ਦੁਬਾਰਾ ਸ਼ੁਰੂ ਕੀਤੀ, ਜਿਸ ਵਿੱਚ 1.6 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਉਨ੍ਹਾਂ ਨੂੰ ਆਰਾ ਦੇ ਏਅਰਪੋਰਟ ਗਰਾਊਂਡ ਵਿੱਚ 400 ਮੀਟਰ ਦੇ ਟਰੈਕ 'ਤੇ 4-5 ਚੱਕਰ ਲਾਉਣੇ ਪੈਂਦੇ। "ਮੈਂ ਇਹ ਦੂਰੀ 5 ਮਿੰਟ 20 ਸੈਕਿੰਡ ਤੋਂ 5 ਮਿੰਟ 25 ਸੈਕਿੰਡ ਦੇ ਵਿਚਕਾਰ ਪੂਰੀ ਕਰ ਲੈਂਦਾ ਸਾਂ," ਉਹ ਕਹਿੰਦੇ ਹਨ।
ਉਹ ਇਸ ਦੌੜ ਨੂੰ ਦਿਨ ਵਿੱਚ 5-6 ਵਾਰ ਦੁਹਰਾਉਂਦੇ ਸਨ। ਉਨ੍ਹਾਂ ਦੀਆਂ ਨਜ਼ਰਾਂ ਹਮੇਸ਼ਾ ਉਨ੍ਹਾਂ ਦੀ ਟਾਈਮਿੰਗ 'ਤੇ ਟਿਕੀਆਂ ਰਹਿੰਦੀਆਂ ਅਤੇ, ਇਸ ਦੌਰਾਨ, ਇੱਕ ਚੱਕਰ ਪੂਰਾ ਕਰਨ 'ਤੇ ਉਹ 8-10 ਪੁਲ-ਅੱਪ; ਕੁਝ ਕੁ ਸਕੁਵੈਟ, ਪੁਸ਼-ਅੱਪਸ ਅਤੇ ਕੁਝ ਹੋਰ ਕਸਰਤਾਂ ਵੀ ਕਰਦੇ ਰਹਿੰਦੇ। ਉਹ ਕਹਿੰਦੇ ਹਨ, "ਜੇ ਮੈਂ ਫ਼ੌਜ ਦੀ ਭਰਤੀ ਲਈ ਫਿਜੀਕਲ ਫਿਟਨੈੱਸ ਟੈਸਟ ਵਿੱਚ ਹਿੱਸਾ ਲਿਆ ਹੁੰਦਾ, ਤਾਂ ਮੇਰੇ ਸਰੀਰ 'ਤੇ ਮੈਨੂੰ ਬਹੁਤ 'ਸ਼ਾਨਦਾਰ' (ਚੰਗੇ) ਮਾਰਕਸ ਮਿਲ਼ੇ ਹੁੰਦੇ।'' ਜੇਕਰ ਕੋਈ ਉਮੀਦਵਾਰ ਨਿਰਧਾਰਤ ਦੂਰੀ ਸਮੇਂ ਤੋਂ ਪਹਿਲਾਂ ਪੂਰੀ ਕਰ ਲੈਂਦੇ ਹਨ ਤਾਂ ਫ਼ੌਜ ਦੇ ਉੱਚ ਅਧਿਕਾਰੀ ਇਸ ਸ਼ਬਦ ਨੂੰ ਉਹਦੀ (ਉਮੀਦਵਾਰ) ਛਾਤੀ 'ਤੇ ਲਿਖ ਦਿੰਦੇ ਹਨ।
ਵਿਕਾਸ ਭਰਤੀ ਲਈ ਫਿਜੀਕਲ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਤਿਆਰ ਸੀ।
ਪਰ ਜੂਨ 2022 ਨੂੰ ਵਾਪਰੀ ਇੱਕ ਘਟਨਾ ਕਰਕੇ ਉਹ ਖ਼ੁਦ ਨੂੰ ਹਾਰਿਆ ਹੋਇਆ ਮਹਿਸੂਸ ਕਰਨ ਲੱਗੇ ਅਤੇ ਉਨ੍ਹਾਂ ਵਰਗੇ ਅਣਗਿਣਤ ਹੋਰ ਨੌਜਵਾਨਾਂ ਲਈ ਇਹ ਘਟਨਾ ਕੋਵਿਡ -19 ਨਾਲ਼ੋਂ ਵਧੇਰੇ ਖ਼ਤਰਨਾਕ ਸਾਬਤ ਹੋਈ। ਇਹ ਮਹਾਂਮਾਰੀ ਵਰਗੀ ਬਿਮਾਰੀ ਨਹੀਂ ਸੀ, ਇਹ ਤਾਂ ਅਜਿਹੀ ਬਿਮਾਰੀ ਸੀ ਜਿਸ ਦੀਆਂ ਜੜ੍ਹਾਂ ਸਰਕਾਰ ਦੀਆਂ ਨੀਤੀਆਂ ਵਿੱਚ ਸਨ।
ਇਸ ਘਟਨਾ ਦਾ ਨਾਮ ਅਗਨੀਪਥ ਯੋਜਨਾ ਸੀ ਅਤੇ, ਜੇ ਵਿਕਾਸ ਦੀ ਛਾਤੀ 'ਤੇ ਵੱਧ ਤੋਂ ਵੱਧ ਕੁਝ ਲਿਖਿਆ ਜਾ ਸਕਦੇ ਸੀ ਤਾਂ ਇਹ ਸ਼ਬਦ 'ਸ਼ਾਨਦਾਰ' ਨਹੀਂ- ਸਿਰਫ਼ 'ਅਗਨੀਵੀਰ' ਹੁੰਦਾ ਜੋ ਉਨ੍ਹਾਂ ਦੀ ਵਰਦੀ ਤੇ ਦੂਜੇ ਸਮਾਨ 'ਤੇ ਲਿਖਿਆ ਹੁੰਦਾ।
















