ਸ੍ਰੀਨਾਥ ਸਿੰਘ ਖਰਵਾਰ ਉਸ ਖਾਮੋਸ਼ੀ ਨੂੰ ਯਾਦ ਕਰਦੇ ਹਨ ਜੋ ਅਧੌੜਾ ਦੇ ਸੰਘਣੇ ਜੰਗਲਾਂ ਵਿੱਚ ਛਾਈ ਰਹਿੰਦੀ ਸੀ, ਜਦੋਂ ਉਹ ਅਤੇ ਉਹਨਾਂ ਦੇ ਸਾਥੀ ਤੇਂਦੂ (ਡਾਇਓਸਪਾਈਰੋਸ ਮਿਲਾਨੋਕਸਾਇਲੋਨ) ਦੇ ਪੱਤੇ ਚੁਗਣ ਜਾਂਦੇ ਸਨ। ਉਸ ਖਾਮੋਸ਼ੀ ਦੀ ਥਾਂ ਜਲਦੀ ਹੀ ਉਹਨਾਂ ਦੇ ਆਦਿਵਾਸੀ ਸਾਥੀਆਂ ਦੀਆਂ ਗੱਲਾਂ ਅਤੇ ਗੀਤਾਂ ਨਾਲ਼ ਭਰ ਜਾਂਦੀ ਸੀ। "ਅਸੀਂ ਘਰੋਂ ਖਾਣਾ ਅਤੇ ਪਾਣੀ ਲੈ ਕੇ ਜਾਂਦੇ ਸੀ। ਜਿਵੇਂ-ਜਿਵੇਂ ਅਸੀਂ ਆਪਸ ਵਿੱਚ ਗੱਲਾਂ ਕਰਦੇ, ਜੰਗਲ ਜੀਵੰਤ ਹੋ ਉੱਠਦਾ ਸੀ," ਸ੍ਰੀਨਾਥ ਉਸ ਤਿਉਹਾਰ ਵਰਗੇ ਮਾਹੌਲ ਨੂੰ ਯਾਦ ਕਰਦਿਆਂ ਕਹਿੰਦੇ ਹਨ।
47 ਸਾਲਾ ਸ੍ਰੀਨਾਥ ਕਰੀਬ ਢਾਈ ਦਹਾਕੇ ਪੁਰਾਣੀਆਂ ਯਾਦਾਂ ਵਿੱਚ ਗੁਆਚੇ ਹੋਏ ਹਨ। ਅਸੀਂ ਅਧੌੜਾ ਦੀਆਂ ਪਹਾੜੀਆਂ ਵੱਲ ਜਾਂਦੀ ਬੱਸ ਵਿੱਚ ਇੱਕ-ਦੂਜੇ ਦੇ ਨਾਲ਼ ਬੈਠੇ ਹੋਏ ਹਾਂ। ਇਹ ਬੱਸ ਸਵੇਰੇ ਤੜਕੇ ਬਿਹਾਰ ਦੇ ਦੱਖਣੀ ਜ਼ਿਲ੍ਹੇ ਕੈਮੂਰ ਦੇ ਸੁੱਤੇ ਹੋਏ ਕਸਬੇ ਭਭੂਆ ਤੋਂ ਚੱਲੀ ਸੀ। ਸਾਡੇ ਜ਼ਿਆਦਾਤਰ ਹਮਸਫ਼ਰ ਉਹ ਆਦਿਵਾਸੀ ਹਨ ਜੋ ਕੰਮ ਲਈ ਪ੍ਰਵਾਸ ਕਰ ਚੁੱਕੇ ਸਨ ਅਤੇ ਹੁਣ ਆਪੋ-ਆਪਣੇ ਪਿੰਡਾਂ ਨੂੰ ਵਾਪਸ ਪਰਤ ਰਹੇ ਹਨ।
ਸ੍ਰੀਨਾਥ ਜੀ ਆਪਣੇ ਪਿੰਡ ਚੰਨਪੁਰਾ ਵਾਪਸ ਜਾ ਰਹੇ ਹਨ। ਹੁਣ ਉਹ ਬਿਹਾਰ ਤੋਂ ਅਲੱਗ ਹੋ ਕੇ ਬਣੇ ਗੁਆਂਢੀ ਸੂਬੇ ਝਾਰਖੰਡ ਦੇ ਪਤਰਾਤੂ ਵਿੱਚ ਇੱਕ ਸੀਮੈਂਟ ਫ਼ੈਕਟਰੀ ਵਿੱਚ ਕੰਮ ਕਰਦੇ ਹਨ। ਇਸ ਤੋਂ ਪਹਿਲਾਂ ਉਹ ਦਿੱਲੀ ਅਤੇ ਮਹਾਰਾਸ਼ਟਰ ਵਰਗੇ ਦੂਰ-ਦੁਰਾਡੇ ਸੂਬਿਆਂ ਵਿੱਚ ਫ਼ੈਕਟਰੀਆਂ ਵਿੱਚ ਕੰਮ ਕਰਦੇ ਸਨ ਜੋ ਹੁਣ ਉਹਨਾਂ ਨੇ ਛੱਡ ਦਿੱਤਾ ਹੈ। "ਦਿੱਲੀ ਜਾਂ ਮਹਾਰਾਸ਼ਟਰ ਦੇ ਉਲਟ, ਪਤਰਾਤੂ ਤੋਂ ਘਰ ਜਲਦੀ ਪਹੁੰਚਣਾ ਆਸਾਨ ਹੈ," ਸ੍ਰੀਨਾਥ ਜੀ ਦੱਸਦੇ ਹਨ।
ਸੂਰਜ ਚੜ੍ਹ ਆਇਆ ਹੈ ਅਤੇ ਬੱਸ ਟੇਢੇ-ਮੇਢੇ ਰਾਸਤੇ ਉੱਤੇ ਹੌਲੀ-ਹੌਲੀ ਅਧੌੜਾ ਦੀਆਂ ਪਹਾੜੀਆਂ ਚੜ੍ਹ ਰਹੀ ਹੈ। ਰਸਤੇ ਦੇ ਦੋਵੇਂ ਪਾਸੇ, ਇਸ ਊਸ਼ਣ-ਕਟੀਬੰਧੀ ਖੁਸ਼ਕ ਮਿਸ਼ਰਤ ਪਤਝੜੀ ਅਤੇ ਸਾਲ ਦੇ ਜੰਗਲ ਦੇ ਵੱਡੇ-ਵੱਡੇ ਰੁੱਖਾਂ ਨੇ ਆਪਣੇ ਪੀਲੇ ਪੱਤੇ ਝਾੜ ਦਿੱਤੇ ਹਨ ਅਤੇ ਉਹ ਪਿੰਜਰ ਬਣ ਚੁੱਕੀਆਂ ਟਾਹਣੀਆਂ ਨਾਲ਼ ਖੜ੍ਹੇ ਹਨ। ਪਹਾੜੀਆਂ ਚੜ੍ਹਦੇ ਕੁਝ ਹੀ ਮਿੰਟਾਂ ਵਿੱਚ ਮੋਬਾਈਲ ਨੈੱਟਵਰਕ ਖਤਮ ਹੋ ਜਾਂਦਾ ਹੈ; ਇੱਥੇ ਸਿਰਫ਼ ਭਾਰਤ ਸੰਚਾਰ ਨਿਗਮ ਲਿਮਿਟੇਡ (ਬੀ. ਐਸ. ਐਨ. ਐਲ.) ਦਾ ਨੈੱਟਵਰਕ ਕੰਮ ਕਰਦਾ ਹੈ।


















