ਹਰ ਸਵੇਰ, ਹੀਰਾ ਲਾਲ ਰਸਪਾ ਬੋਝਲ਼ ਹੁੰਦੇ ਕਦਮਾਂ ਨਾਲ਼ ਲਿੰਡੂਰ ਸਥਿਤ ਆਪਣੇ ਖੇਤਾਂ ਵੱਲ ਨੂੰ ਵੱਧਦੇ ਜਾਂਦੇ ਹਨ। ''ਇੱਕ ਨਵੀਂ ਮੈਨੂੰ ਚਿੰਤਾ ਘੇਰ ਲੈਂਦੀ ਹੈ,'' ਉਹ ਕਹਿੰਦੇ ਹਨ। ''ਕੀ ਅੱਜ ਵੀ ਮੇਰੇ ਖੇਤ ਦਾ ਕੁਝ ਹਿੱਸਾ ਰੁੜ੍ਹ ਗਿਆ ਹੋਣਾ? ਕੱਲ੍ਹ ਨੂੰ ਕੁਝ ਬਚਿਆ ਵੀ ਰਹੂਗਾ?''
55 ਸਾਲਾ ਰਸਪਾ, ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪੀਤੀ ਇਲਾਕੇ ਹੇਠ ਪੈਂਦੇ ਲਿੰਡੂਰ ਪਿੰਡ ਦੇ ਇੱਕ ਆਦਿਵਾਸੀ ਕਿਸਾਨ ਹਨ, ਜਿਨ੍ਹਾਂ ਨੇ ਅਪ੍ਰੈਲ 2025 ਨੂੰ ਆਪਣੇ 2.5 ਵਿਘਿਆਂ ਵਿੱਚ ਆਲੂ ਬੀਜੇ। ਪਰ ਮਈ ਦਾ ਅੱਧ ਆਉਂਦੇ-ਆਉਂਦੇ ਉਨ੍ਹਾਂ ਦੀ ਅੱਧੀ ਕੁ ਜ਼ਮੀਨ ਚੌੜੀ ਹੁੰਦੀ ਰੋਹੀ ਨੇ ਨਿਗਲ਼ ਲਈ। ਬਾਕੀ ਫ਼ਸਲ ਤਾਂ ਅੱਜ ਵੀ ਖੜ੍ਹੀ ਹੈ ਲਹਿਰਾਉਂਦੀ ਹੋਈ, ਸਿਹਤਮੰਦ... ਪਰ ਰਸਪਾ ਦਾ ਦਿਲ ਬੁਰੀ ਤਰ੍ਹਾਂ ਟੁੱਟ ਚੁੱਕਿਆ ਹੈ।
ਅਪ੍ਰੈਲ ਦੇ ਅਖੀਰ ਤੋਂ ਲੈ ਕੇ ਅਕਤੂਬਰ ਤੱਕ ਦਾ ਸਮਾਂ ਲਾਹੌਲ ਅਤੇ ਸਪੀਤੀ ਘਾਟੀ ਦੇ ਨਿਵਾਸੀਆਂ ਲਈ ਬੇਹੱਦ ਅਹਿਮ ਹੁੰਦਾ ਹੈ, ਕਿਉਂਕਿ ਇਹ ਇਲਾਕਾ ਬਰਫ਼ਬਾਰੀ ਕਾਰਨ ਕਰੀਬ ਛੇ ਮਹੀਨੇ ਪੂਰੀ ਤਰ੍ਹਾਂ ਬੰਦ ਹੋ ਜਾਂਦਾ ਹੈ। ਇਸਲਈ ਜਦੋਂ ਗਰਮੀ ਦਾ ਮਹੀਨਾ ਆਉਂਦਾ ਹੈ ਤਾਂ ਇੱਥੋਂ ਦੇ ਨਿਵਾਸੀ ਆਪਣੇ ਖੇਤਾਂ ਵਿੱਚ ਅਨਾਜ ਤੇ ਨਗਦ ਫ਼ਸਲਾਂ ਉਗਾ ਸਕਦੇ ਹੁੰਦੇ ਹਨ।
ਮਿਹਨਤ ਦੇ ਮੁੜ੍ਹਕੇ ਦੀ ਮਹਿਕ ਤੇ ਉਮੀਦਾਂ ਨਾਲ਼ ਭਰਿਆ ਰਹਿਣ ਵਾਲ਼ਾ ਜੂਨ ਵੀ ਇਸ ਸਾਲ ਸਹਿਮ ਨਾਲ਼ ਭਰਿਆ ਹੀ ਰਿਹਾ। ਲੋਕੀਂ ਖੇਤਾਂ ਵਿੱਚ ਮੁੜ੍ਹਕਾ ਤਾਂ ਵਹਾ ਰਹੇ ਹਨ ਪਰ ਇੱਕ ਡਰ ਨੇ ਉਨ੍ਹਾਂ ਨੂੰ ਨਪੀੜਿਆ ਹੋਇਆ ਹੈ।
''ਹਰ ਲੰਘਦੇ ਦਿਨ, ਹਰ ਬੀਤਦੇ ਹਫ਼ਤੇ ਨਾਲ਼ ਮੇਰਾ ਖੇਤ ਖੁਰਦਾ ਜਾ ਰਿਹਾ ਹੈ। ਇਹ ਵੀ ਹੋ ਸਕਦਾ ਆਲੂ ਪੁੱਟੇ ਜਾਣ ਨੂੰ ਤਿਆਰ ਹੋਣ ਤੇ ਖੇਤ ਹੀ ਬਾਕੀ ਨਾ ਰਹੇ,'' ਫ਼ਿਕਰਾਂ ਮਾਰੇ ਰਸਪਾ ਕਹਿੰਦੇ ਹਨ।
ਵਿਸ਼ਵਾਸ ਤੋਂ ਸੱਖਣੀ ਅਵਾਜ਼ ਵਿੱਚ ਉਹ ਗੱਲ ਤੋਰਦੇ ਹਨ: ''ਸਾਡੇ ਘਰ, ਸਾਡੇ ਖੇਤ, ਸਾਡੀ ਖੇਤੀ- ਸਭ ਹੱਥੋਂ ਫਿਸਲਦਾ ਜਾ ਰਿਹਾ ਹੈ। ਅਸੀਂ ਨਹੀਂ ਜਾਣਦੇ ਭਗਵਾਨ ਸਾਨੂੰ ਕਿਹੜੇ ਜਨਮ ਦੀ ਸਜ਼ਾ ਦੇ ਰਿਹਾ ਹੈ। ਅਸੀਂ, ਲਿੰਡੂਰ ਵਾਸੀ, ਨਰਕ ਭਰੀ ਜ਼ਿੰਦਗੀ ਜੀ ਰਹੇ ਹਾਂ।''
ਇਹ ਸਮੱਸਿਆ ਜ਼ਮੀਨ ਧਸਣ ਦੀ ਹੈ। ਲਾਹੌਲ-ਸਪੀਤੀ ਦੀ ਜ਼ਮੀਨ ਤੇ ਢਲਾਣਾਂ ਖੁਰਦੀਆਂ ਜਾ ਰਹੀਆਂ ਹਨ, ਇਹ ਸਮੱਸਿਆ ਜ਼ਮੀਨਦੋਜ਼ ਸੰਰਚਨਾ ਦੇ ਖਿਸਕਣ ਜਾਂ ਟਕਰਾ ਜਾਣ ਕਾਰਨ ਪੈਦਾ ਹੁੰਦੀ ਹੈ।














