''ਮੀਂਹ ਪੈਣ ਤੋਂ ਬਾਅਦ ਮੁਸਕੇਨੀ ਬੂਟੇ ਦੇ ਕੋਮਲ ਹਰੇ ਪੱਤੇ ਮਿੱਠੇ ਹੋ ਜਾਂਦੇ ਹਨ। ਗਰਮੀ ਵਿੱਚ ਧੁੱਪ ਉਨ੍ਹਾਂ ਦੇ ਪੱਤਿਆਂ ਨੂੰ ਸਖ਼ਤ ਬਣਾ ਦਿੰਦੀ ਹੈ,'' ਕੌਸ਼ਲਿਆ ਕਹਿੰਦੇ ਹਨ। ਉਹ ਆਪਣੇ ਦੋ ਕਮਰਿਆਂ ਦੇ ਪੱਕੇ ਘਰ ਦੇ ਵਰਾਂਡੇ ਵਿੱਚ ਬਣਾਏ ਚੌਂਤਰੇ (ਖੁੱਲ੍ਹੀ ਰਸੋਈ) ਤੋਂ ਹੀ ਸਾਡੇ ਨਾਲ਼ ਗੱਲ ਕਰ ਰਹੇ ਹੁੰਦੇ ਹਨ ਤੇ ਉਸੇ ਦੌਰਾਨ ਉਹ ਪ੍ਰੈਸ਼ਰ ਕੂਕਰ ਵਿੱਚ ਅਰਹਰ ਦੀ ਦਾਲ਼ ਪਾ ਕੇ, ਉਸ ਦੇ ਨਾਲ਼ ਕੁਝ ਮੁਸਕੇਨੀ ਦੇ ਪੱਤੇ, ਕੁਝ ਹਰੀਆਂ ਮਿਰਚਾਂ, ਹਲਦੀ ਪਾਊਡਰ ਅਤੇ ਲੂਣ ਪਾ ਕੇ ਰਿੱਝਣ ਲਈ ਰੱਖ ਦਿੰਦੇ ਹਨ।
''ਮੁਸਕੇਨੀ ਭਾਜੀ [ਪੱਤੇ] ਅਰਹਰ ਅਤੇ ਛੋਲਿਆਂ ਦੀ ਦਾਲ਼ ਨਾਲ਼ ਬੜੀ ਸੁਆਦੀ ਲੱਗਦੀ ਹੈ,'' ਕੌਸ਼ਲਿਆ ਮੁਸਕੇਨੀ ਪੱਤਿਆਂ ਤੋਂ ਬਣਨ ਵਾਲ਼ੇ ਹੋਰ-ਹੋਰ ਪਕਵਾਨਾਂ ਨੂੰ ਦੱਸਦਿਆਂ ਬੜੇ ਖ਼ੁਸ਼ ਨਜ਼ਰ ਆ ਰਹੇ ਹਨ। ਛੱਤੀਸਗੜ੍ਹ ਦੇ ਜੰਗਲੀ ਪੱਤਿਆਂ ਨੂੰ ਅਰਹਰ ਦੀ ਦਾਲ਼ ਵਿੱਚ ਪਾ ਕੇ ਪਕਾਇਆ ਜਾਂਦਾ ਹੈ। ਉਹ ਕੂਕਰ ਦੀਆਂ ਤਿੰਨ ਤੋਂ ਚਾਰ ਸੀਟੀਆਂ ਆਉਣ ਤੱਕ ਉਡੀਕ ਕਰਦੇ ਹਨ ਤੇ ਦੂਜੇ ਪਾਸੇ ਪਾਨੀਕੀ (ਲੱਕੜ ਦੇ ਮੁੱਠੇ ਵਾਲ਼ੇ ਦਾਤ) ਨਾਲ਼ ਲਸਣ ਦੀਆਂ ਕਲੀਆਂ, ਟਮਾਟਰ, ਪਿਆਜ ਕੱਟ ਕੇ ਤੜਕੇ ਦੀ ਤਿਆਰੀ ਕਰਦੇ ਹਨ ਜਿਸ ਅੰਦਰ ਕੁਝ ਸੁੱਕੀਆਂ ਮਿਰਚਾਂ ਵਿੱਚ ਪਾਈਆਂ ਜਾਣੀਆਂ ਹਨ।













