43 ਸਾਲਾ ਨਜ਼ੀਰ ਜੁਨਾਸ ਭਾਇਆ ਆਪਣੇ ਹੱਥਾਂ ਨੂੰ ਦੇਖਦੇ ਹੋਏ ਕਹਿੰਦੇ ਹਨ,''ਅੱਬਾ ਝੂਠ ਬੋਲਤੇ ਥੇ ਕਿ, ਜੋ ਦਰਿਆ ਮਾ ਰਹਤੇ ਹੋਯ ਇਮਨੇ ਮੌਤ ਨੋ ਡਰ ਨਾ ਹੋਯ)। ਜਦੋਂ ਉਹ 17 ਸਾਲ ਦੇ ਸਨ ਅਤੇ ਉਨ੍ਹਾਂ ਨੂੰ ਨਾਵਕ (ਮਾਂਝੀ) ਦੀ ਆਪਣੀ ਪਹਿਲੀ ਨੌਕਰੀ ਮਿਲ਼ੀ, ਤਦ ਉਨ੍ਹਾਂ ਦੇ ਪਿਤਾ ਅਕਸਰ ਉਨ੍ਹਾਂ ਨੂੰ ਇਹੀ ਗੱਲ ਕਿਹਾ ਕਰਦੇ ਸਨ। ਇਨ੍ਹਾਂ ਹੀ ਹੱਥਾਂ ਨੇ ਉਮਾਨ ਦੀ ਖਾੜੀ ਵਿੱਚ ਛੇ ਮਹੀਨੇ ਪਹਿਲਾਂ ਐੱਮਐੱਸਵੀ ਅਲ ਫ਼ੈਜ਼ ਨੂਰ ਏ ਸੁਲੈਮਾਨੀ ਜਹਾਜ਼ ਦੀ ਕਮਾਨ ਸੰਭਾਲ਼ੀ ਸੀ, ਜਦੋਂ ਤੱਕ ਕਿ ਉਹ ਡੁੱਬ ਨਹੀਂ ਗਿਆ। ਉਹ ਭਿਆਨਕ ਪਲ ਉਨ੍ਹਾਂ ਦੇ ਚੇਤਿਆਂ ਵਿੱਚ ਤਾਜ਼ਾ ਹੋ ਗਏ ਜਦੋਂ ਕਪਤਾਨ ਦੀ ਕਮਾਂਡ 'ਤੇ ਉਹ ਸਟ੍ਰੇਟ ਆਫ਼ ਹਾਰਮੁਜ ਪਾਰ ਕਰ ਰਹੇ ਸਨ ਤੇ ਜਹਾਜ਼ 'ਤੇ ਮਿਜ਼ਾਇਲ ਆਣ ਡਿੱਗੀ।
''ਅੱਬਾ ਝੂਠ ਬੋਲਤੇ ਥੇ,'' ਉਹ ਦਹੁਰਾਉਂਦੇ ਹਨ। ''ਮੈਂ ਤੋ ਲਾਂਚ ਮੇਂ ਪਾਨੀ ਦੇਖ ਕੇ ਹੈਬਤ ਖਾ ਗਯਾ ਥਾ। (ਜਿਸ ਪਲ ਪਾਣੀ ਜਹਾਜ਼ ਅੰਦਰ ਵੜ੍ਹਿਆ ਮੈਂ ਸਹਿਮ ਗਿਆ ਸਾਂ)। 8 ਮਈ 2026 ਨੂੰ ਰਾਤ ਦੇ ਬਾਰ੍ਹਾਂ ਵੱਜ ਚੁੱਕੇ ਸਨ। ਇੱਕ ਮਿਜ਼ਾਇਲ ਸਾਨੂੰ ਮਾਰਨਾ ਚਾਹੁੰਦੀ ਸੀ। ਇਰਾਨ ਨੇ ਸਾਨੂੰ ਹਾਰਮੁਜ ਪਾਰ ਕਰਨ ਤੋਂ ਨਾ ਰੋਕਿਆ, ਸੋ ਉਨ੍ਹਾਂ ਦੇ ਹਮਲਾ ਕਰਨ ਦੀ ਸੰਭਾਵਨਾ ਨਹੀਂ ਸੀ। ਜ਼ੋਰਦਾਰ ਧਮਾਕੇ ਦੀ ਅਵਾਜ਼ ਸਾਡੇ ਕੰਨੀਂ ਪਈ ਤੇ ਅਚਾਨਕ ਭਿਆਨਕ ਅੱਗ ਫ਼ੈਲ ਗਈ।'' ਕੱਛੀ ਸਿੰਧੀ ਬੋਲਣ ਦੀ ਬਜਾਇ ਗੁਜਰਾਤੀ ਤੇ ਹਿੰਦੀ ਵਿੱਚ ਗੱਲ ਕਰਦੇ ਹੋਏ ਨਜ਼ੀਰ ਰੁੱਕ-ਰੁੱਕ ਕੇ ਗੱਲ ਪੂਰੀ ਕਰਦੇ ਹਨ। ਅਸੀਂ ਗੁਜਰਾਤ ਦੇ ਦਵਾਰਕਾ ਜ਼ਿਲ੍ਹੇ ਦੇ ਬੰਦਰਗਾਹ ਕਸਬੇ, ਸਲਾਯਾ ਵਿਖੇ ਉਨ੍ਹਾਂ ਦੇ ਇੱਕ-ਮੰਜ਼ਲਾ ਘਰ ਵਿੱਚ ਬੈਠੇ ਹਾਂ।
























