ਜ਼ਿਆਦਾਤਰ ਪਰਿਵਾਰ ਪਹਿਲਾਂ ਡੰਗਰ ਖ਼ਰੀਦਦੇ ਹਨ ਤੇ ਫਿਰ ਉਹਦੇ ਚਾਰੇ ਦੀ ਫ਼ਿਕਰ ਕਰਦੇ ਹਨ। ਪਰ ਜਸਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ, ਜਗਸੀਰ ਸਿੰਘ ਕੁਝ ਉਲਟਾ ਹੀ ਕਰ ਰਹੇ ਹਨ।
ਉਹ ਮੱਝ ਦੇ ਚਾਰੇ ਵਾਸਤੇ ਕੁੱਪ ਬਣਾ ਰਹੇ ਹਨ, ਜੋ ਉਨ੍ਹਾਂ ਨੇ ਹਾਲੇ ਖਰੀਦੀ ਤੱਕ ਨਹੀਂ। ਇੰਝ ਕਰਨ ਮਗਰ ਇੱਕ ਵੱਡਾ ਕਾਰਨ ਹੈ ਕਿ ਇਸ ਸਾਲ ਤੂੜੀ ਦੀ ਕੀਮਤ ਲਗਭਗ 75 ਫ਼ੀਸਦੀ ਤੱਕ ਡਿੱਗ ਗਈ ਹੈ। ਜਿੱਥੇ ਸਾਲ 2024 ਵਿੱਚ ਇੱਕ ਕੁਇੰਟਲ ਤੂੜੀ 800-1000 ਰੁਪਏ ਵਿੱਚ ਵਿਕੀ, ਉੱਥੇ ਇਸ ਮੌਸਮ ਵਿੱਚ ਇਹਦੀ ਕੀਮਤ ਡਿੱਗ ਕੇ 200-250 ਰੁਪਏ/ਕੁਇੰਟਲ ਰਹਿ ਗਈ।
ਸੋ, ਸੰਗਰੂਰ ਜ਼ਿਲ੍ਹੇ ਦੇ ਚਾਂਗਲੀਵਾਲ਼ਾ ਪਿੰਡ ਦੇ ਇਸ ਜੋੜੇ ਨੇ ਸੋਚਿਆ ਕਿ ਡੰਗਰ ਘਰ ਲਿਆਉਣ ਤੋਂ ਪਹਿਲਾਂ ਘਟੋ-ਘੱਟ ਚਾਰਾ ਹੀ ਖ਼ਰੀਦ ਲਿਆ ਜਾਵੇ।
ਉਨ੍ਹਾਂ ਦਾ 27 ਸਾਲਾ ਪੁੱਤਰ ਇੱਕ ਉਭਰਦਾ ਹੋਇਆ ਕਬੱਡੀ ਚੈਂਪੀਅਨ ਹੈ ਸੋ ਪਰਿਵਾਰ ਨੂੰ ਅੱਡ ਤੋਂ ਪੋਸ਼ਟਿਕ ਖ਼ੁਰਾਕ ਦੀ ਲੋੜ ਹੈ ਜੋ ਮੱਝ ਦੇ ਦੁੱਧ ਨਾਲ਼ ਪੂਰੀ ਕੀਤੀ ਜਾ ਸਕੇਗੀ। 50 ਸਾਲਾ ਜਸਵਿੰਦਰ ਕਹਿੰਦੀ ਹੈ,“ਚੰਗੀ ਖ਼ੁਰਾਕ ਚਾਹੀਦੀ ਆ, ਖ਼ਾਸ ਕਰਕੇ ਸਾਡੇ ਪੁੱਤ ਲਈ ਜੋ ਪਿੰਡ ਵਿੱਚ ਕਬੱਡੀ ਖੇਡਦਾ ਏ।” ਉਨ੍ਹਾਂ ਦੀਆਂ ਦੋ ਧੀਆਂ ਵਿੱਚੋਂ ਇੱਕ ਵਿਆਹੀ ਹੋਈ ਹੈ ਅਤੇ ਦੂਰ ਰਹਿੰਦੀ ਹੈ, ਦੂਜੀ 25 ਸਾਲਾ, ਗਗਨ ਨੇ ਐੱਮ.ਏ. ਦੀ ਪੜ੍ਹਾਈ ਮੁਕੰਮਲ ਕਰ ਲਈ ਹੈ ਅਤੇ ਕੁਝ ਸਾਲ ਪਹਿਲਾਂ ਬੀਮਾਰ ਪਈ ਆਪਣੀ ਮਾਂ ਤੋਂ ਬਾਅਦ ਉਹ ਹੀ ਘਰ ਸੰਭਾਲ਼ ਰਹੀ ਹੈ।
ਜਦ ਪਰਿਵਾਰ ਨੇ ਕੁੱਪ ਬਣਾਉਣ ਦਾ ਫ਼ੈਸਲਾ ਕੀਤਾ ਤਾਂ ਉਨ੍ਹਾਂ ਨੇ ਜਗਸੀਰ ਦੇ ਮਾਮੇ ਦੇ ਮੁੰਡੇ, ਗੁਰਮੇਲ ਸਿੰਘ ਨਾਲ਼ ਗੱਲ ਕੀਤੀ। 60 ਸਾਲਾ ਅਨੁਭਵੀ ਕਾਰੀਗਰ ਗੁਰਮੇਲ ਦੇ ਮੁਤਾਬਕ ਪਿਛਲੇ 40 ਵਰ੍ਹਿਆਂ ਵਿੱਚ ਉਹ ਕੋਈ 2000 ਤੋਂ ਵੱਧ ਕੁੱਪ ਬਣਾ ਚੁੱਕੇ ਹਨ। ਉਹ ਕਹਿੰਦੇ ਹਨ,“ਕਣਕ ਦੀ ਵਾਢੀ ਵਾਲ਼ੇ ਮਹੀਨਿਆਂ ਵਿੱਚ ਅਸੀਂ ਹਰ ਰੋਜ਼ ਘੱਟੋ-ਘੱਟ ਦੋ ਕੁੱਪ ਬਣਾਉਂਦੇ ਸਾਂ।”
ਗੁੰਬਦ ਅਕਾਰ ਦਾ ਢਾਂਚਾ, ਕੁੱਪ ਚਾਰਾ ਸੰਭਾਲ਼ਣ ਲਈ ਕਾਫ਼ੀ ਸਸਤਾ ਪੈਂਦਾ ਹੈ। ਕਦੇ ਪੰਜਾਬ ਦੇ ਪਿੰਡਾਂ ਦੀ ਪਛਾਣ ਰਹੇ ਕੁੱਪ ਹੁਣ ਲੱਭਣੇ ਵੀ ਮੁਸ਼ਕਲ ਹੁੰਦੇ ਜਾ ਰਹੇ ਹਨ। ਦਿੱਲੀ ਤੋਂ ਪੰਜਾਬ ਦੇ ਚਾਂਗਲੀਵਾਲ਼ਾ ਤੱਕ ਟ੍ਰੇਨ ਰਾਹੀਂ ਸਫ਼ਰ ਕਰਦਿਆਂ PARI ਨੂੰ ਵਿਰਲ਼ੇ-ਟਾਂਵੇ ਹੀ ਕੁੱਪ ਨਜ਼ਰੀਂ ਪਏ।



















