ਇਹ ਇੱਕ ਦੈਵਿਕ ਇਕੱਤਰਤਾ ਹੈ। ਇੱਕ ਨਾਲ਼ੋਂ ਜਿਆਦਾ ਕਈ ਮਾਇਨਿਆਂ ਵਿੱਚ।
ਬਸਤਰ ਇਲਾਕੇ ਦੇ ਬਹੁਤ ਸਾਰੇ ਦੇਵਤੇ ਸਾਲ ਵਿੱਚ ਇੱਕ ਵਾਰ ਨਰਾਇਣਪੁਰ ਦੇ ਮਾਵਲੀਮੇਲਾ ਵਿੱਚ ਇਕੱਠੇ ਹੁੰਦੇ ਹਨ। ਇਹ ਸਲਾਨਾ ਮੜਾਈ (ਦੇਵਤਿਆਂ ਦਾ ਇਕੱਠ) ਦਾ ਆਯੋਜਨ ਵਾਢੀ ਤੋਂ ਬਾਅਦ ਕੀਤਾ ਜਾਂਦਾ ਹੈ ਅਤੇ ਇਹ ਲਗਭਗ 700 ਸਾਲ ਪੁਰਾਣਾ ਹੈ।
ਛੱਤੀਸਗੜ ਦੇ ਬਸਤਰ ਇਲਾਕੇ ਤੋਂ ਅਤੇ ਨੇੜਲੇ ਇਲਾਕਿਆਂ ਤੋਂ ਦੇਵਤਿਆਂ ਨੂੰ ਕਬਾਇਲੀ ਪਰਿਵਾਰ ਅਤੇ ਭਾਈਚਾਰੇ ਲੈ ਕੇ ਆਉਂਦੇ ਹਨ। ਲੋਕ ਇੱਥੇ ਦੂਰ ਦਰਾਜ ਪੈਂਦੇ ਅਭੁਜਮਾੜ ਤੋਂ ਲੈ ਕੇ ਕਾਂਕੇਰ ਵਰਗੇ ਇਲਾਕਿਆਂ ਤੋਂ ਆਉਂਦੇ ਹਨ। ਉਹਨਾਂ ਦਾ ਖੁਸ਼ਨੁਮਾ ਸਫ਼ਰ ਅਤੇ ਆਨੰਦਮਈ ਆਗਮਨ ਸੰਗੀਤ ਅਤੇ ਨਾਚ ਨਾਲ਼ ਭਰਪੂਰ ਹੁੰਦਾ ਹੈ।
ਲੋਕ ਆਪਣੇ ਕੁਲ ਦੇਵਤਿਆਂ ਨੂੰ ਇਸ ਮੜਾਈ ‘ਤੇ ਲੈ ਕੇ ਆਉਂਦੇ ਹਨ। ਇੱਥੇ ਕਬਾਇਲੀ ਲੋਕਾਂ ਵਿੱਚ ਇਹ ਧਾਰਨਾ ਹੈ ਕਿ ਉਹਨਾਂ ਦੇ ਪੁਰਖੇ ਵੀ ਉਹਨਾਂ ਦੇ ਦੇਵਤੇ ਹਨ, ਅਤੇ ਮਾਵਲੀਮੇਲਾ ਵਿੱਚ ਇੱਕ ਪਰਿਵਾਰ ਦਾ ਦੇਵਤਾ ਦੂਜੇ ਪਰਿਵਾਰਾਂ ਦੇ ਦੇਵਤਿਆਂ ਨਾਲ਼ ਮੁਲਾਕਾਤ ਕਰਦਾ ਹੈ। ਕਬਾਇਲੀ ਦੇਵਤੇ ਮਨੁੱਖ ਵਾਂਗ ਹੀ ਵਿਚਰਦੇ ਤੇ ਰਿਸ਼ਤੇਦਾਰ ਦੇ ਗਲ਼ੇ ਲੱਗ ਇਕੱਠਿਆਂ ਜਸ਼ਨ ਵਿੱਚ ਸ਼ਾਮਲ ਹੁੰਦੇ ਹਨ।
“ਇਹ ਮੇਲਾ ਹਫ਼ਤਾ ਚੱਲਦਾ ਹੈ,” ਨਰਾਇਣਪੁਰ ਦੇ ਰਹਿਣ ਵਾਲ਼ੇ ਗ਼ੈਰ-ਕਬਾਇਲੀ ਬਜ਼ੁਰਗ ਵਿਸ਼ਵਨਾਥ ਦੇਵਾਂਗਨ ਦਾ ਕਹਿਣਾ ਹੈ। ਇੱਥੇ ਕਈ ਗ਼ੈਰ-ਕਬਾਇਲੀ ਲੋਕ ਵੀ ਇਸ ਵਰਤਾਰੇ ਨੂੰ ਦੇਖਣ ਆਉਂਦੇ ਹਨ।
ਇਸ ਦੀ ਸ਼ੁਰੂਆਤ ਮਾਵਲੀ ਮਾਤਾ [ਦੇਵੀ ਮਾਤਾ] ਦੇ ਮੇਲੇ ਨਾਲ਼ ਹੁੰਦੀ ਹੈ ਅਤੇ ਫ਼ਿਰ ਦੂਰੋਂ ਨੇੜਿਓਂ ਹੋਰ ਦੇਵਤਿਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਨਾਲ਼ ਪੜ੍ਹੋ: ਗੰਗਰੇਲ ਵਿਖੇ ਵਿਸਥਾਪਤ ਦੇਵੀ ਨਾਲ਼ ਖ਼ੁਸ਼ੀ ਦੇ ਪਲ
ਫ਼ਰਵਰੀ ਮਹੀਨੇ ਦੀ ਇੱਕ ਨਿੱਘੀ ਸਵੇਰ ਮੈਂ ਇੱਥੇ ਪਹੁੰਚਿਆ। ਨਰਾਇਣਪੁਰ ਵਿੱਚ ਬਜ਼ਾਰ ਦੇ ਨੇੜੇ ਸਥਿਤ ਵੱਡੇ ਭਾਈਚਾਰਿਕ ਮੈਦਾਨ ਤੇਜ਼ੀ ਨਾਲ਼ ਲੋਕ ਨਾਲ਼ ਭਰ ਰਹੇ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਬੱਸਾਂ, ਟੈਕਸੀਆਂ ਅਤੇ ਕਈ ਤਾਂ ਕੱਲ੍ਹ ਤੋਂ ਹੀ ਆਪਣੇ ਪਿੰਡਾਂ ਤੋਂ ਪੈਦਲ ਚਲੇ ਹੋਏ ਇੱਥੇ ਪਹੁੰਚ ਰਹੇ ਹਨ। ਕਈਆਂ ਦੇ ਪੈਰਾਂ ਵਿੱਚ ਕੋਈ ਜੁੱਤਾ ਜੋੜੀ ਵੀ ਨਹੀਂ।
























