ਇਹ ਛੇ ਦੇ ਛੇ ਤੁਹਾਡੀ ਤਲ਼ੀ ਵਿੱਚ ਸਮਾ ਜਾਣਗੇ। ਲੂਣ ਤੇ ਛੋਟੀਆਂ ਹਰੀਆਂ ਮਿਰਚਾਂ ਨਾਲ਼ ਉਹ ਇਹਦੀ ਬੜੀ ਸੁਆਦੀ ਡਿਸ਼ ਬਣਾਉਣ ਵਾਲ਼ੇ ਹਨ। ਇਸੇ ਲਈ ਰਾਮਪ੍ਰਸਾਦ ਅਤੇ ਉਸਦੇ ਦੋਸਤਾਂ ਨੇ ਪਲਾਸਟਿਕ ਦੀ ਬੋਤਲ ਵਿੱਚ ਕੁਝ ਛੋਟੇ ਕੇਕੜੇ (ਸਕਿਲਾ ਸਿਰਾਟਾ) ਪਾਏ ਹੋਏ ਹਨ। ਹੁਣ ਸਾਰੇ ਜਣੇ ਬਣਨ ਵਾਲ਼ੀ ਚਟਨੀ ਦੇ ਚਾਅ ਵਿੱਚ ਉਤਸ਼ਾਹਤ ਹੋ ਰਹੇ ਹਨ।
ਆਂਧਰਾ ਪ੍ਰਦੇਸ਼ ਦੇ ਸ਼੍ਰੀ ਸਤਿਆ ਸਾਈ ਜ਼ਿਲ੍ਹੇ ਦੇ ਮਲਕਵਾਰੀਪੱਲੀ ਤਾਂਡਾ ਦੀ ਬੰਜਾਰਾ ਬਸਤੀ ਦੇ ਇਹ ਮੁੰਡੇ ਤਪਸ਼ ਤੋਂ ਬਚਣ ਲਈ ਸੰਘਣੀ ਛਾਂ ਹੇਠ ਬੈਠੇ ਹਨ। ਉਨ੍ਹਾਂ ਕੋਲ਼ ਚਿੱਕੜ ਵਿੱਚ ਪਾਏ ਜਾਣ ਵਾਲ਼ੇ ਕੇਕੜੇ ਹਨ ਜਿਨ੍ਹਾਂ ਨੂੰ 'ਹਰੇ ਕੇਕੜੇ' ਅਤੇ 'ਮੈਂਗਰੋਵ ਕੇਕੜੇ' ਵੀ ਕਿਹਾ ਜਾਂਦਾ ਹੈ ਅਤੇ ਇਹ ਭਾਰਤ ਦੇ ਪੂਰਬੀ ਸਮੁੰਦਰ ਕੰਢੇ ਮਿਲ਼ਦੇ ਹਨ।
ਸਦਾ ਸ਼ਾਂਤ ਰਹਿਣ ਵਾਲ਼ਾ ਅਮਦਗੂਰ ਮੰਡਲ ਘਾਟੀ ਦੀ ਗੋਦ ਵਿੱਚ ਵੱਸਿਆ ਖੇਤਰ ਹੈ। ਇੱਥੇ ਤੁਸੀਂ ਝੋਨੇ ਦੇ ਖੇਤ, ਟਮਾਟਰ ਅਤੇ ਮਿਰਚ ਦੀਆਂ ਫ਼ਸਲਾਂ ਦੇਖ ਸਕਦੇ ਹੋ ਤੇ ਪਿੰਡ ਨੀਵੀਂਆਂ ਪਹਾੜੀਆਂ ਨਾਲ਼ ਘਿਰਿਆ ਹੈ। ਇਹ ਪਿੰਡ ਵੇਖਣ ਵਿੱਚ ਜਿੰਨਾ ਸੋਹਣਾ ਹੈ, ਪਾਣੀ ਓਨਾ ਹੀ ਡੂੰਘਾਣਾਂ ਵਿੱਚ ਲੱਥਿਆ ਹੋਇਆ ਹੈ। ਪਾਣੀ ਵਾਸਤੇ ਇੱਥੇ 800 ਤੋਂ 1,200 ਫੁੱਟ ਡੂੰਘੇ ਬੋਰਵੈੱਲ ਪੁੱਟਣੇ ਪੈਂਦੇ ਹਨ। ਜਿਸ ਕਰਕੇ ਪਿੰਡ ਦੀ ਕਿਸਾਨੀ ਨੂੰ ਸਿੰਚਾਈ ਵਾਸਤੇ ਦਿਹਾੜੀ ਦੇ ਅੱਠ ਘੰਟੇ ਹੀ ਪਾਣੀ ਮਿਲ਼ਦਾ ਹੈ।






