ਹਾਈ ਫੈਸ਼ਨ, ਫਾਸਟ ਫੈਸ਼ਨ ਤੇ ਸੈਕਸ।
ਉੱਚ ਸ਼੍ਰੇਣੀ ਦੀ ਯਾਤਰਾ, ਕਿਫ਼ਾਇਤੀ ਯਾਤਰਾ ਤੇ ਬੇਅੰਤ ਯਾਤਰਾ!
ਮੀਮਸ, ਟ੍ਰੈਂਡਿੰਗ ਡਾਂਸ ਪੋਜ਼, ਮਜ਼ੇਦਾਰ ਕਈ ਵਾਰ ਵੰਨ-ਸੁਵੰਨੇ ਬਹੁਤੇ ਡਰਾਉਣੇ ਫਿਲਟਰ ਵੀ।

ਇਸ ਕਿਸਮ ਦੀ ਆਨਲਾਈਨ ਪਈ ਸਮੱਗਰੀ ਬਹੁਤ ਧਿਆਨ ਖਿੱਚਦੀ ਹੈ। ਪਾਰੀ ਕੋਲ਼ ਇਸ ਲਾਈਨ-ਅੱਪ ਵਿੱਚ ਪੇਸ਼ ਕਰਨ ਲਈ ਬਹੁਤਾ ਕੁਝ ਨਹੀਂ ਹੈ, ਫਿਰ ਵੀ ਅਸੀਂ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਦਰਸ਼ਕਾਂ ਦੀ ਇੱਕ ਨਿਸ਼ਚਤ ਮਾਤਰਾ ਨੂੰ ਆਕਰਸ਼ਿਤ ਕਰਨ ਅਤੇ ਬਣਾਈ ਰੱਖਣ ਵਿੱਚ ਕਾਮਯਾਬ ਰਹੇ ਹਾਂ।  ਕਿਵੇਂ? ਇੱਕ ਬਹੁਤ ਹੀ ਸਧਾਰਣ ਪਰ ਲਗਭਗ ਅਣਵਰਤੇ ਤਰੀਕੇ ਨਾਲ: ਇੱਕ ਜਾਣਕਾਰੀ ਭਰਪੂਰ, ਸ਼ਕਤੀਸ਼ਾਲੀ ਬਿਰਤਾਂਤ ਬਣਾਉਣ ਦੀ ਯੋਗਤਾ ਸਦਕਾ।

ਇੱਥੇ ਸਾਲ ਦੇ ਅੰਤ ਵਿੱਚ ਇੱਕ ਨਜ਼ਰ ਮਾਰੀਏ ਕਿ ਪਾਰੀ ਦੀ ਪੇਂਡੂ ਪੱਤਰਕਾਰੀ ਨੇ ਵਿਭਿੰਨ ਦਰਸ਼ਕਾਂ ਨੂੰ ਕਿਵੇਂ ਪ੍ਰਭਾਵਤ ਕੀਤਾ ਹੈ। (ਇਹ ਛੋਟੀ ਜਿਹੀ ਕਲਿੱਪ ਵੀ ਦੇਖੋ)

ਬਾਂਸਵਾੜਾ ਦੀ ਅਸਥਾਈ 'ਸਭਾਪਤੀ' ਰਿਪੋਰਟ 'ਤੇ ਸਾਡੀ ਪੋਸਟ ਨੂੰ ਲੱਖਾਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਸਰਾਹਿਆ ਕੀਤਾ ਹੈ। ਨੀਲਾਂਜਨਾ ਨੰਦੀ ਦੀ ਇਹ ਰਿਪੋਰਟ ਰਾਜਸਥਾਨ ਵਿੱਚ ਔਰਤਾਂ ਦਾ ਪੁਰਸ਼ਾਂ ਜਾਂ ਬਜ਼ੁਰਗਾਂ ਸਾਹਮਣੇ ਕੁਰਸੀਆਂ 'ਤੇ ਬਹਿਣ ਜਾਂ ਉੱਚੀਆਂ ਥਾਵਾਂ 'ਤੇ ਬੈਠਣ ਦੀ ਅਸਵੀਕਾਰਯੋਗ ਪਰੰਪਰਾ ਨੂੰ ਉਜਾਗਰ ਕਰਦੀ ਹੈ। ਇਸ ਰੀਲ ਨੂੰ ਇੰਸਟਾਗ੍ਰਾਮ 'ਤੇ ਲਗਭਗ 700,000 ਵਾਰ ਦੇਖਿਆ ਜਾ ਚੁੱਕਾ ਹੈ ਅਤੇ ਹਜ਼ਾਰਾਂ ਟਿੱਪਣੀਆਂ ਮਿਲੀਆਂ ਹਨ ਉਨ੍ਹਾਂ ਔਰਤਾਂ ਦੀਆਂ, ਜਿਨ੍ਹਾਂ ਨੇ ਇਸੇ ਕਿਸਮ ਦੇ ਸਲੂਕ ਹੰਢਾਏ ਹਨ, ਕੁਝ ਮੰਨਦੀਆਂ ਹਨ ਕਿ ਇਹ ਛੋਟੀਆਂ-ਛੋਟੀਆਂ ਗੱਲਾਂ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਆਈਆਂ ਹਨ, ਜਦੋਂ ਕਿ ਹੋਰ ਔਰਤਾਂ ਲਈ ਇਹ ਯਕੀਨੋ-ਬਾਹਰੀ ਗੱਲ ਹੈ ਕਿ ਅਜਿਹਾ ਅਭਿਆਸ ਅਜੇ ਵੀ ਮੌਜੂਦ ਹੈ। ਮਲਿਕਾ ਕੁਮਾਰ ਦੀ ਟਿੱਪਣੀ ਕਿ "ਕੋਈ ਘੋਖਵੀਂ ਅੱਖ ਹੀ ਇਨ੍ਹਾਂ ਚੀਜ਼ਾਂ ਨੂੰ ਦੇਖ ਸਕਦੀ ਹੈ" ਸ਼ਾਇਦ ਪੱਤਰਕਾਰੀ ਲਈ ਇਹੀ ਸਭ ਤੋਂ ਵੱਡੀ ਪ੍ਰਸ਼ੰਸਾ ਹੈ ਜੋ ਆਮ ਲੋਕਾਂ ਦੇ ਰੋਜ਼ਮੱਰਾ ਦੇ ਜੀਵਨ-ਤਜ਼ਰਬਿਆਂ ਦੀਆਂ ਕਹਾਣੀਆਂ ਕਹਿੰਦੇ ਸਮੇਂ ਸਾਹਮਣੇ ਆਉਂਦੀ ਹੈ।

ਇਸ ਕਿਸਮ ਦੀ ਮਾਨਤਾ ਸੱਚਮੁੱਚ ਸਾਨੂੰ ਅਗਵਾਈ ਕਰਦੀ ਹੈ ਅਤੇ ਸਾਡੇ ਪਾਠਕ ਸਾਨੂੰ ਕਈ ਤਰੀਕਿਆਂ ਨਾਲ਼ ਇਹ ਮਾਨਤਾ ਦਿਖਾਉਂਦੇ ਹਨ: ਉਹ ਸਾਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਇਨ੍ਹਾਂ ਰਿਪੋਰਟਾਂ ਤੋਂ ਕੀ ਸਿੱਖਿਆ ਹੈ ਅਤੇ ਕੁਝ ਵਿੱਤੀ ਦਾਨ ਨਾਲ਼ ਪਾਰੀ ਦੇ ਨਾਲ਼ ਖੜ੍ਹੇ ਵੀ ਰਹਿੰਦੇ ਹਨ, ਇਨ੍ਹਾਂ ਦੀ ਮਦਦ ਨਾਲ਼ ਅਸੀਂ ਆਪਣੀ ਖੋਜ ਪੱਤਰਕਾਰੀ ਨੂੰ ਸੁਤੰਤਰ ਤੌਰ 'ਤੇ ਜਾਰੀ ਰੱਖ ਸਕਦੇ ਹਾਂ।

ਮਦੁਰਈ ਦੇ ਰੰਗੀਨ, ਹਮੇਸ਼ਾ ਰੁੱਝੇ ਹੋਏ ਜੈਸਮੀਨ ਬਾਜ਼ਾਰ ਬਾਰੇ ਬਣਾਈ ਗਈ ਅਪਰਨਾ ਕਾਰਤਿਕੇਯਨ ਦੀ ਵੀਡੀਓ ਵਿੱਚ, ਦੁਨੀਆ ਭਰ ਦੇ ਦਰਸ਼ਕਾਂ ਨੇ ਸਾਨੂੰ ਦੱਸਿਆ ਕਿ ਵੀਡੀਓ ਨੇ ਉਨ੍ਹਾਂ ਦੀਆਂ ਕਿੰਨੀਆਂ ਯਾਦਾਂ ਤਾਜ਼ਾ ਕਰ ਛੱਡੀਆਂ। "ਕਿੰਨੀ ਖੂਬਸੂਰਤ ਲਿਖਤ ਹੈ। ਵੀਡੀਓ 'ਚ ਨਮਰਤਾ ਕਿਲਪਾਡੀ ਨੇ ਕਿਹਾ ਕਿ ਚਮੇਲੀ ਦੀ ਖੁਸ਼ਬੂ ਨਾਲ਼ ਪੂਰਾ ਦ੍ਰਿਸ਼ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਜੀਵਤ ਹੋ ਗਿਆ।'' ਲੋਕਾਂ ਨੂੰ ਇਸ ਤਰੀਕੇ ਨਾਲ਼ ਰਿਪੋਰਟ ਕਰਨ ਦੇ ਸਥਾਨ ਅਤੇ ਸਮੇਂ 'ਤੇ ਖਿੱਚ ਲਿਆਉਣਾ ਖੁਸ਼ੀ ਦੀ ਗੱਲ ਹੈ। ਇਹ ਸਭ ਇਸ ਲਈ ਸੰਭਵ ਹੋਇਆ ਹੈ ਕਿਉਂਕਿ ਜੋ ਲੋਕ ਸਾਡੀ ਰਿਪੋਰਟ ਦਾ ਹਿੱਸਾ ਹਨ ਉਨ੍ਹਾਂ ਨੇ ਆਪਣੇ ਰੋਜ਼ਾਨਾ ਜੀਵਨ ਦੇ ਤਜ਼ਰਬੇ ਸਾਡੇ ਨਾਲ਼ ਸਾਂਝੇ ਕੀਤੇ ਹਨ।

ਪੁਣੇ ਸਥਿਤ ਕੂੜਾ ਇਕੱਠਾ ਕਰਨ ਵਾਲ਼ੀ ਸੁਮਨ ਮੋਰੇ ਦੀ 30 ਸਕਿੰਟ ਦੀ ਕਲਿੱਪ ਸਾਡੇ ਇੰਸਟਾਗ੍ਰਾਮ ਵੀਡੀਓ ਵਿੱਚੋਂ ਸਭ ਤੋਂ ਮਸ਼ਹੂਰ ਹੈ ਜਿਸ ਵਿਚ ਉਹ ਸ਼ਬਦਾਂ ਦੀ ਸ਼ਕਤੀ ਬਾਰੇ ਗੱਲ ਕਰਦੀ ਹਨ। ਉਹ ਪੁੱਛਦੀ ਹਨ ਕਿ ਉਸ ਕੂੜੇ ਨੂੰ ਸਾਫ਼ ਕਰਨ ਵਾਲ਼ੀਆਂ ਔਰਤਾਂ ਨੂੰ "ਕਚਰੇਵਾਲੀ" ਕਿਉਂ ਕਿਹਾ ਜਾਣਾ ਚਾਹੀਦਾ ਹੈ ਜਦੋਂ ਕਿ ਕੂੜਾ ਤਾਂ ਲੋਕ ਪੈਦਾ ਕਰਦੇ ਹਨ। ਵੀਡੀਓ ਦੇ ਹੇਠਾਂ ਟਿੱਪਣੀਆਂ ਵਿੱਚ, ਜਿਸ ਨੂੰ 1.2 ਮਿਲੀਅਨ ਤੋਂ ਵੱਧ ਵਿਊਜ਼ ਮਿਲ਼ ਚੁੱਕੇ ਹਨ, ਲੋਕਾਂ ਨੇ ਇਸ ਸਮਾਜਿਕ ਅਣਗਹਿਲੀ ਅਤੇ ਗ਼ਲਤਫਹਿਮੀ ਦੀ ਨੀਂਹ ਹਿਲਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਵੀ ਕੀਤੀ। ਇੱਕ ਪਾਠਕ ਨੇ ਲਿਖਿਆ, "ਮੈਂ ਸਹਿਮਤ ਹਾਂ, ਮੈਂ ਵੀ ਉਸ ਸ਼ਬਦ (ਕਚਰੇਵਾਲੀ) ਦੀ ਵਰਤੋਂ ਕੀਤੀ ਹੈ। ਪਰ ਮੈਂ ਇਸ ਨੂੰ ਦੁਬਾਰਾ ਕਦੇ ਨਹੀਂ ਕਰਾਂਗਾ।'' ਇਹ ਬਿਆਨ ਇਸ ਤੱਥ ਦਾ ਸਬੂਤ ਹੈ ਕਿ ਜੇ ਪੱਤਰਕਾਰੀ ਰਾਹੀਂ ਹਾਸ਼ੀਏ 'ਤੇ ਪਏ ਲੋਕਾਂ ਦੇ ਤਜ਼ਰਬਿਆਂ ਨੂੰ ਉਜਾਗਰ ਕੀਤਾ ਜਾਵੇ ਤਾਂ ਇਹ ਸੱਚਮੁੱਚ ਸਮਾਜ ਵਿੱਚ ਤਬਦੀਲੀ ਲਿਆ ਸਕਦਾ ਹੈ।

ਟਵਿੱਟਰ ਯੂਜ਼ਰ ਵਿਸ਼ਨੂੰ ਸਾਈਸ (@Vishnusayswhat) ਨੇ ਪਾਰੀ ਦੇ ਐਜੂਕੇਸ਼ਨ ਪ੍ਰੋਗਰਾਮ ਬਾਰੇ ਲਿਖਿਆ, ਜਿਹਦੇ ਜ਼ਰੀਏ ਅਸੀਂ ਸਕੂਲ-ਕਾਲਜ ਦੇ ਕਲਾਸਰੂਮਾਂ ਵਿੱਚ ਇਨ੍ਹਾਂ ਰਿਪੋਰਟਾਂ 'ਤੇ ਚਰਚਾ ਕਰਦੇ ਹਾਂ ਤੇ ਵਿਦਿਆਰਥੀਆਂ ਵਿੱਚ ਪੇਂਡੂ ਭਾਰਤ ਦਾ ਦ੍ਰਿਸ਼ਟੀਕੋਣ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ: "ਜਦੋਂ ਤੁਸੀਂ ਭਾਰਤ ਨੂੰ ਕੁਝ ਹੱਦ ਤੱਕ ਸਮਝਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਇਹ ਸੰਭਵ ਹੈ ਕਿ ਜੇ ਕਿਸੇ ਵਿਅਕਤੀ ਕੋਲ਼ ਕਿਸੇ ਹੋਰ ਵਿਅਕਤੀ ਨਾਲ਼ੋਂ ਘੱਟ ਦੌਲਤ ਹੈ ਤਾਂ ਇਹ ਸਿਰਫ਼ ਇਸ ਲਈ ਨਹੀਂ ਹੈ ਕਿ ਉਹ ਸਖ਼ਤ ਮਿਹਨਤ ਨਹੀਂ ਕਰਦਾ। ਇਸ ਨਜ਼ਰੀਏ ਨੂੰ ਰੱਖ ਕੇ ਤੁਸੀਂ ਭਾਰਤ ਦੀ ਤਸਵੀਰ ਨੂੰ ਜ਼ਿਆਦਾ ਸੂਖਮ ਤਰੀਕੇ ਨਾਲ਼ ਦੇਖ ਸਕਦੇ ਹੋ।

ਬਾਲੀਵੁੱਡ ਆਈਕਨ ਜ਼ੀਨਤ ਅਮਾਨ ਨੇ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਪਾਰੀ ਦੇ ਕੰਮ ਨੂੰ ਉਜਾਗਰ ਕੀਤਾ ਅਤੇ ਉਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ, "ਮੁੱਖ ਧਾਰਾ ਅੰਦਰ ਪੇਂਡੂ ਭਾਰਤ ਦੀਆਂ ਕਹਾਣੀ ਸੁਣਾਉਣ ਦੀ ਜਗ੍ਹਾ ਗਾਇਬ ਹੋ ਰਹੀ ਹੈ। ਮੈਂ ਜਾਣਦੀ ਹਾਂ ਕਿ ਅੱਜ ਦੀ ਪੱਤਰਕਾਰੀ ਵਿੱਚ ਮਸ਼ਹੂਰ ਹਸਤੀਆਂ ਦੀਆਂ ਖ਼ਬਰਾਂ ਪੇਂਡੂ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਰਹੀਆਂ ਹਨ।'' ਪਰ ਇਮਾਨਦਾਰੀ ਨਾਲ਼ ਕਿਹਾ ਜਾਵੇ ਤਾਂ ਇਹ ਵੀ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ ਜੇ ਮਸ਼ਹੂਰ ਹਸਤੀਆਂ ਦੀ ਸ਼ਕਤੀ ਨੂੰ ਸਹੀ ਤਰੀਕੇ ਨਾਲ਼ ਵਰਤਿਆ ਜਾਂਦਾ ਹੈ। ਇਸ ਬਾਰੇ ਉਨ੍ਹਾਂ ਦੀ ਪੋਸਟ ਦੇ 24 ਘੰਟਿਆਂ ਦੇ ਅੰਦਰ ਹੀ ਸਾਡੇ ਫਾਲੋਅਰਜ਼ ਦੀ ਗਿਣਤੀ 'ਚ ਕਈ ਹਜ਼ਾਰ ਦਾ ਵਾਧਾ ਹੋ ਗਿਆ। ਸਾਲ ਦਾ ਇ੍ਯਕ ਹੋਰ ਦਿਲਚਸਪ ਪਲ ਉਹ ਸੀ ਜਦੋਂ ਹਾਲੀਵੁੱਡ ਅਦਾਕਾਰ ਅਤੇ ਮਨੋਰੰਜਨ ਸ਼ਖਸੀਅਤ ਜੌਨ ਸੈਨਾ ਨੇ ਟਵਿੱਟਰ 'ਤੇ ਸਾਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ!

ਪਰ ਇਨ੍ਹਾਂ ਸਾਰੀਆਂ ਪ੍ਰਤੀਕਿਰਿਆਵਾਂ ਵਿੱਚ, ਅਸੀਂ ਵਧੇਰੇ ਰਾਹਤ ਮਹਿਸੂਸ ਕਰਦੇ ਹਾਂ ਜਦੋਂ ਸੋਸ਼ਲ ਮੀਡੀਆ 'ਤੇ ਦਰਸ਼ਕ /ਪਾਠਕ ਉਨ੍ਹਾਂ ਲੋਕਾਂ ਵੱਲ ਧਿਆਨ ਦਿੰਦੇ ਹਨ ਜਿਨ੍ਹਾਂ ਦੀ ਅਸੀਂ ਰਿਪੋਰਟ ਕਰਦੇ ਹਾਂ। ਅਸੀਂ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਾਂ ਕਿ ਲੋਕ ਹਮੇਸ਼ਾ ਮਦਦ ਦਾ ਹੱਥ ਵਧਾਉਣ ਲਈ ਤਿਆਰ ਰਹਿੰਦੇ ਹਨ। ਇਸ ਰਿਪੋਰਟ ਦੇ ਜਵਾਬ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਬਜ਼ੁਰਗ ਕਿਸਾਨ ਜੋੜਾ ਸੁਬਈਆ ਅਤੇ ਦੇਵੰਮਾ ਡਾਕਟਰੀ ਖਰਚਿਆਂ ਨੂੰ ਸਹਿਣ ਕਰਨ ਲਈ ਸੰਘਰਸ਼ ਕਰ ਰਹੇ ਹਨ, ਕਈ ਪਾਠਕ ਵਿੱਤੀ ਸਹਾਇਤਾ ਦਾ ਵਾਅਦਾ ਕਰਦੇ ਹੋਏ ਸਾਡੇ ਕੋਲ਼ ਪਹੁੰਚੇ; ਉਨ੍ਹਾਂ ਦੇ ਮੈਡੀਕਲ ਬਿੱਲਾਂ ਅਤੇ ਉਨ੍ਹਾਂ ਦੀ ਧੀ ਦੇ ਵਿਆਹ ਦੇ ਖਰਚਿਆਂ ਦਾ ਇੱਕ ਵੱਡਾ ਹਿੱਸਾ ਇਸ ਵਿੱਚੋਂ ਨਿਕਲ਼ਿਆ। ਉੱਭਰ ਰਹੀ ਦੌੜਾਕ ਵਰਸ਼ਾ ਕਦਮ ਦਾ ਭਵਿੱਖ ਪਰਿਵਾਰ ਦੀ ਵਿੱਤੀ ਸਥਿਤੀ ਅਤੇ ਸਰਕਾਰੀ ਸਹਾਇਤਾ ਦੀ ਘਾਟ ਕਾਰਨ ਬਰਬਾਦ ਹੋ ਗਿਆ ਸੀ। ਸਾਡੇ ਪਾਠਕਾਂ ਨੇ ਉਨ੍ਹਾਂ ਨੂੰ ਪੈਸੇ ਦਾਨ ਕੀਤੇ, ਦੌੜਨ ਵਾਲ਼ੇ ਜੁੱਤੇ ਖਰੀਦ ਕੇ ਦਿੱਤੇ ਅਤੇ ਉਹਨੂੰ ਸਿਖਲਾਈ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਇੰਟਰਨੈੱਟ ਦੀ ਦੁਨੀਆ ਕਿੰਨੀ ਬੇਰਹਿਮ ਤੇ ਨਾ-ਮੁਆਫ਼ੀਯੋਗ ਵਾਰਦਾਤਾਂ ਦਾ ਕੇਂਦਰ ਬਣੀ ਰਹਿੰਦੀ ਹੈ ਪਰ ਇਸ ਸਭ ਦੇ ਬਾਵਜੂਦ ਸਾਡੇ ਪਾਠਕ ਸਾਨੂੰ ਯਾਦ ਦਿਵਾਉਂਦੇ ਰਹਿੰਦੇ ਹਨ ਕਿ ਸੰਸਾਰ ਵਿੱਚ ਦਇਆ ਅਤੇ ਸਦਭਾਵਨਾ ਦੀ ਕਦੇ ਕਮੀ ਨਹੀਂ ਹੁੰਦੀ।

ਜੇ ਤੁਸੀਂ ਅਜੇ ਤੱਕ ਸੋਸ਼ਲ ਮੀਡੀਆ ' ਤੇ ਸਾਨੂੰ ਫਾਲੋ ਨਹੀਂ ਕਰ ਰਹੇ ਹੋ , ਤਾਂ ਤੁਸੀਂ ਇਨ੍ਹਾਂ ਹੈਂਡਲਜ਼ ਰਾਹੀਂ ਸਾਨੂੰ ਫਾਲੋ ਕਰ ਸਕਦੇ ਹੋ। ਸਾਡੇ ਕੋਲ਼ ਹਿੰਦੀ , ਤਾਮਿਲ ਅਤੇ ਉਰਦੂ ਸੋਸ਼ਲ ਮੀਡੀਆ ਅਕਾਊਂਟ ਵੀ ਹਨ।
ਇੰਸਟਾਗ੍ਰਾਮ
ਟਵਿੱਟਰ
ਫੇਸਬੁੱਕ
ਲਿੰਕਡਇਨ

ਸਾਡੇ ਕੰਮ ਵਿੱਚ ਜੇਕਰ ਤੁਹਾਡੀ ਦਿਲਚਸਪੀ ਬਣਦੀ ਹੈ ਤੇ ਤੁਸੀਂ ਪਾਰੀ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ ਸਾਨੂੰ [email protected] ' ਤੇ ਲਿਖੋ। ਤੁਹਾਡੇ ਨਾਲ਼ ਕੰਮ ਕਰਨ ਲਈ ਅਸੀਂ ਫ੍ਰੀਲਾਂਸ ਤੇ ਸੁਤੰਤਰ ਲੇਖਕਾਂ, ਪੱਤਰਕਾਰਾਂ, ਫ਼ੋਟੋਗ੍ਰਾਫ਼ਰਾਂ, ਫ਼ਿਲਮ ਨਿਰਮਾਤਾਵਾਂ, ਅਨੁਵਾਦਕਾਂ, ਸੰਪਾਦਕਾਂ, ਚਿੱਤਰਕਾਰਾਂ ਤੇ ਖ਼ੋਜਾਰਥੀਆਂ ਦਾ ਸੁਆਗਤ ਕਰਦੇ ਹਾਂ।

ਪਾਰੀ ਇੱਕ ਗ਼ੈਰ-ਲਾਭਕਾਰੀ ਸੰਸਥਾ ਹੈ ਤੇ ਸਾਡਾ ਭਰੋਸਾ ਉਨ੍ਹਾਂ ਲੋਕਾਂ ਦੇ ਦਾਨ ਸਿਰ ਰਹਿੰਦਾ ਹੈ ਜੋ ਸਾਡੀ ਬਹੁ-ਭਾਸ਼ਾਈ ਆਨਲਾਈਨ ਮੈਗ਼ਜ਼ੀਨ ਤੇ ਆਰਕਾਈਵ ਦੇ ਪ੍ਰਸ਼ੰਸਕ ਹਨ। ਜੇਕਰ ਤੁਸੀਂ ਪਾਰੀ ਨੂੰ ਦਾਨ ਦੇਣਾ ਚਾਹੁੰਦੇ ਹੋ ਤਾਂ ਕ੍ਰਿਪਾ ਕਰਕੇ DONATE ' ਤੇ ਕਲਿਕ ਕਰੋ।

ਤਰਜਮਾ: ਕਮਲਜੀਤ ਕੌਰ

Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur