''ਅਸੀਂ ਤੰਬੂ ਵਿੱਚ ਬੈਠੇ ਹੋਏ ਸਾਂ, ਉਨ੍ਹਾਂ ਇਹਨੂੰ ਪਾੜ ਸੁੱਟਿਆ। ਅਸੀਂ ਫਿਰ ਵੀ ਬੈਠੇ ਰਹੇ,'' ਬਜ਼ੁਰਗ ਅਜ਼ਾਦੀ ਘੁਲਾਟੀਏ ਨੇ ਸਾਨੂੰ ਦੱਸਿਆ। ''ਉਨ੍ਹਾਂ ਨੇ ਜ਼ਮੀਨ 'ਤੇ ਪਾਣੀ ਸੁੱਟਿਆ ਫਿਰ ਸਾਡੇ 'ਤੇ ਵੀ। ਉਨ੍ਹਾਂ ਜ਼ਮੀਨ ਗਿੱਲੀ ਕਰਕੇ ਸਾਡੇ ਬੈਠਣ ਵਿੱਚ ਦਿੱਕਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਤਾਂ ਵੀ ਬੈਠੇ ਰਹੇ। ਇਸ ਤੋਂ ਬਾਅਦ ਜਦੋਂ ਮੈਂ ਥੋੜ੍ਹਾ ਪਾਣੀ ਪੀਣ ਲਈ ਬਾਹਰ ਗਿਆ ਤੇ ਟੂਟੀ ਕੋਲ਼ ਜਾ ਕੇ ਜਿਓਂ ਹੀ ਝੁੱਕਿਆ, ਉਨ੍ਹਾਂ ਨੇ ਮੇਰੇ ਸਿਰ 'ਤੇ ਵਾਰ ਕੀਤਾ ਅਤੇ ਮੇਰੀ ਖੋਪੜੀ ਤੋੜ ਸੁੱਟੀ। ਮੈਨੂੰ ਤੁਰੰਤ ਹਸਪਤਾਲ ਖੜ੍ਹਿਆ ਗਿਆ ਸੀ।''

ਬਾਜੀ ਮੁਹੰਮਦ ਭਾਰਤ ਦੇ ਆਖ਼ਰੀ ਬਚੇ ਅਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਹਨ- ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਉਨ੍ਹਾਂ ਚਾਰ ਜਾਂ ਪੰਜ ਅਜ਼ਾਦੀ ਘੁਲਾਟੀਆਂ ਵਿੱਚੋਂ ਇੱਕ, ਜੋ ਓੜੀਸਾ ਦੇ ਕੋਰਾਪੁਟ ਖੇਤਰ ਵਿੱਚ ਹਾਲੇ ਵੀ ਜੀਵਤ ਹਨ। ਉਹ 1942 ਦੇ ਬ੍ਰਿਟਿਸ਼ ਤਸ਼ੱਦਦਾਂ ਦੀ ਗੱਲ ਨਹੀਂ ਕਰ ਰਹੇ ਹਨ। (ਹਾਲਾਂਕਿ ਉਨ੍ਹਾਂ ਕੋਲ਼ ਇਸ ਬਾਬਤ ਦੱਸਣ ਨੂੰ ਬਹੁਤ ਕੁਝ ਹੈ।) ਸਗੋਂ ਉਹ ਅੱਧੀ ਸਦੀ ਤੋਂ ਬਾਅਦ, 1992 ਵਿੱਚ ਬਾਬਰੀ ਮਸਜਿਦ ਨੂੰ ਤੋੜੇ ਜਾਣ ਦੌਰਾਨ ਆਪਣੇ ਉੱਪਰ ਹੋਏ ਹਮਲੇ ਬਾਰੇ ਦੱਸ ਰਹੇ ਹਨ। ''ਮੈਂ ਉੱਥੇ 100 ਮੈਂਬਰੀ ਸ਼ਾਂਤੀ ਟੀਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਮੌਜੂਦ ਸਾਂ।'' ਪਰ ਇਸ ਟੀਮ ਨੂੰ ਵੀ ਚੈਨ ਨਾ ਲੈਣ ਦਿੱਤਾ ਗਿਆ। ਜੀਵਨ ਦੇ 75 ਵਰ੍ਹੇ ਪੂਰੇ ਕਰ ਚੁੱਕੇ ਬਜ਼ੁਰਗ ਗਾਂਧੀਵਾਦੀ ਯੋਧਾ, ਆਪਣੇ ਜ਼ਖਮੀ ਸਿਰ ਨੂੰ ਲੈ ਕੇ 10 ਦਿਨਾਂ ਤੱਕ ਹਸਪਤਾਲ ਵਿੱਚ ਅਤੇ ਇੱਕ ਮਹੀਨੇ ਤੱਕ ਵਾਰਾਣਸੀ ਦੇ ਇੱਕ ਆਸ਼ਰਮ ਵਿੱਚ ਪਏ ਰਹੇ।

ਜਦੋਂ ਉਹ ਆਪਣੀ ਕਹਾਣੀ ਦੱਸ ਰਹੇ ਹਨ ਤਾਂ ਉਨ੍ਹਾਂ ਦੇ ਚਿਹਰੇ 'ਤੇ ਰਤਾ ਭਰ ਵੀ ਗੁੱਸਾ ਨਹੀਂ ਹੈ। ਉਨ੍ਹਾਂ ਦੇ ਮਨ ਵਿੱਚ ਰਾਸ਼ਟਰੀ ਸਵੈ-ਸੇਵਕ ਸੰਘ ਜਾਂ ਬਜਰੰਗ ਦਲ ਦੇ ਖਿਲਾਫ਼ ਵੀ ਨਫ਼ਰਤ ਦਾ ਕੋਈ ਭਾਵ ਜਿਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ। ਉਹ ਇੱਕ ਸ਼ਰੀਫ਼ ਬਜ਼ੁਰਗ ਹਨ ਜੋ ਸਦਾ ਮੁਸਕਰਾਉਂਦੇ ਰਹਿੰਦੇ ਹਨ ਅਤੇ ਉਹ ਗਾਂਧੀ ਦੇ ਪੱਕੇ ਭਗਤ ਹਨ। ਉਹ ਇੱਕ ਅਜਿਹੇ ਮੁਸਲਮਾਨ ਹਨ, ਜੋ ਨਬਰੰਗਪੁਰ ਵਿੱਚ ਗਾਂ-ਹੱਤਿਆ ਵਿਰੋਧੀ ਲੀਗ ਦੀ ਅਗਵਾਈ ਕਰ ਰਹੇ ਹਨ। ''ਹਮਲੇ ਤੋਂ ਬਾਅਦ ਬੀਜੂ ਪਟਨਾਇਕ ਮੇਰੇ ਘਰ ਆਏ ਅਤੇ ਮੈਨੂੰ ਬੜਾ ਝਿੜਕਿਆ। ਉਹ ਇਸ ਗੱਲੋਂ ਚਿੰਤਤ ਸਨ ਕਿ ਆਪਣੀ ਉਮਰ ਦੇ ਇਸ ਪੜਾਅ ਵਿੱਚ ਵੀ ਮੈਂ ਸ਼ਾਂਤਮਈ ਪ੍ਰਦਰਸ਼ਨ ਵਿੱਚ ਸਰਗਰਮ ਹਾਂ। ਇਸ ਤੋਂ ਪਹਿਲਾਂ ਵੀ, ਮੈਂ 12 ਸਾਲਾਂ ਤੱਕ ਅਜ਼ਾਦੀ ਘੁਲਾਟੀਆਂ ਨੂੰ ਮਿਲ਼ਣ ਵਾਲ਼ੀ ਪੈਨਸ਼ਨ ਪ੍ਰਵਾਨ ਨਾ ਕੀਤੀ ਤਾਂ ਵੀ ਉਨ੍ਹਾਂ ਨੇ ਮੈਨੂੰ ਬੁਰਾ-ਭਲਾ ਕਿਹਾ ਸੀ।''

ਬਾਜੀ ਮੁਹੰਮਦ ਇੱਕ ਮੁੱਕਦੇ ਜਾਂਦੇ ਕਬੀਲੇ ਦੀ ਰੰਗਦਾਰ ਆਸਾਰ ਹਨ। ਭਾਰਤ ਦੇ ਅਣਗਿਣਤ ਗ੍ਰਾਮੀਣਾਂ ਨੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀ ਦਿੱਤੀ ਹੈ। ਪਰ, ਜੋ ਪੀੜ੍ਹੀ ਦੇਸ਼ ਨੂੰ ਇੱਥੋਂ ਤੱਕ ਲੈ ਆਈ, ਉਹ ਹੌਲ਼ੀ-ਹੌਲ਼ੀ ਮਰ ਰਹੀ ਹੈ,ਇਹਦੇ (ਪੀੜ੍ਹੀ) ਬਹੁਤੇਰੇ ਮੈਂਬਰ 80 ਜਾਂ 90 ਦੀ ਉਮਰ ਪਾਰ ਕਰ ਚੁੱਕੇ ਹਨ। ਬਾਜੀ ਦੀ ਉਮਰ ਵੀ 90 ਦੇ ਆਸ-ਪਾਸ ਹੈ।

''1930 ਦੇ ਦਹਾਕੇ ਵਿੱਚ ਮੈਂ ਪੜ੍ਹ ਰਿਹਾ ਸਾ, ਪਰ ਮੈਂ ਦਸਵੀਂ ਤੋਂ ਅੱਗੇ ਨਹੀਂ ਪੜ੍ਹ ਪਾਇਆ। ਮੇਰੇ ਗੁਰੂ ਸਦਾ ਸ਼ਿਵ ਤ੍ਰਿਪਾਠੀ ਸਨ, ਜੋ ਬਾਅਦ ਵਿੱਚ ਓੜੀਸਾ ਦੇ ਮੁੱਖਮੰਤਰੀ ਬਣੇ। ਮੈਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਿਆ ਅਤੇ ਇਹਦੇ ਨਬਰੰਗਪੁਰ ਇਕਾਈ ਦਾ ਪ੍ਰਧਾਨ ਬਣਿਆ (ਜੋ ਹੁਣ ਤੱਕ ਕੋਰਾਪੁਟ ਜਿਲ੍ਹੇ ਦਾ ਹੀ ਹਿੱਸਾ ਸੀ)। ਮੈਂ ਇੱਥੇ ਕਾਂਗਰਸ ਦੇ 20,000 ਮੈਂਬਰ ਬਣਾਏ। ਇਸ ਇਲਾਕੇ ਦਾ ਉਬਾਲ਼ ਬਹੁਤ ਸ਼ਾਨਦਾਰ ਸੀ। ਇਹ ਸੱਤਿਆਗ੍ਰਹਿ ਲਈ ਸਭ ਤੋਂ ਚੰਗੀ ਜਗ੍ਹਾ ਸਾਬਤ ਹੋਈ।''

ਪਰ, ਜਿਸ ਸਮੇਂ ਹਜ਼ਾਰਾਂ ਲੋਕ ਕੋਰਾਪੁਟ ਵੱਲ ਮਾਰਚ ਕਰ ਰਹੇ ਸਨ, ਬਾਜੀ ਮੁਹੰਮਦ ਨੇ ਕੋਈ ਹੋਰ ਹੀ ਰਾਹ ਫੜ੍ਹਿਆ ਸੀ। ''ਮੈਂ ਗਾਂਧੀ ਜੀ ਕੋਲ਼ ਗਿਆ। ਮੈਂ ਉਨ੍ਹਾਂ ਨੂੰ ਮਿਲ਼ਣਾ ਹੀ ਸੀ।'' ਇਸਲਈ ਉਨ੍ਹਾਂ ਨੇ ''ਇੱਕ ਸਾਈਕਲ ਚੁੱਕਿਆ, ਦੋਸਤ ਲਕਸ਼ਮਣ ਸਾਹੂ ਨੂੰ ਨਾਲ਼ ਲਿਆ, ਜੇਬ੍ਹ ਵਿੱਚ ਨਵਾਂ ਪੈਸਾ ਤੱਕ ਨਹੀਂ ਸੀ ਅਤੇ ਇੱਥੋਂ ਰਾਏਪੁਰ ਅੱਪੜ ਗਏ।'' ਬੀਹੜ ਪਹਾੜੀ ਰਸਤਿਆਂ ਥਾਣੀ ਹੋ ਕੇ ਉਨ੍ਹਾਂ ਨੇ 350 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ। ''ਉੱਥੋਂ ਅਸੀਂ ਵਰਧਾ ਵਾਸਤੇ ਰੇਲ ਫੜ੍ਹੀ ਅਤੇ ਸੇਵਾਗ੍ਰਾਮ ਪਹੁੰਚੇ। ਉਨ੍ਹਾਂ ਦੇ ਆਸ਼ਰਮ ਵਿੱਚ ਕਈ ਮਹਾਨ ਲੋਕ ਸਨ। ਸਾਨੂੰ ਹੈਰਾਨੀ ਹੋਈ ਅਤੇ ਚਿੰਤਾ ਵੀ। ਕੀ ਅਸੀਂ ਉਨ੍ਹਾਂ ਨਾਲ਼ ਕਦੇ ਮਿਲ਼ ਸਕਾਂਗੇ? ਲੋਕਾਂ ਨੇ ਸਾਨੂੰ ਉਨ੍ਹਾਂ ਦੇ ਸਕੱਤਰ ਮਹਾਦੇਵ ਦੇਸਾਈ ਨੂੰ ਪੁੱਛਣ ਲਈ ਕਿਹਾ।

''ਦੇਸਾਈ ਨੇ ਸਾਨੂੰ ਕਿਹਾ ਕਿ ਅਸੀਂ ਸ਼ਾਮੀਂ 5 ਵਜੇ ਉਨ੍ਹਾਂ ਨਾਲ਼ ਗੱਲ ਕਰੀਏ, ਜਦੋਂ ਉਹ ਟਹਿਲਣ ਨਿਕਲ਼ਦੇ ਹਨ। ਇਹ ਚੰਗਾ ਰਹੇਗਾ, ਮੈਂ ਸੋਚਿਆ। ਅਰਾਮ ਨਾਲ਼ ਮੁਲਾਕਾਤ ਹੋ ਜਾਵੇਗੀ। ਪਰ ਉਹ ਬੜੀ ਤੇਜ਼ ਤੁਰਦੇ ਸਨ! ਮੇਰੀ ਦੌੜ ਦੇ ਬਰਾਬਰ ਤਾਂ ਉਨ੍ਹਾਂ ਦੀ ਚਾਲ ਹੀ ਸੀ। ਅੰਤ ਵਿੱਚ, ਜਦੋਂ ਮੈਂ ਉਨ੍ਹਾਂ ਨੂੰ ਫੜ੍ਹ ਸਕਣ ਵਿੱਚ ਨਾਕਾਮ ਰਿਹਾ ਤਾਂ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ: ਕ੍ਰਿਪਾ ਕਰਕੇ ਠਹਿਰ ਜਾਓ: ਮੈਂ ਸਿਰਫ਼ ਤੁਹਾਨੂੰ ਸਿਰਫ਼ ਦੇਖਣ ਖਾਤਰ ਹੀ ਉੜੀਸਾ ਤੋਂ ਚੱਲ ਕੇ ਇੱਥੋਂ ਤੱਕ ਆਇਆ ਹਾਂ।

''ਉਨ੍ਹਾਂ ਨੇ ਬੜੇ ਮਜੇ ਨਾਲ਼ ਕਿਹਾ: 'ਕੀ ਦੇਖਣਾ ਚਾਹੁੰਦੇ ਹੋ? ਮੈਂ ਇੱਕ ਇਨਸਾਨ ਹੀ ਹਾਂ, ਦੋ ਹੱਥ, ਦੋ ਪੈਰ, ਦੋ ਅੱਖਾਂ। ਕੀ ਤੁਸੀਂ ਉੜੀਸਾ ਵਿੱਚ ਇੱਕ ਸੱਤਿਆਗ੍ਰਹੀ ਹੋ?' ਮੈਂ ਜਵਾਬ ਦਿੱਤਾ ਕਿ ਮੈਂ ਇੰਝ ਬਣਨ ਦਾ ਪ੍ਰਣ ਜ਼ਰੂਰ ਲਿਆ ਹੈ।

''ਜਾਓ'', ਗਾਂਧੀ ਨੇ ਕਿਹਾ, '' ਜਾਓ ਲਾਠੀ ਖਾਓ ''। ''ਦੇਸ਼ ਲਈ ਕੁਰਬਾਨੀ ਦਿਓ।'' ਸੱਤ ਦਿਨਾਂ ਬਾਅਦ ਅਸੀਂ ਉਹੀ ਕੁਝ ਕਰਨ ਲਈ ਪਰਤੇ, ਜਿਵੇਂ ਕਿ ਗਾਂਧੀ ਜੀ ਨੇ ਸਾਨੂੰ ਹੁਕਮ ਦਿੱਤਾ ਸੀ।'' ਬਾਜੀ ਮੁਹੰਮਦ ਨੇ ਯੁੱਧ-ਵਿਰੋਧੀ ਅੰਦੋਲਨ ਦੇ ਰੂਪ ਵਿੱਚ ਨਬਰੰਗਪੁਰ ਮਸਜਿਦ ਦੇ ਬਾਹਰ ਸੱਤਿਆਗ੍ਰਹਿ ਕੀਤਾ। ਇਸ ਆਰੋਪ ਵਿੱਚ ਉਨ੍ਹਾਂ ਨੂੰ ''ਜੇਲ੍ਹ ਵਿੱਚ 6 ਮਹੀਨੇ ਬਿਤਾਉਣੇ ਪਏ ਅਤੇ 50 ਰੁਪਏ ਦੇ ਜੁਰਮਾਨਾ ਭਰਨਾ ਪਿਆ। ਉਨ੍ਹੀਂ ਦਿਨੀਂ ਇਹ ਬਹੁਤ ਵੱਡੀ ਰਾਸ਼ੀ ਹੋਇਆ ਕਰਦੀ ਸੀ।''

ਇਸ ਤੋਂ ਬਾਅਦ ਹੋਰ ਵੀ ਕਈ ਘਟਨਾਵਾਂ ਹੋਈਆਂ। ''ਇੱਕ ਵਾਰ, ਜੇਲ੍ਹ ਵਿੱਚ, ਪੁਲਿਸ 'ਤੇ ਹਮਲਾ ਕਰਨ ਲਈ ਲੋਕ ਇਕੱਠੇ ਹੋ ਗਏ। ਮੈਂ ਵਿਚਕਾਰ ਪੈ ਕੇ ਇਹਨੂੰ ਰੋਕ ਦਿੱਤਾ। 'ਮਰਾਂਗੇ ਪਰ ਮਾਰਾਂਗੇ ਨਹੀਂ', ਮੈਂ ਕਿਹਾ।''

PHOTO • P. Sainath

''ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ, ਮੈਂ ਗਾਂਧੀ ਨੂੰ ਲਿਖਿਆ: 'ਹੁਣ ਕੀ?' ਅਤੇ ਉਨ੍ਹਾਂ ਦਾ ਜਵਾਬ ਆਇਆ: 'ਦੋਬਾਰਾ ਜੇਲ੍ਹ ਜਾਓ।' ਮੈਂ ਉਵੇਂ ਹੀ ਕੀਤਾ। ਇਸ ਵਾਰ ਚਾਰ ਮਹੀਨਿਆਂ ਲਈ। ਪਰ ਤੀਜੀ ਵਾਰ, ਉਨ੍ਹਾਂ ਨੇ ਸਾਨੂੰ ਗ੍ਰਿਫ਼ਤਾਰ ਕੀਤਾ ਨਹੀਂ। ਇਸਲਈ ਮੈਂ ਗਾਂਧੀ ਤੋਂ ਦੋਬਾਰਾ ਪੁੱਛਿਆ: 'ਹੁਣ ਕੀ?' ਅਤੇ ਉਨ੍ਹਾਂ ਨੇ ਕਿਹਾ: 'ਇਸੇ ਨਾਅਰੇ ਦੇ ਨਾਲ਼ ਲੋਕਾਂ ਦੇ ਵਿਚਕਾਰ ਜਾਓ।' ਸੋ ਹਰ ਵਾਰ 20-30 ਲੋਕਾਂ ਦੇ ਨਾਲ਼ 60 ਕਿਲੋਮੀਟਰ ਪੈਦਲ ਤੁਰ ਕੇ ਪਿੰਡੋ-ਪਿੰਡੀ ਜਾਂਦੇ। ਫਿਰ ਭਾਰਤ ਛੱਡੋ ਅੰਦੋਲਨ ਦਾ ਸਮਾਂ ਆ ਗਿਆ ਅਤੇ ਚੀਜ਼ਾਂ ਬਦਲ ਗਈਆਂ।

''25 ਅਗਸਤ, 1942 ਨੂੰ ਸਾਨੂੰ ਸਾਰੇ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਪਾ ਦਿੱਤਾ ਗਿਆ। ਨਬਰੰਗਪੁਰ ਦੇ ਪਪਰੰਡੀ ਵਿੱਚ ਪੁਲਿਸ ਫਾਇਰਿੰਗ ਹੋਈ, ਜਿਹਦੇ ਕਾਰਨ ਕਰਕੇ 19 ਲੋਕ ਵਾਰਦਾਤ ਦੀ ਥਾਂ 'ਤੇ ਹੀ ਮਾਰੇ ਗਏ। ਕਈ ਲੋਕ ਜ਼ਖਮੀ ਹੋਣ ਕਰਕੇ ਬਾਅਦ ਵਿੱਚ ਮੌਤ ਦੇ ਮੂੰਹ ਜਾ ਪਏ। 300 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ। ਕੋਰਾਪੁਟ ਜਿਲ੍ਹਾ ਵਿੱਚ ਇੱਕ ਹਜ਼ਾਰ ਲੋਕਾਂ ਤੋਂ ਵੱਧ ਲੋਕਾਂ ਨੂੰ ਜੇਲ੍ਹ ਜਾਣਾ ਪਿਆ। ਕਈ ਲੋਕਾਂ ਨੂੰ ਜਾਂ ਤਾਂ ਗੋਲ਼ੀ ਮਾਰ ਦਿੱਤੀ ਗਈ ਜਾਂ ਫਿਰ ਫਾਹੇ ਲਾ ਦਿੱਤਾ ਗਿਆ। ਕੋਰਾਪੁਟ ਵਿੱਚ 100 ਤੋਂ ਵੱਧ ਸ਼ਹੀਦ ਹੋਏ। ਵੀਰ ਲਖਨ ਨਾਇਕ (ਪ੍ਰਸਿਧ ਆਦਿਵਾਸੀ ਨੇਤਾ, ਜਿਨ੍ਹਾਂ ਨੇ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਸੀ) ਨੂੰ ਫਾਹੇ ਟੰਗ ਦਿੱਤਾ ਗਿਆ।''

ਪ੍ਰਦਰਨਕਾਰੀਆਂ 'ਤੇ ਕੀਤੇ ਗਏ ਤਸ਼ੱਦਦਾਂ ਵਿੱਚ ਬਾਜੀ ਦਾ ਮੋਢਾ ਲੱਥ ਗਿਆ। ''ਉਦੋਂ ਮੈਂ ਕੋਰਾਪੁਟ ਜੇਲ੍ਹ ਵਿੱਚ ਪੰਜ ਵਰ੍ਹੇ ਬਿਤਾਏ। ਉੱਥੇ ਮੈਂ ਲਖਨ ਨਾਇਕ ਨੂੰ ਦੇਖਿਆ ਸੀ, ਜਿੱਥੋਂ ਉਨ੍ਹਾਂ ਨੂੰ ਬਾਅਦ ਵਿੱਚ ਬ੍ਰਹਮਪੁਰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਉਹ ਮੇਰੇ ਸਾਹਮਣੇ ਵਾਲ਼ੀ ਕੋਠੜੀ ਵਿੱਚ ਸਨ ਅਤੇ ਜਦੋਂ ਉਨ੍ਹਾਂ ਦੀ ਫਾਂਸੀ ਦਾ ਹੁਕਮ ਆਇਆ ਤਾਂ ਮੈਂ ਉਨ੍ਹਾਂ ਦੇ ਨਾਲ਼ ਹੀ ਸਾਂ। ਤੁਹਾਡੇ ਪਰਿਵਾਰ ਨੂੰ ਕੀ ਦੱਸਾਂ, ਮੈਂ ਉਨ੍ਹਾਂ ਤੋਂ ਪੁੱਛਿਆ ਸੀ। 'ਉਨ੍ਹਾਂ ਨੂੰ ਕਹੀਂ ਕਿ ਮੈਨੂੰ ਕੋਈ ਚਿੰਤਾ ਨਹੀਂ ਹੈ', ਉਨ੍ਹਾਂ ਨੇ ਜਵਾਬ ਦਿੱਤਾ। 'ਸਿਰਫ਼ ਇਸ ਗੱਲ ਦਾ ਦੁੱਖ ਹੈ ਕਿ ਮੈਂ ਉਸ ਸਵਰਾਜ ਨੂੰ ਦੇਖਣ ਲਈ ਜਿਊਂਦਾ ਨਹੀਂ ਰਹਾਂਗਾ, ਜਿਹਦੇ ਲਈ ਅਸੀਂ ਲੜਾਈ ਲੜੀ'।''

ਬਾਜੀ ਨੇ ਉਹ ਦਿਨ ਜ਼ਰੂਰ ਦੇਖਿਆ। ਉਨ੍ਹਾਂ ਨੂੰ ਅਜ਼ਾਦੀ ਦਿਹਾੜੇ ਤੋਂ ਠੀਕ ਪਹਿਲਾਂ ਰਿਹਾਅ ਕਰ ਦਿੱਤਾ ਗਿਆ ਸੀ- ''ਨਵੇਂ ਅਜਾਦ ਮੁਲਕ ਵਿੱਚ ਚੱਲਣ ਲਈ।'' ਉਨ੍ਹਾਂ ਦੇ ਸਾਥੀ, ਜਿਨ੍ਹਾਂ ਵਿੱਚੋਂ ਭਵਿੱਖੀ ਮੁੱਖ ਮੰਤਰੀ ਸਦਾ ਸ਼ਿਵ ਤ੍ਰਿਪਾਠੀ ਵੀ ਸਨ, ''ਸਾਰੇ 1952 ਦੀਆਂ ਚੋਣਾਂ ਵਿੱਚ, ਜੋ ਅਜ਼ਾਦ ਭਾਰਤ ਵਿੱਚ ਪਹਿਲੀ ਵਾਰੀ ਹੋਇਆ ਸੀ, ਵਿਧਾਇਕ ਬਣ ਗਏ।'' ਪਰ ਬਾਜੀ ਕਦੇ ਚੋਣ ਨਹੀਂ ਲੜੇ। ਕਦੇ ਵਿਆਹ ਵੀ ਨਹੀਂ ਕੀਤਾ।

''ਮੈਨੂੰ ਸੱਤ੍ਹਾ ਜਾਂ ਪਦ ਦਾ ਲਾਲਚ ਨਹੀਂ ਸੀ,'' ਉਹ ਦੱਸਦੇ ਹਨ। ''ਮੈਂ ਜਾਣਦਾ ਸਾਂ ਕਿ ਮੈਂ ਦੂਸਰੇ ਤਰੀਕਿਆਂ ਨਾਲ਼ ਸੇਵਾ ਕਰ ਸਕਦਾ ਹਾਂ। ਜਿਸ ਤਰੀਕੇ ਨਾਲ਼ ਗਾਂਧੀ ਜੀ ਸਾਡੇ ਤੋਂ ਚਾਹੁੰਦੇ ਸਨ।'' ਉਹ ਦਹਾਕਿਆਂ ਤੱਕ ਦ੍ਰਿੜ ਕਾਂਗਰਸੀ ਰਹੇ। ''ਪਰ, ਹੁਣ ਮੈਂ ਕਿਸੇ ਵੀ ਪਾਰਟੀ ਵਿੱਚ ਨਹੀੰ ਹਾਂ,'' ਉਹ ਕਹਿੰਦੇ ਹਨ। ''ਮੈਂ ਪਾਰਟੀ ਰਹਿਤ ਹਾਂ।''

ਇਹਨੇ ਉਨ੍ਹਾਂ ਨੂੰ ਅਜਾ ਕੋਈ ਵੀ ਕੰਮ ਕਰਨ ਤੋਂ ਨਾ ਰੋਕਿਆ, ਜਿਹਦੇ ਬਾਰੇ ਉਨ੍ਹਾਂ ਨੇ ਸੋਚਿਆ ਕਿ ਇਹਦਾ ਸਬੰਧ ਆਮ ਜਨਤਾ ਨਾਲ਼ ਹੈ। ਸ਼ੁਰੂ ਤੋਂ ਹੀ ''ਮੈਂ 1956 ਵਿੱਚ ਵਿਨੋਬਾ ਭਾਵੇ ਦੇ ਭੂ-ਦਾਨ ਅੰਦੋਲਨ ਨਾਲ਼ ਜੁੜ ਗਿਆ।'' ਉਹ ਜੈ ਪ੍ਰਕਾਸ਼ ਨਰਾਇਣ ਦੇ ਕੁਝ ਅੰਦੋਲਨਾਂ ਦੇ ਵੀ ਸਮਰਥਕ ਰਹੇ। ''ਉਹ 1950 ਦੇ ਦਹਾਕੇ ਵਿੱਚ ਇੱਥੇ ਦੋ ਵਾਰ ਰੁਕੇ।'' ਕਾਂਗਰਸ ਨੇ ਉਨ੍ਹਾਂ ਨੂੰ ਇੱਕ ਤੋਂ ਵੀ ਵੱਧ ਵਾਰ ਚੋਣਾਂ ਲੜਨ ਨੂੰ ਕਿਹਾ। ''ਪਰ ਮੈਂ, ਸੱਤ੍ਹਾ-ਦਲ ਨਾਲ਼ੋਂ ਵੱਧ ਸੇਵਾ ਦਲ ਸਾਂ।''

ਅਜ਼ਾਦੀ ਘੁਲਾਟੀਏ ਬਾਜੀ ਮੁਹੰਮਦ ਦੇ ਲਈ ਗਾਂਧੀ ਨਾਲ਼ ਮਿਲ਼ਣਾ ''ਸੰਘਰਸ਼ ਦਾ ਸਭ ਤੋਂ ਵੱਡਾ ਪੁਰਸਕਾਰ ਸੀ। ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ?'' ਮਹਾਤਮਾ ਗਾਂਧੀ ਦੇ ਪ੍ਰਸਿਧ ਵਿਰੋਧ ਮਾਰਚ ਵਿੱਚੋਂ ਇੱਕ ਵਿੱਚ ਆਪਣੀ ਫੋਟੋ ਸਾਨੂੰ ਦਿਖਾਉਂਦੇ ਹੋਏ ਉਨ੍ਹਾਂ ਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ। ਇਹ ਉਨ੍ਹਾਂ ਦੇ ਖ਼ਜਾਨੇ ਹਨ, ਉਨ੍ਹਾਂ ਨੇ ਭੂ-ਦਾਨ ਅੰਦੋਲਨ ਦੌਰਾਨ ਆਪਣੀ 14 ਏਕੜ ਜ਼ਮੀਨ ਦੇ ਦਿੱਤੀ ਸੀ। ਅਜ਼ਾਦੀ ਦੇ ਘੋਲ਼ ਦੇ ਦੌਰਾਨ ਉਨ੍ਹਾਂ ਦੇ ਸਭ ਤੋਂ ਪਸੰਦੀਦਾ ਪਲ? ''ਉਨ੍ਹਾਂ ਵਿੱਚੋਂ ਹਰ ਇੱਕ ਪਲ। ਪਰ ਜਾਹਰ ਹੈ, ਸਭ ਤੋਂ ਖੂਬਸੂਰਤ ਪਲ ਸੀ ਮਹਾਤਮਾ ਨਾਲ ਮਿਲ਼ਣਾ, ਉਨ੍ਹਾਂ ਦੀ ਅਵਾਜ਼ ਸੁਣਨਾ। ਉਹ ਮੇਰੇ ਜੀਵਨ ਦਾ ਸਭ ਤੋਂ ਵੱਡਾ ਪਲ ਸੀ। ਸਿਰਫ਼ ਇੱਕ ਪਛਤਾਵਾ ਰਹੇਗਾ ਕਿ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਨੂੰ ਕਿਹੋ ਜਿਹਾ ਹੋਣਾ ਚਾਹੀਦਾ ਹੈ, ਇਹਦਾ ਜੋ ਸੁਪਨਾ ਉਨ੍ਹਾਂ ਨੇ ਸੰਜੋਇਆ ਸੀ ਉਹ ਹਾਲੇ ਵੀ ਪੂਰਾ ਨਹੀਂ ਹੋਇਆ ਹੈ।''

ਖੂਬਸੂਰਤ ਮੁਸਕਾਨ ਦੇ ਨਾਲ਼ ਅਸਲ ਵਿੱਚ ਇਹ ਸ਼ਰੀਫ਼ ਅਤੇ ਬਜ਼ੁਰਗ ਇਨਸਾਨ ਅਤੇ ਇੱਕ ਕੁਰਬਾਨੀ ਜੋ ਇਨ੍ਹਾਂ ਦੇ ਬੁੱਢੇ ਮੋਢਿਆਂ ਤੋਂ ਝਲਕਦੀ ਹੈ।

ਤਸਵੀਰਾਂ: ਪੀ.ਸਾਈਨਾਥ

ਇਹ ਲੇਖ ਸਭ ਤੋਂ ਪਹਿਲਾਂ ਦਿ ਹਿੰਦੂ ਵਿੱਚ 23 ਅਗਸਤ 2007 ਨੂੰ ਪ੍ਰਕਾਸ਼ਤ ਹੋਇਆ ਸੀ।

ਇਸ ਲੜੀ ਵਿੱਚ ਹੋਰ ਕਹਾਣੀਆਂ ਹਨ :

ਜਦੋਂ ਸਾਲੀਹਾਨ ਨੇ ਰਾਜ ਨਾਲ਼ ਮੁਕਾਬਲ ਕੀਤਾ

ਪਨੀਮਾਰਾ ਦੀ ਅਜ਼ਾਦੀ ਦੇ ਪੈਦਲ ਸਿਪਾਹੀ-1

ਪਨੀਮਾਰਾ ਦੀ ਅਜ਼ਾਦੀ ਦੇ ਪੈਦਲ ਸਿਪਾਹੀ-2

ਲਕਸ਼ਮੀ ਪਾਂਡਾ ਦੀ ਆਖ਼ਰੀ ਲੜਾਈ

ਗੋਦਾਵਰੀ: ਅਤੇ ਪੁਲਿਸ ਹਾਲੇ ਵੀ ਹਮਲੇ ਦੀ ਉਡੀਕ ਵਿੱਚ

ਅਹਿੰਸਾ ਦੇ ਨੌ ਦਹਾਕੇ

ਸ਼ੇਰਪੁਰ: ਵੱਡੀ ਕੁਰਬਾਨੀ, ਛੋਟੀ ਯਾਦ

ਸੋਨਾਖਾਨ: ਜਦੋਂ ਵੀਰ ਨਰਾਇਣ ਸਿੰਘ ਦੋ ਵਾਰ ਮਰੇ

ਕੈਲੀਅਸਰੀ: ਸੁਮੁਕਨ ਦੀ ਖੋਜ ਵਿੱਚ

ਕੈਲੀਅਸਰੀ: ਉਮਰ ਦੇ 50ਵੇਂ ਵਰ੍ਹੇ ਵੀ ਲੜਦੇ ਹੋਏ

ਤਰਜਮਾ: ਕਮਲਜੀਤ ਕੌਰ

P. Sainath
psainath@gmail.com

பி. சாய்நாத், பாரியின் நிறுவனர் ஆவார். பல்லாண்டுகளாக கிராமப்புற செய்தியாளராக இருக்கும் அவர், ’Everybody Loves a Good Drought' மற்றும் 'The Last Heroes: Foot Soldiers of Indian Freedom' ஆகிய புத்தகங்களை எழுதியிருக்கிறார்.

Other stories by P. Sainath
Translator : Kamaljit Kaur
jitkamaljit83@gmail.com

கமல்ஜித் கவுர் பஞ்சாபை சேர்ந்த சுயாதீன மொழிபெயர்ப்பாளர். பஞ்சாபி இலக்கியத்தில் முதுகலை முடித்திருக்கிறார். சமத்துவமான நியாயமான உலகை விரும்பும் அவர், அதை சாத்தியப்படுத்துவதை நோக்கி இயங்குகிறார்.

Other stories by Kamaljit Kaur