ਜਿਓਂ-ਜਿਓਂ ਰੰਗੋਲੀ ਬੀਹੂ ਤਿਓਹਾਰ ਦੇ ਦਿਨ ਨੇੜੇ ਆਉਂਦੇ ਜਾਂਦੇ ਤਿਓਂ-ਤਿਓਂ ਗੁਆਂਢੋਂ ਆਉਂਦੀ ਲੱਕੜ ਦੀਆਂ ਖੱਡੀਆਂ ਦੀ ਖੜ੍ਹ-ਖੜ੍ਹ ਹੋਰ ਤੇਜ਼ ਹੁੰਦੀ ਜਾਂਦੀ ਹੈ।

ਭੇਲਾਪਾੜਾ ਗੁਆਂਢੀ ਦੀ ਇਸ ਸ਼ਾਂਤ ਗਲ਼ੀ ਵਿੱਚ, ਪਾਟਨੇ ਦੇਉਰੀ ਆਪਣੀ ਖੱਡੀ ' ਤੇ ਝੁਕੀ ਹੋਈ ਹਨ। ਬਜਰਾਝਾਰ ਪਿੰਡ ਸਥਿਤ ਆਪਣੇ ਘਰ ਵਿੱਚ ਉਹ ਏਂਡੀ ਗਾਮੂਸਾ ਬੁਣਨ ਵਿੱਚ ਮਸ਼ਰੂਫ਼ ਹਨ।ਅਪ੍ਰੈਲ ਵਿੱਚ ਆਉਂਦੇ ਅਸਾਮੀ ਨਵੇਂ ਸਾਲ ਤੇ ਵਾਢੀ ਦੇ ਤਿਓਹਾਰ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਗਾਮੂਸਾ ਨੂੰ ਪੂਰਾ ਕਰਨਾ ਹੀ ਪੈਣਾ ਹੈ।

58 ਸਾਲਾ ਪਾਟਨੇ ਜਿਸ ਤਰੀਕੇ ਨਾਲ਼ ਇਨ੍ਹਾਂ ਉੱਤੇ ਫੁੱਲ-ਬੂਟੇ ਬੁਣਦੀ ਹਨ ਇਸ ਨਾਲ਼ ਇਹ ਗਾਮੂਸਾ ਕੋਈ ਆਮ ਸ਼ੈਅ ਰਹਿ ਹੀ ਨਹੀਂ ਜਾਂਦੇ। '' ਬੀਹੂ ਤੱਕ ਮੈਂ 30 ਗਾਮੂਸਾ ਬਣਾਉਣੇ ਹਨ ਕਿਉਂਕਿ ਲੋਕੀਂ ਆਪਣੇ ਮਹਿਮਾਨਾਂ ਨੂੰ ਇਹੀ ਤੋਹਫ਼ਾ ਦੇਣਾ ਪਸੰਦ ਕਰਦੇ ਹਨ, '' ਉਹ ਕਹਿੰਦੀ ਹਨ। ਡੇਢ ਮੀਟਰ ਦੀ ਲੰਬਾਈ ਵਿੱਚ ਬੁਣੇ ਇਹ ਗਾਮੂਸਾ ਅਸਾਮੀ ਸੱਭਿਆਚਾਰ ਦਾ ਅਹਿਮ ਅੰਗ ਹਨ। ਤਿਓਹਾਰਾਂ ਮੌਕੇ ਮੁਕਾਮੀ ਲੋਕੀਂ ਇਨ੍ਹਾਂ ਨੂੰ ਉਚੇਚੇ ਤੌਰ ' ਤੇ ਬੁਣਵਾਉਂਦੇ ਹਨ, ਇਨ੍ਹਾਂ ਵਿੱਚੋਂ ਦੀ ਲੰਘਣ ਵਾਲ਼ੀ ਲਾਲ ਧਾਰੀ ਇਨ੍ਹਾਂ ਨੂੰ ਵੱਖਰੀ ਨੁਹਾਰ ਬਖ਼ਸ਼ਦੀ ਹੈ।

'' ਫੁੱਲ-ਬੂਟੇ ਬੁਣਨਾ ਮੈਨੂੰ ਬੜਾ ਚੰਗਾ ਲੱਗਦਾ ਹੈ। ਜਿੱਥੇ-ਕਿਤੇ ਵੀ ਮੈਂ ਕੋਈ ਫੁੱਲ ਵੇਖ ਲਵਾਂ, ਬਿਲਕੁਲ ਉਵੇਂ ਦਾ ਹੀ ਮੈਂ ਬੁਣ ਵੀ ਲੈਂਦੀ ਹਾਂ। ਮੇਰੇ ਲਈ ਇੱਕ ਝਲ਼ਕ ਹੀ ਕਾਫੀ ਹੈ, '' ਫ਼ਖ਼ਰ ਨਾਲ਼ ਮੁਸਕਰਾਉਂਦਿਆਂ ਦੇਉਰੀ ਕਹਿੰਦੀ ਹਨ। ਦੇਉਰੀ ਭਾਈਚਾਰਾ ਅਸਾਮ ਦੇ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ।

PHOTO • Mahibul Hoque
PHOTO • Mahibul Hoque

ਅਸਾਮ ਦੇ ਬਜਰਾਝਾਰ ਪਿੰਡ ਵਿਖੇ ਆਪਣੀ ਖੱਡੀ ' ਤੇ ਬੈਠੀ ਪਾਟਨੇ ਦੇਉਰੀ ਕੁਝ ਸਮੇਂ ਪਹਿਲਾਂ ਪੂਰੀ ਕੀਤੀ ਏਰੀ ਚਾਦਰ (ਸੱਜੇ) ਦੇ ਨਾਲ਼

ਅਸਾਮ ਦੇ ਮਜਬਾਤ ਸਬ-ਡਵੀਜ਼ਨ ਦੇ ਇਸ ਪਿੰਡ ਦੇ ਬੁਣਕਰ ਰਾਜ ਦੇ 12.69 ਲੱਖ ਹੈਂਡਲੂਮ ਪਰਿਵਾਰਾਂ ਦਾ ਹਿੱਸਾ ਹਨ ਅਤੇ ਰਾਜ ਵਿੱਚ 12 ਲੱਖ ਤੋਂ ਵੱਧ ਬੁਣਕਰ ਹਨ ਜੋ ਦੇਸ਼ ਵਿੱਚ ਸਭ ਤੋਂ ਵੱਧ ਹਨ। ਅਸਾਮ ਦੇਸ਼ ਦੇ ਚੋਟੀ ਦੇ ਰਾਜਾਂ ਵਿੱਚੋਂ ਇੱਕ ਹੈ ਜੋ ਚਾਰ ਕਿਸਮਾਂ - ਏਰੀ, ਮੁਗਾ, ਮਲਬੇਰੀ ਅਤੇ ਤੱਸਰ ਵਿੱਚ ਹੈਂਡਲੂਮ ਉਤਪਾਦਾਂ, ਖਾਸ ਕਰਕੇ ਰੇਸ਼ਮ ਦਾ ਉਤਪਾਦਨ ਕਰਦਾ ਹੈ।

ਦੇਉਰੀ ਏਰੀ (ਸੂਤੀ ਤੇ ਰੇਸ਼ਮੀ) ਧਾਗਿਆਂ ਦੀ ਵਰਤੋਂ ਕਰਦੀ ਹਨ ਜਿਹਨੂੰ ਮੁਕਾਮੀ ਬੋੜੋ ਭਾਸ਼ਾ ਵਿੱਚ ' ਏਂਡੀ ' ਕਹਿੰਦੇ ਹਨ। '' ਬੁਣਾਈ ਮੈਂ ਆਪਣੀ ਮਾਂ ਤੋਂ ਸਿੱਖੀ ਜਦੋਂ ਮੈਂ ਛੋਟੀ ਬੱਚੀ ਸਾਂ। ਆਪਣੀ ਖੱਡੀ ਨੂੰ ਹੱਥ ਪਾਉਂਦਿਆਂ ਹੀ ਮੈਂ ਬੁਣਾਈ ਸ਼ੁਰੂ ਕਰ ਦਿੱਤੀ। ਬੱਸ ਉਦੋਂ ਤੋਂ ਹੀ ਮੈਂ ਇਸੇ ਕੰਮ ਲੱਗੀ ਹੋਈ ਹਾਂ, '' ਇਸ ਮਾਹਰ ਜੁਲਾਹਣ ਦਾ ਕਹਿਣਾ ਹੈ। ਹੁਣ ਉਹ ਗਾਮੂਸਾ ਤੇ ਫੂਲਮ ਗਾਮੂਸਾ (ਫੁੱਲਾਂ ਵਾਲ਼ੇ ਅਸਾਮੀ ਤੋਲ਼ੀਏ), ਔਰਤਾਂ ਦੀ ਰਵਾਇਤੀ ਦੋ-ਕੱਪੜੀ-ਮੈਖਲਾ ਚਾਦਰ ਤੇ ਏਂਡੀ ਚਾਦਰ (ਵੱਡਾ ਸਾਰਾ ਸ਼ਾਲ) ਬੁਣ ਲੈਂਦੀ ਹਨ।

ਵਿਕਰੀ ਵਿੱਚ ਮਦਦ ਲਈ, 1996 ਵਿੱਚ, ਉਨ੍ਹਾਂ ਨੇ ਸਵੈ-ਸਹਾਇਤਾ ਗਰੁੱਪ (ਐੱਸਐੱਚਜੀ) ਕਾਇਮ ਕੀਤਾ। '' ਜਿਓਂ ਹੀ ਅਸੀਂ ਭੇਲਾਪਾਰ ਖੁਦਰਾਸਾਂਚੋਏ (ਛੋਟੀਆਂ ਬੱਚਤਾਂ) ਦੀ ਸਥਾਪਨਾ ਕੀਤੀ, ਮੈਂ ਆਪਣਾ ਬੁਣਿਆ ਹਰ ਉਤਪਾਦ ਵੇਚਣਾ ਸ਼ੁਰੂ ਕਰ ਦਿੱਤਾ, '' ਆਪਣੀ ਉੱਦਮਤਾ ' ਤੇ ਫ਼ਖਰ ਕਰਦਿਆਂ ਉਹ ਕਹਿੰਦੀ ਹਨ।

ਦੇਉਰੀ ਜਿਹੇ ਬੁਣਕਰਾਂ ਦਰਪੇਸ਼ ਧਾਗਾ ਖ਼ਰੀਦਣਾ ਇੱਕ ਵੱਡੀ ਤੇ ਕਮਾਈ ਨੂੰ ਢਾਹ ਲਾਉਂਦੀ ਰੁਕਾਵਟ ਹੈ। ਉਹ ਦੱਸਦੀ ਹਨ ਕਿ ਧਾਗਾ ਖ਼ਰੀਦਣਾ ਉਨ੍ਹਾਂ ਦੇ ਵੱਸੋਂ ਬਾਹਰ ਦੀ ਗੱਲ ਹੈ, ਕਿਉਂਕਿ ਵਧੇਰੇ ਪੈਸੇ ਦੀ ਲੋੜ ਪੈਂਦੀ ਹੈ ਸੋ ਉਹ ਕਮਿਸ਼ਨ ' ਤੇ ਕੰਮ ਕਰਨ ਨੂੰ ਵਧੇਰੇ ਤਰਜੀਹ ਦਿੰਦੀ ਹਨ ਜਿੱਥੇ ਉਨ੍ਹਾਂ ਨੂੰ ਦੁਕਾਨਦਾਰ ਤੇ ਵਿਕਰੇਤਾ ਆਪ ਧਾਗਾ ਮੁਹੱਈਆ ਕਰਵਾਉਂਦੇ ਹਨ ਤੇ ਕੀ ਬੁਣਨਾ ਹੈ ਇਹ ਵੀ ਦੱਸਦੇ ਹਨ। '' ਗਾਮੂਸਾ ਬਣਾਉਣ ਲਈ ਮੈਨੂੰ ਕੁੱਲ ਤਿੰਨ ਕਿੱਲੋ ਧਾਗਾ ਲੈਣਾ ਪੈਂਦਾ ਹੈ ਤੇ ਇੱਕ ਕਿੱਲੋ ਏਂਡੀ 700 ਰੁਪਏ ਦੀ ਆਉਂਦੀ ਹੈ। ਮੈਂ 2,100 ਰੁਪਿਆ ਨਹੀਂ ਖਰਚ ਸਕਦੀ। '' ਵਪਾਰੀ 10 ਗਾਮੂਸਿਆਂ ਤੇ ਤਿੰਨ ਸਾੜੀਆਂ ਦਾ ਧਾਗਾ ਇਕੱਠਿਆਂ ਹੀ ਫੜ੍ਹਾ ਦਿੰਦੇ ਹਨ। ਗੱਲ ਤੋਰਦਿਆਂ ਉਹ ਕਹਿੰਦੀ ਹਨ, '' ਮੈਂ ਫਟਾਫਟ ਕੰਮ ਸ਼ੁਰੂ ਕਰਕੇ ਜਿੰਨੀ ਛੇਤੀ ਹੋ ਸਕਦੇ ਪੂਰਾ ਕਰ ਦਿੰਦੀ ਹਾਂ। ''

ਦੇਉਰੀ ਦੇ ਗੁਆਂਢ ਵਿੱਚ ਰਹਿਣ ਵਾਲ਼ੀ ਮਾਧੋਬੀ ਚਹਾਰੀਆ ਨੂੰ ਵੀ ਧਾਗਾ ਨਾ ਖਰੀਦ ਸਕਣ ਕਾਰਨ ਆਪਣਾ ਕੰਮ ਰੋਕਣਾ ਪੈਂਦਾ ਹੈ। ਕੋਈ ਉਨ੍ਹਾਂ ਨੂੰ ਗਾਮੂਸੇ ਵਾਸਤੇ ਧਾਗਾ ਖਰੀਦ ਕੇ ਦੇਵੇ ਉਹ ਇਸੇ ਗੱਲ ਦੀ ਉਡੀਕ ਵਿੱਚ ਰਹਿੰਦੀ ਹਨ। '' ਮੇਰੇ ਪਤੀ ਦਿਹਾੜੀਏ ਨੇ, ਜਿਨ੍ਹਾਂ ਨੂੰ ਕਦੇ ਕੰਮ ਮਿਲ਼ਦਾ ਤੇ ਕਦੇ ਨਹੀਂ ਵੀ ਮਿਲ਼ਦਾ। ਅਜਿਹੀਆਂ ਹਾਲਾਤਾਂ ਵਿੱਚ ਮੈਂ ਧਾਗਾ ਨਹੀਂ ਹੀ ਖਰੀਦ ਪਾਉਂਦੀ, '' ਉਹ ਪਾਰੀ ਨੂੰ ਦੱਸਦੀ ਹਨ।

ਆਪਣੀ ਰਵਾਇਤੀ ਖੱਡੀ ਬਾਰੇ ਪਾਟਨੇ ਦੇਉਰੀ ਦੇ ਦੋ ਅਲਫ਼ਾਜ਼

ਅਸਾਮ ਵਿਖੇ 12.69 ਲੱਖ ਹੈਂਡਲੂਮ ਪਰਿਵਾਰ ਹਨ ਤੇ ਹੱਥੀਂ ਬੁਣੇ ਜਾਂਦੇ ਉਤਪਾਦਾਂ ਵਿੱਚ ਦੇਸ਼ ਦੇ ਚੋਟੀ ਦੇ ਰਾਜਾਂ ਵਿੱਚ ਸ਼ਾਮਲ ਹੈ

ਵਿਆਜ-ਮੁਕਤ ਕਰਜ਼ਿਆਂ ਤੇ ਬਿਹਤਰ ਕਰਜ਼ਾ ਸਹੂਲਤਾਂ ਦੀ ਵਕਾਲਤ ਕਰਨ ਵਾਲ਼ੀ, ਡਿਬੜੂਗੜ ਯੂਨੀਵਰਸਿਟੀ ਦੀ 2020 ਦੀ ਇਹ ਰਿਪੋਰਟ ਨਸ਼ਰ ਕਰਦੀ ਕਿ ਮਾਧੋਬੀ ਤੇ ਦੇਉਰੀ ਦੇ ਹਾਲਾਤ ਕੋਈ ਅਲੋਕਾਰੀ ਨਹੀਂ ਹਨ : ਰਾਜ ਅੰਦਰ ਘਰੇਲੂ ਬੁਣਕਰਾਂ (ਜੁਲਾਹਿਆਂ) ਨੂੰ ਅਜਿਹੀਆਂ ਸਮੱਸਿਆਂ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਰਿਪੋਰਟ ਅੱਗੇ ਦੱਸਦੀ ਹੈ ਕਿ ਮਹਿਲਾ ਜੁਲਾਹਿਆਂ ਵਿੱਚ ਮਜ਼ਬੂਤ ਕੰਮਕਾਜੀ ਸੰਸਥਾ ਦੀ ਘਾਟ ਕਾਰਨ ਉਹ ਸਰਕਾਰੀ ਸਕੀਮਾਂ, ਸਿਹਤ ਬੀਮਾ, ਉਧਾਰ ਤੇ ਮੰਡੀ ਨੈਟਵਰਕ ਜਿਹੀਆਂ ਸਹੂਲਤਾਂ ਤੋਂ ਸੱਖਣੀਆਂ ਰਹਿ ਜਾਂਦੀਆਂ ਹਨ।

'' ਤਿੰਨਾਂ ਦਿਨਾਂ ਵਿੱਚ ਮੈਂ ਇੱਕ ਚਾਦਰ ਪੂਰੀ ਕਰਦੀ ਹਾਂ, '' ਦੇਉਰੀ ਦਾ ਕਹਿਣਾ ਹੈ। ਦਰਮਿਆਨੇ-ਅਕਾਰ ਦਾ ਗਾਮੂਸਾ ਇੱਕ ਦਿਨ ਵਿੱਚ ਪੂਰਾ ਹੁੰਦਾ ਹੈ ਤੇ ਦੇਉਰੀ ਨੂੰ ਹਰ ਕੱਪੜਾ ਬੁਣਨ ਬਦਲੇ 400 ਰੁਪਏ ਉਜਰਤ ਮਿਲ਼ਦੀ ਹੈ। ਜੇ ਅਸਾਮੀ ਮੈਖਲਾ ਚਾਦਰ ਦੀ ਗੱਲ ਕਰੀਏ ਤਾਂ ਬਜ਼ਾਰ ਵਿੱਚ ਇਹਦੀ ਕੀਮਤ ਕੋਈ 5,000 ਰੁਪਏ ਤੋਂ ਲੈ ਕੇ ਕਈ-ਕਈ ਲੱਖ ਤੱਕ ਜਾਂਦੀ ਹੈ ਪਰ ਜੇ ਗੱਲ ਦੇਉਰੀ ਜਿਹੇ ਸ਼ਿਲਪਕਾਰਾਂ ਦੀ ਕਰੀਏ ਤਾਂ ਪੂਰਾ ਮਹੀਨਾ ਲੱਕ-ਤੋੜ ਮਿਹਨਤ ਕਰਕੇ ਵੀ ਉਹ ਮਸਾਂ 6,000 ਤੋਂ 8,000 ਰੁਪਏ ਹੀ ਕਮਾ ਪਾਉਂਦੇ ਹਨ। ਇੰਨੀ ਨਿਗੂਣੀ ਕਮਾਈ ਨਾਲ਼ ਉਹ ਆਪਣਾ ਸੱਤ ਮੈਂਬਰੀ ਪਰਿਵਾਰ ਨਹੀਂ ਪਾਲ਼ ਸਕਦੀ- ਜਿਸ ਵਿੱਚ ਉਨ੍ਹਾਂ ਦੇ ਪਤੀ 66 ਸਾਲਾ ਨਬਿਨ ਦੇਉਰੀ, ਦੋ ਬੱਚੇ- 34 ਰਾਜੋਨਾ, 26 ਸਾਲਾ ਰੂਮੀ ਤੇ ਉਨ੍ਹਾਂ ਦੇ ਵੱਡੇ ਤੇ ਮਰਹੂਮ ਬੇਟੇ ਦਾ ਪਰਿਵਾਰ ਵੀ ਸ਼ਾਮਲ ਹੈ।

PHOTO • Mahibul Hoque
PHOTO • Mahibul Hoque

ਪਾਟਨੇ ਦੇਉਰੀ ਏਰੀ ਧਾਗਿਆਂ ਨੂੰ ਫਿਰਕੀਆਂ ਦੁਆਲ਼ੇ ਲਪੇਟਦੀ ਹੋਈ ਇਨ੍ਹਾਂ ਫਿਰਕੀਆਂ ਨਾਲ਼ ਹੀ ਬੁਣਾਈ ਦਾ ਕੰਮ ਸ਼ੁਰੂ ਹੁੰਦਾ ਹੈ

PHOTO • Mahibul Hoque
PHOTO • Mahibul Hoque

ਪਾਟਨੇ ਦੇਉਰੀ ਦਾ ਇਹੀ ਹੁਨਰ ਬਾਜਰਾਝਰ ਪਿੰਡ ਦੀਆਂ ਹੋਰਨਾਂ ਜੁਲਾਹਣਾਂ ਵਾਸਤੇ ਪ੍ਰੇਰਣਾ ਦਾ ਸ੍ਰੋਤ ਹੈ। ਮਾਧੋਬੀ ਚਾਹੇਰੀਆ ਨੂੰ ਪੁਰਸ਼ਾਂ ਦੇ ਤੋਲ਼ੀਏ ਬੁਣਦਿਆਂ ਦੇਖਦੀ ਹੋਈ ਪਾਟਨੇ (ਸੱਜੇ)

ਫੋਰਥ ਆਲ ਇੰਡੀਆ ਹੈਂਡਲੂਮ ਸੈਂਸਸ (2019-2020) ਮੁਤਾਬਕ ਪੂਰੇ ਅਸਾਮ ਅੰਦਰ ਜ਼ਿਆਦਾਤਰ (11.79 ਲੱਖ) ਜੁਲਾਹੇ ਔਰਤਾਂ ਹੀ ਹਨ ਤੇ ਇਹ ਔਰਤਾਂ ਘਰ ਦੇ ਕੰਮਾਂ ਤੇ ਬੁਣਾਈ ਦੇ ਕੰਮਾਂ ਵਿਚਾਲੇ ਉਲਝੀਆਂ ਰਹਿੰਦੀਆਂ ਹਨ, ਦੇਉਰੀ ਵਾਂਗਰ ਕਈ ਔਰਤਾਂ ਅਜਿਹੀਆਂ ਵੀ ਹਨ ਜੋ ਹੋਰ ਥਾਏਂ ਵੀ ਕੰਮ ਕਰਦੀਆਂ ਹਨ।

ਦੇਉਰੀ ਦਾ ਦਿਨ ਸਵੇਰੇ 4 ਵਜੇ ਸ਼ੁਰੂ ਹੋ ਜਾਂਦਾ ਹੈ। ਕਈ ਸਾਰੇ ਕੰਮ ਮੁਕਾਉਣ ਤੋਂ ਬਾਅਦ ਉਹ ਖੱਡੀ ਦੇ ਮੂਹਰੇ ਡਾਹੇ ਬੈਂਚ ' ਤੇ ਬੈਠ ਜਾਂਦੀ ਹਨ। ਜੰਗਾਲ਼ ਖਾਦੀ ਖੱਡੀ ਦੇ ਸੰਤੁਲਨ ਵਾਸਤੇ ਇੱਟਾਂ ਦਾ ਸਹਾਰਾ ਲਿਆ ਗਿਆ ਹੈ। '' ਸਵੇਰੇ ਦੇ 7 : 30 ਤੋਂ 8 ਵਜੇ ਤੱਕ ਕੰਮ ਕਰਨ ਤੋਂ ਬਾਦ ਮੈਂ ਸਕੂਲ (ਖਾਣਾ ਪਕਾਉਣ) ਜਾਂਦੀ ਹਾਂ। ਦੁਪਹਿਰ ਦੇ 2-3 ਵਜੇ ਘਰ ਵਾਪਸ ਆ ਕੇ ਮੈਂ ਇੱਕ ਵਾਰ ਅਰਾਮ ਕਰਦੀ ਹਾਂ। ਕੋਈ 4 ਕੁ ਵਜੇ ਮੈਂ ਦੋਬਾਰਾ ਕੰਮ ਸ਼ੁਰੂ ਕਰਦੀ ਹੋਈ ਰਾਤੀਂ 10-11 ਵਜੇ ਤੱਕ ਜਾਰੀ ਰੱਖਦੀ ਹਾਂ, '' ਉਹ ਕਹਿੰਦੀ ਹਨ।

ਬੁਣਾਈ ਮਤਲਬ ਸਿਰਫ਼ ਖੱਡੀ ' ਤੇ ਬੈਠਣਾ ਨਹੀਂ ਹੁੰਦਾ। ਦੇਉਰੀ ਨੂੰ ਪਹਿਲਾਂ ਧਾਗੇ ਤਿਆਰ ਕਰਨੇ ਪੈਂਦੇ ਹਨ ਜੋ ਥਕਾ ਦੇਣ ਵਾਲ਼ਾ ਕੰਮ ਹੈ। '' ਧਾਗੇ ਨੂੰ ਭਿਓਂਣ ਤੋਂ ਲੈ ਕੇ ਸਟਾਰਚ ਵਿੱਚ ਡੁਬੋ ਕੇ ਸੁਕਾਉਣ ਤੇ ਏਂਡੀ ਲਈ ਮਜ਼ਬੂਤ ਬਣਾਉਣ ਦੀਆਂ ਸਾਰੀਆਂ ਪ੍ਰਕਿਰਿਆਵਾਂ ਕਰਨੀਆਂ ਪੈਂਦੀਆਂ ਹਨ। ਮੈਂ ਦੋ ਬਾਂਸ ਗੱਡ ਕੇ ਧਾਗੇ ਸੁਕਣੇ ਪਾ ਦਿੰਦੀ ਹਾਂ। ਇੱਕ ਵਾਰ ਧਾਗੇ ਤਿਆਰ ਹੋ ਜਾਣ ਤਾਂ ਮੈਂ ਰਾ (ਚੜੱਖੜੀ) ਦੁਆਲ਼ੇ ਲਪੇਟ ਲੈਂਦੀ ਹਾਂ। ਫਿਰ ਧਾਗੇ ਦੀ ਇਸ ਫਿਰਕੀ ਨੂੰ ਖੱਡੀ ਦੇ ਇੱਕ ਸਿਰੇ ਨਾਲ਼ ਬੰਨ੍ਹੀ ਮੈਂ ਖੱਡੀ ' ਤੇ ਹੱਥ ਤੇ ਪੈਰ ਚਲਾਉਣ ਲੱਗਦੀ ਹਾਂ, '' ਉਹ ਖੋਲ੍ਹ ਕੇ ਬਿਆਨ ਕਰਦੀ ਹਨ।

ਦੇਉਰੀ ਦੁਆਰਾ ਵਰਤੇ ਗਏ ਦੋਵੇਂ ਕਰਘੇ ਰਵਾਇਤੀ ਹਨ ਅਤੇ ਉਹ ਕਹਿੰਦੀ ਹਨ ਕਿ ਉਨ੍ਹਾਂ ਨੇ ਇਹ ਤਿੰਨ ਦਹਾਕੇ ਪਹਿਲਾਂ ਖਰੀਦੇ ਸਨ। ਉਨ੍ਹਾਂ ਕੋਲ਼ ਲੱਕੜ ਦੇ ਫ਼ਰੇਮ ਹਨ ਜੋ ਸੁਪਾਰੀ ਦੇ ਰੁੱਖ ਦੀ ਲੱਕੜ ਦੇ ਦੋ ਥੰਮ੍ਹਾਂ ' ਤੇ ਟਿਕੇ ਹਨ ; ਪੈਡਲ ਬਾਂਸ ਦੇ ਬਣੇ ਹਨ। ਗੁੰਝਲਦਾਰ ਡਿਜ਼ਾਈਨਾਂ ਲਈ , ਰਵਾਇਤੀ ਕਰਘਿਆਂ ਦਾ ਇਸਤੇਮਾਲ ਕਰਨ ਵਾਲ਼ੇ ਪੁਰਾਣੇ ਬੁਣਕਰ ਨਾਰੀਅਲ (ਖ਼ਜੂਰ) ਦੇ ਪੱਤਿਆਂ ਦੇ ਐਨ ਵਿਚਕਾਰ ਸ਼ਿਰਾ ਦੇ ਨਾਲ਼ ਬਾਂਸ ਦੀਆਂ ਪਤਲੀਆਂ ਪੱਟੀਆਂ ਦਾ ਇਸਤੇਮਾਲ ਕਰਦੇ ਹਨ। ਉਹ ਕਿਸੇ ਵੀ ਡਿਜਾਇਨ ਨੂੰ ਬਣਾਉਣ ਲਈ ਚੁਣੇ ਗਏ ਲੰਬੇ-ਧਾਗੇ ਦੇ ਜ਼ਰੀਏ ਹੱਥੀਂ ਧਾਗੇ ਖਿੱਚਦੇ/ਭਰਦੇ ਹਨ। ਰੰਗੀਨ ਧਾਗਿਆਂ ਨੂੰ ਕੱਪੜੇ ਵਿੱਚ ਬੁਣੇ ਜਾਣ ਲਈ, ਉਨ੍ਹਾਂ ਨੂੰ ਪੈਡਲ ਨੂੰ ਧੱਕਾ ਦੇਣ ਬਾਅਦ ਹਰ ਵਾਰੀਂ ਤਾਣੇ (ਸੂਤ) ਰਾਹੀਂ ਸੇਰੀ (ਬਾਂਸ ਦੀ ਪਤਲੀ ਪੱਟੀ) ਬੁਣਨੀ ਪੈਂਦੀ ਹੈ। ਇਹ ਕਾਫੀ ਸਮਾਂ-ਖਪਾਊ ਪ੍ਰਕਿਰਿਆ ਹੈ ਤੇ ਕੰਮ ਦੀ ਚਾਲ਼ ਨੂੰ ਮੱਠਾ ਪਾ ਦਿੰਦੀ ਹੈ।

PHOTO • Mahibul Hoque
PHOTO • Mahibul Hoque

ਸੇਰੀ ਇੱਕ ਪਤਲੀ ਬਾਂਸ ਦੀ ਪੱਟੀ ਹੁੰਦੀ ਹੈ ਜੋ ਧਾਗੇ ਨੂੰ ਹੇਠਲੇ ਅਤੇ ਉੱਪਰਲੇ ਭਾਗਾਂ ਵਿੱਚ ਵੰਡਣ ਲਈ ਵਰਤੀ ਜਾਂਦੀ ਹੈ। ਇਸੇ ਤਰੀਕੇ ਨਾਲ਼ ਇਹ ਤਕਲੇ ਨੂੰ ਵਿੱਚੋਂ ਦੀ ਲੰਘਣ ਅਤੇ ਡਿਜ਼ਾਈਨ ਬਣਾਉਣ ਦਿੰਦੀ ਹੈ। ਸੂਤ ਵਿੱਚ ਰੰਗੀਨ ਧਾਗੇ ਬੁਣਨ ਲਈ , ਪਟਨੀ ਦੇਉਰੀ ਸੇਰੀ ਦੀ ਵਰਤੋਂ ਕਰਕੇ ਵੰਡੇ ਹੋਏ ਭਾਗਾਂ ਵਿੱਚੋਂ ਰੰਗੀਨ ਧਾਗੇ ਨਾਲ਼ ਸਪਿੰਡਲ-ਰੰਗ-ਬਿਰੰਗੇ ਧਾਗੇ ਲੈਂਦੀ ਹੈ

PHOTO • Mahibul Hoque
PHOTO • Mahibul Hoque

ਪਟਨੀ ਦੇਓਰੀ (ਖੱਬੇ) ਏਰੀ ਚਾਦਰ (ਏਰੀ ਡ੍ਰੈਪਿੰਗ ਕੱਪੜਾ) ਬੁਨ ਰਹੀ ਹੈ। ਚਾਦਰਾਂ ਵਿੱਚ ਗੁੰਝਲਦਾਰ ਡਿਜ਼ਾਈਨ ਤਿਆਰ ਕਰਨ ਵਿੱਚ ਉਨ੍ਹਾਂ ਦੀ ਮੁਹਾਰਤ ਲਈ ਸਥਾਨਕ ਤੌਰ ' ਤੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਤਾਰੂ ਬਰੂਆ (ਸੱਜੇ) ਨੇ ਪਿਛਲੇ ਤਿੰਨ ਸਾਲਾਂ ਤੋਂ ਬੁਣਨ ਦਾ ਕੰਮ ਲਗਭਗ ਬੰਦ ਕਰ ਦਿੱਤਾ ਹੈ ਪਰ ਉਨ੍ਹਾਂ ਦੇ ਘਰ ਵਿੱਚ ਕੁਝ ਅਣ-ਵਿਕੇ ਗਾਮੂਸਾ ਪਏ ਹਨ

ਹਾਲਾਂਕਿ ਅਸਾਮ ਸਰਕਾਰ ਦੀ ਹੈਂਡਲੂਮ ਨੀਤੀ , ਜੋ 2017-2018 ਵਿੱਚ ਪਾਸ ਕੀਤੀ ਗਈ ਸੀ , ਕਰਘਿਆਂ ਨੂੰ ਅਪਗ੍ਰੇਡ ਕਰਨ ਅਤੇ ਧਾਗੇ ਨੂੰ ਕਿਫਾਇਤੀ ਬਣਾਉਣ ਦੀ ਜ਼ਰੂਰਤ ਨੂੰ ਮਾਨਤਾ ਦਿੰਦੀ ਹੈ , ਦੇਉਰੀ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਹੈ। "ਮੇਰਾ ਹੈਂਡਲੂਮ ਵਿਭਾਗ ਨਾਲ਼ ਕੋਈ ਸਬੰਧ ਨਹੀਂ ਹੈ। ਇਹ ਕਰਘੇ ਪੁਰਾਣੇ ਹਨ ਅਤੇ ਮੈਨੂੰ ਵਿਭਾਗ ਤੋਂ ਕੋਈ ਲਾਭ ਨਹੀਂ ਮਿਲਿਆ ਹੈ। ''

ਰੋਜ਼ੀ-ਰੋਟੀ ਦੇ ਸਾਧਨ ਵਜੋਂ ਬੁਣਾਈ ਨੂੰ ਕਾਇਮ ਰੱਖਣ ਵਿੱਚ ਅਸਮਰੱਥ , ਉਦਲਗੁੜੀ ਜ਼ਿਲ੍ਹੇ ਦੇ ਹਾਥੀਗੜ੍ਹ ਪਿੰਡ ਦੇ ਤਾਰੂ ਬਰੂਆ ਨੇ ਇਸ ਕਲਾ ਨੂੰ ਛੱਡ ਦਿੱਤਾ ਹੈ। "ਮੈਂ ਬੁਣਾਈ ਦੀ ਮਾਹਰ ਸੀ। ਲੋਕ ਮੈਖਲਾ , ਚਾਦਰ ਅਤੇ ਗਾਮੂਸਾ ਦੀ ਭਾਲ਼ ਵਿੱਚ ਮੇਰੇ ਕੋਲ਼ ਆਉਂਦੇ ਸਨ। ਪਰ ਆਨਲਾਈਨ ਉਪਲਬਧ ਪਾਵਰਲੂਮ ਅਤੇ ਸਸਤੇ ਉਤਪਾਦਾਂ ਦੀ ਮੁਕਾਬਲੇਬਾਜ਼ੀ ਕਾਰਨ , ਮੈਂ ਬੁਣਨਾ ਬੰਦ ਕਰ ਦਿੱਤਾ ," 51 ਸਾਲਾ ਤਾਰੂ ਕਹਿੰਦੀ ਹਨ , ਉਹ ਆਪਣੇ ਛੱਡੇ ਹੋਏ ਏਰੀ ਬਾਗ਼ ਦੇ ਕੋਲ ਖੜ੍ਹੀ ਸਨ , ਜਿਸ ਵਿੱਚ ਹੁਣ ਰੇਸ਼ਮ ਦੇ ਕੀੜੇ ਨਹੀਂ ਹਨ।

" ਲੋਕ ਹੁਣ ਹੈਂਡਲੂਮ ਕੱਪੜੇ ਨਹੀਂ ਪਹਿਨ ਰਹੇ ਹਨ। ਉਹ ਅਕਸਰ ਪਾਵਰਲੂਮ ਤੋਂ ਬਣੇ ਸਸਤੇ ਕੱਪੜੇ ਖਰੀਦਦੇ ਅਤੇ ਪਹਿਨਦੇ ਹਨ। ਪਰ ਮੈਂ ਸਿਰਫ਼ ਘਰ ਦੇ ਬਣੇ ਕੁਦਰਤੀ ਕੱਪੜੇ ਪਹਿਨਦੀ ਹਾਂ ਅਤੇ ਜਦੋਂ ਤੱਕ ਮੈਂ ਜਿਉਂਦੀ ਹਾਂ , ਉਦੋਂ ਤੱਕ ਬੁਣਨਾ ਜਾਰੀ ਰੱਖਾਂਗੀ ," ਦੇਉਰੀ ਕਹਿੰਦੀ ਹਨ , ਜੋ ਕਰਘੇ ਦੇ ਪੈਡਲ ਨੂੰ ਧੱਕਦਿਆਂ ਲੂਮ ਦੇ ਮਾਕੂ (ਸ਼ਟਲ) ਨੂੰ ਹਿਲਾਉਂਦੀ ਹਨ। ਉਹ ਅਸਾਮੀ ਤੌਲੀਏ ' ਤੇ ਫੁੱਲ ਦਾ ਨਮੂਨਾ ਪਾਉਣ ਵਿੱਚ ਰੁੱਝੀ ਹੋਈ ਹਨ।

ਇਸ ਰਿਪੋਰਟ ਨੂੰ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐਮਐਮਐਫ) ਫੈਲੋਸ਼ਿਪ ਦੁਆਰਾ ਸਮਰਥਨ ਦਿੱਤਾ ਗਿਆ ਹੈ।

ਤਰਜਮਾ: ਕਮਲਜੀਤ ਕੌਰ

Mahibul Hoque

Mahibul Hoque is a multimedia journalist and researcher based in Assam. He is a PARI-MMF fellow for 2023.

Other stories by Mahibul Hoque
Editor : Priti David

Priti David is the Executive Editor of PARI. She writes on forests, Adivasis and livelihoods. Priti also leads the Education section of PARI and works with schools and colleges to bring rural issues into the classroom and curriculum.

Other stories by Priti David
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur