ਨਲ਼ਕੇ 'ਤੇ ਪਾਣੀ ਭਰਨ ਦੀ ਆਪਣੀ ਵਾਰੀ ਦੀ ਉਡੀਕ ਕਰਦਿਆਂ ਸੁਸ਼ਮਾ ਦੇਵੀ (ਬਦਲਿਆ ਨਾਮ) ਕਹਿੰਦੀ ਹਨ,''ਸੱਤ ਮਹੀਨੇ ਹੋ ਚੁੱਕੇ ਨੇ ਤੇ ਡਾਕਟਰ ਮੈਨੂੰ ਫਲ ਤੇ ਦੁੱਧ ਦਾ ਸੇਵਨ ਕਰਨ ਨੂੰ ਕਹਿੰਦਾ ਏ। ਹੁਣ ਤੁਸੀਂ ਆਪ ਹੀ ਦੱਸੋ, ਮੈਨੂੰ ਇਹ ਸਭ ਮਿਲ਼ ਵੀ ਕਿਵੇਂ ਸਕਦੈ? ਜੇ ਉਨ੍ਹਾਂ ਮੈਨੂੰ ਨਦੀ 'ਤੇ ਜਾਣ ਦੀ ਆਗਿਆ ਦਿੱਤੀ ਹੁੰਦੀ ਤਾਂ ਮੈਂ ਵੀ ਬੇੜੀ ਚਲਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਢਿੱਡ ਭਰ ਸਕਦੀ ਸਾਂ।'' ਉਹ ਸੱਤ ਮਹੀਨਿਆਂ ਦੀ ਗਰਭਵਤੀ ਹਨ ਤੇ ਵਿਧਵਾ ਔਰਤ ਹਨ।

ਬੇੜੀ ਚਲਾ ਲੈਂਦੀ? 27 ਸਾਲਾ ਸੁਸ਼ਮਾ ਦੇਵੀ ਨਿਸ਼ਾਦ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ। ਇਸ ਜਾਤੀ ਸਮੂਹ ਦੇ ਬਹੁਤੇਰੇ ਪੁਰਸ਼ ਨਾਵਕ (ਮਲਾਹ) ਹਨ। ਮੱਧ ਪ੍ਰਦੇਸ਼ ਦੇ ਸਤਨਾ ਜ਼ਿਲ੍ਹੇ ਦੇ ਮਝਗਵਾਂ ਬਲਾਕ ਵਿਖੇ ਸਥਿਤ ਉਨ੍ਹਾਂ ਦੀ ਬਸਤੀ ਕੇਵਟਰਾ ਵਿਖੇ 135 ਮਲਾਹ ਰਹਿੰਦੇ ਹਨ। ਉਨ੍ਹਾਂ ਦੇ 40 ਸਾਲਾ ਪਤੀ ਵਿਜੈ ਕੁਮਾਰ (ਬਦਲਿਆ ਨਾਮ) ਵੀ ਉਨ੍ਹਾਂ ਵਿੱਚੋਂ ਹੀ ਇੱਕ ਸਨ, ਪਰ ਪੰਜ ਮਹੀਨੇ ਪਹਿਲਾਂ ਇੱਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਵਿਆਹ ਨੂੰ ਸੱਤ ਸਾਲ ਹੋਏ ਸਨ। ਸੁਸ਼ਮਾ ਨੇ ਖ਼ੁਦ ਕਦੇ ਵੀ ਬੇੜੀ ਚਲਾਉਣੀ ਨਹੀਂ ਸਿੱਖੀ ਪਰ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਜ਼ਰੂਰ ਹੀ ਚਲਾ ਲਵੇਗੀ, ਕਿਉਂਕਿ ਵਿਜੈ ਨਾਲ਼ ਉਹ ਕਈ ਵਾਰੀਂ ਬੇੜੀ ਦੀ ਸਵਾਰੀ ਕਰ ਚੁੱਕੀ ਹੈ।

ਹਾਲਾਂਕਿ, ਤਾਲਾਬੰਦੀ ਦੌਰਾਨ ਮੰਦਾਕਿਨੀ ਨਦੀ ਦੇ ਇਸ ਹਿੱਸੇ ਵਿੱਚ, ਜੋ ਚਿਤਰਕੂਟ ਦੇ ਇਸ ਭਾਗ ਨੂੰ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਨਾਲ਼ੋਂ ਵੱਖ ਕਰਦਾ ਹੈ, ਇੱਕ ਵੀ ਬੇੜੀ ਨਹੀਂ ਚੱਲ ਰਹੀ ਹੈ।

ਸੂਰਜ ਛਿਪਣ ਤੋਂ ਇੱਕ ਘੰਟੇ ਬਾਅਦ ਸਾਨੂੰ ਕੇਵਟਰਾ ਜਾਣ ਵਾਲ਼ੀ ਸੜਕ 'ਤੇ ਪਹਿਲੀ ਵਾਰੀਂ ਕੋਈ ਰੌਸ਼ਨੀ ਦਿਖਾਈ ਦਿੰਦੀ ਹੈ। ਸੁਸ਼ਮਾ ਆਪਣੇ ਸਭ ਤੋਂ ਛੋਟੇ ਬੱਚੇ ਨਾਲ਼ ਪਲਾਸਟਿਕ ਦੀ ਬਾਲ਼ਟੀ ਵਿੱਚ ਪਾਣੀ ਭਰਨ ਲਈ ਪਿੰਡ ਦੇ ਨਲ਼ਕੇ 'ਤੇ ਖੜ੍ਹੀ ਹੈ। ਉਹੀ ਉਹ ਥਾਂ ਹੈ ਜਿੱਥੇ ਸਾਡੀ ਮੁਲਾਕਾਤ ਹੋਈ।

ਨਿਸ਼ਾਦ ਭਾਈਚਾਰੇ ਦੇ ਲੋਕੀਂ ਮੰਦਾਕਿਨੀ ਨਦੀ ਵਿੱਚ ਬੇੜੀ ਚਲਾ ਕੇ ਆਪਣੀ ਰੋਜ਼ੀਰੋਟੀ ਤੋਰਦੇ ਹਨ। ਚਿਤਰਕੂਟ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ ਜਿੱਥੇ ਦੀਵਾਲੀ ਮੌਕੇ ਲੱਖਾਂ ਸ਼ਰਧਾਲੂ ਆਉਂਦੇ ਹਨ। ਮੰਦਾਕਿਨੀ ਨਦੀ ਦੇ ਤਟ 'ਤੇ ਸਥਿਤ ਰਾਮਘਾਟ, ਜੋ ਕੇਵਟਰਾ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਹੈ, ਵਿਖੇ ਨਿਸ਼ਾਦਾਂ ਦੀਆਂ ਬੇੜੀਆਂ ਭਗਤਾਂ ਨੂੰ ਭਰਤ ਘਾਟ ਅਤੇ ਗੋਇਨਕਾ ਘਾਟ ਜਿਹੇ ਪਵਿੱਤਰ ਸਥਾਨਾਂ ਤੀਕਰ ਲੈ ਜਾਂਦੀਆਂ ਹਨ।

ਸਾਲ ਵਿੱਚ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਨਿਸ਼ਾਦ ਸਭ ਤੋਂ ਵੱਧ ਪੈਸੇ ਕਮਾਉਂਦੇ ਹਨ। ਇਨ੍ਹੀਂ ਦਿਨੀਂ ਦਿਹਾੜੀ 600 ਰੁਪਏ ਤੱਕ ਬਣ ਜਾਂਦੀ ਹੈ ਜੋ ਸਾਲ ਦੇ ਬਾਕੀਂ ਦਿਨਾਂ ਨਾਲ਼ੋਂ 2-3 ਗੁਣਾ ਵੱਧ ਹੈ।

Sushma Devi with her youngest child at the village hand-pump; she ensures that her saree pallu doesn't slip off her head
PHOTO • Jigyasa Mishra

ਪਿੰਡ ਦੇ ਨਲ਼ਕੇ 'ਤੇ ਖੜ੍ਹੀ ਸੁਸ਼ਮਾ ਦੇਵੀ ਆਪਣੇ ਸਭ ਤੋਂ ਛੋਟੇ ਬੱਚੇ ਦੇ ਨਾਲ਼; ਉਹ ਆਪਣੇ ਸਿਰ ਤੋਂ ਸਾੜੀ ਦਾ ਪੱਲਾ ਲੱਥਣ ਨਹੀਂ ਦਿੰਦੀ

ਹਾਲਾਂਕਿ, ਹੁਣ ਤਾਲਾਬੰਦੀ ਕਾਰਨ ਬੇੜੀ ਦੀ ਸਵਾਰੀ ਬੰਦ ਹੋ ਗਈ ਹੈ। ਵਿਜੈ ਇਸ ਦੁਨੀਆ ਵਿੱਚ ਨਹੀਂ ਰਹੇ ਤੇ ਉਨ੍ਹਾਂ ਦੇ ਵੱਡੇ ਭਰਾ ਵਿਨੀਤ ਕੁਮਾਰ (ਬਦਲਿਆ ਨਾਮ)-ਪਰਿਵਾਰ ਦੇ ਇਕਲੌਤਾ ਕਮਾਊ ਮੈਂਬਰ-ਵੀ ਆਪਣੀ ਬੇੜੀ ਲੈ ਕੇ ਬਾਹਰ ਨਹੀਂ ਜਾ ਸਕਦੇ। (ਸੁਸ਼ਮਾ ਆਪਣੇ ਤਿੰਨੋਂ ਬੇਟਿਆਂ, ਸੱਸ, ਆਪਣੇ ਪਤੀ ਦੇ  ਭਰਾ ਤੇ ਉਨ੍ਹਾਂ ਦੀ ਪਤਨੀ ਨਾਲ਼ ਰਹਿੰਦੀ ਹਨ)।

ਸੁਸ਼ਮਾ ਕਹਿੰਦੀ ਹਨ,''ਮੇਰੇ ਸਿਰਫ਼ ਬੇਟੇ ਹੀ ਹਨ। ਪਰ ਸਾਨੂੰ ਧੀ ਚਾਹੀਦੀ ਸੀ, ਇਸਲਈ ਮੈਂ ਇਸ ਵਾਰੀ ਧੀ ਦੀ ਉਮੀਦ ਪਾਲ਼ੀ ਹੋਈ ਹੈ। ਦੇਖਦੇ ਹਾਂ ਕੀ ਹੁੰਦੈ।''  ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ ਪਸਰ ਜਾਂਦੀ ਹੈ।

ਉਹ ਪਿਛਲੇ 2-3 ਹਫ਼ਤਿਆਂ ਤੋਂ ਥੋੜ੍ਹੀ ਢਿੱਲੀ ਮਹਿਸੂਸ ਕਰ ਰਹੀ ਹਨ ਅਤੇ ਤਾਲਾਬੰਦੀ ਦੌਰਾਨ ਇੱਥੋਂ ਇੱਕ ਕਿਲੋਮੀਟਰ ਦੂਰ ਪੈਂਦੇ ਨਯਾਗਾਓਂ ਦੇ ਡਾਕਟਰ ਨੂੰ ਦਿਖਾਉਣ ਵਾਸਤੇ ਪੈਦਲ ਗਈ ਸਨ। ਜਾਂਚ ਵਿੱਚ ਪਤਾ ਲੱਗਿਆਂ ਕਿ ਉਨ੍ਹਾਂ ਦੇ ਹੀਮੋਗਲੋਬਿਨ ਦਾ ਪੱਧਰ ਘੱਟ ਸੀ ਜਿਹਨੂੰ ਉਹ ''ਖ਼ੂਨ ਦੀ ਕਮੀ'' ਕਹਿੰਦੀ ਹਨ।

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 ਮੁਤਾਬਕ, ਮੱਧ ਪ੍ਰਦੇਸ਼ ਦੀਆਂ 53 ਫ਼ੀਸਦ ਔਰਤਾਂ ਅਨੀਮਿਆ ਦੀਆਂ ਸ਼ਿਕਾਰ ਹਨ ਤੇ ਲਗਭਗ 54 ਫ਼ੀਸਦ ਪਿੰਡਾਂ ਦੀਆਂ ਔਰਤਾਂ, ਜੋ ਮੱਧ ਪ੍ਰਦੇਸ਼ ਦੀਆਂ ਕੁੱਲ ਔਰਤਾਂ ਦਾ 72 ਫ਼ੀਸਦ ਬਣਦੀਆਂ ਹਨ, ਅਨੀਮਿਆ ਤੋਂ ਪੀੜਤ ਹਨ। ਸ਼ਹਿਰੀ ਔਰਤਾਂ ਵਿੱਚ ਇਹ ਅੰਕੜਾ 49 ਫ਼ੀਸਦ ਹੈ।

ਚਿਤਰਕੂਟ ਦੇ ਸਰਕਾਰੀ ਹਸਪਤਾਲ ਦੇ ਜਨਾਨਾ-ਰੋਗ ਮਾਹਰ ਸੀਨੀਅਰ ਡਾਕਟਰ ਰਮਾਂਕਾਂਤ ਚੌਰਸਿਆ ਕਹਿੰਦੇ ਹਨ,''ਗਰਭਅਵਸਥਾ ਕਾਰਨ ਹੀਮੋਗਲੋਬਿਨ ਘੱਟ ਹੋ ਜਾਂਦਾ ਹੈ। ਚੰਗੀ ਖ਼ੁਰਾਕ ਨਾ ਮਿਲ਼ਣਾ ਹੀ ਜੱਚੇ ਦੀ ਮੌਤ ਦੀ ਇੱਕ ਪ੍ਰਮੁੱਖ ਵਜਾ ਬਣਦਾ ਹੈ।''

ਸੁਸ਼ਮਾ ਦੇ ਢਾਈ ਸਾਲਾ ਬੇਟੇ ਨੇ ਉਨ੍ਹਾਂ ਦੇ ਖੱਬੇ ਹੱਥ ਦੀ ਉਂਗਲ ਕੱਸ ਕੇ ਫੜ੍ਹੀ ਹੋਈ ਹੈ ਜਦੋਂਕਿ ਉਨ੍ਹਾਂ ਨੇ ਸੱਜੇ ਹੱਥ ਵਿੱਚ ਬਾਲ਼ਟੀ ਫੜ੍ਹੀ ਹੋਈ ਹੈ। ਥੋੜ੍ਹੇ ਥੋੜ੍ਹੇ ਚਿਰਾਂ ਬਾਅਦ ਉਹ ਬਾਲ਼ਟੀ ਨੂੰ ਭੁੰਜੇ ਰੱਖ ਕੇ ਆਪਣੇ ਸੱਜੇ ਹੱਥ ਨਾਲ਼ ਸਾੜੀ ਨਾਲ਼ ਸਿਰ ਢੱਕਦੀ ਰਹਿੰਦੀ ਹਨ ਤਾਂ ਕਿ ਸਿਰ ਨੰਗਾ ਨਾ ਰਹੇ।

 Left: Ramghat on the Mandakini river, before the lockdown. Right: Boats await their riders now
PHOTO • Jigyasa Mishra
 Left: Ramghat on the Mandakini river, before the lockdown. Right: Boats await their riders now
PHOTO • Jigyasa Mishra

ਖੱਬੇ: ਤਾਲਾਬੰਦੀ ਲੱਗਣ ਤੋਂ ਪਹਿਲਾਂ, ਮੰਦਾਕਿਨੀ ਨਦੀ ਦਾ ਰਾਮਘਾਟ। ਸੱਜੇ: ਬੇੜੀਆਂ ਨੂੰ ਆਪਣੀਆਂ ਸਵਾਰੀਆਂ ਦੀ ਉਡੀਕ ਹੈ

ਸੁਸ਼ਮਾ ਦੱਸਦੀ ਹਨ,''ਮੇਰੇ ਪਤੀ ਦੇ ਜਾਣ ਤੋਂ ਬਾਅਦ, ਉਹੀ (ਮੇਰਾ ਦਿਓਰ) ਹੀ ਸਾਡੇ ਸੱਤ ਮੈਂਬਰੀ ਪਰਿਵਾਰ ਦਾ ਇਕੱਲਾ ਕਮਾਊ ਮੈਂਬਰ ਹੈ। ਪਰ ਹੁਣ ਉਹ ਵੀ ਕੰਮ ਨਹੀਂ ਕਰ ਸਕਦਾ। ਸਾਡੇ ਲਈ ਤਾਂ ਦਿਨੇ ਬੇੜੀ ਚਲਾਓ ਤਾਂ ਹੀ ਰਾਤੀਂ ਰੋਟੀ ਖਾ ਪਾਓਗੇ ਵਾਲ਼ੀ ਗੱਲ ਹੀ ਸੀ। ਤਾਲਾਬੰਦੀ ਤੋਂ ਪਹਿਲਾਂ, ਉਹ ਦਿਹਾੜੀ ਦਾ 300-400 ਰੁਪਏ ਕਮਾ ਲੈਂਦਾ ਸੀ। ਕਦੇ-ਕਦਾਈਂ ਸਿਰਫ਼ 200 ਰੁਪਏ ਹੀ ਦਿਹਾੜੀ ਬਣਦੀ। ਮੇਰੇ ਪਤੀ ਵੀ ਇੰਨਾ ਹੀ ਕਮਾ ਪਾਉਂਦੇ ਸਨ। ਪਰ ਉਦੋਂ ਕਮਾਉਣ ਵਾਲ਼ੇ ਦੋ ਮੈਂਬਰ ਤਾਂ ਸਨ। ਹਾਲ਼ ਦੀ ਘੜੀ ਕੋਈ ਕਮਾ ਨਹੀਂ ਰਿਹਾ।''

ਕੇਵਟਰਾ ਦੇ ਕਰੀਬ 60 ਘਰਾਂ ਵਿੱਚੋਂ ਅੱਧੇ ਪਰਿਵਾਰਾਂ ਵਾਂਗਰ ਹੀ ਸੁਸ਼ਮਾ ਦੇ ਪਰਿਵਾਰ ਕੋਲ਼ ਵੀ ਰਾਸ਼ਨ ਕਾਰਡ ਨਹੀਂ ਹੈ। ਉਹ ਹੱਸਦਿਆਂ ਕਹਿੰਦੀ ਹਨ,''ਕਿਹੜਾ ਦੁੱਧ ਤੇ ਕਿਹੜਾ ਫ਼ਲ! ਇੱਥੇ ਤਾਂ ਜੇ ਤੁਹਾਡੇ ਕੋਲ਼ ਰਾਸ਼ਨ ਕਾਰਡ ਨਹੀਂ ਤਾਂ ਤੁਹਾਡੇ ਲਈ ਦੋ ਡੰਗ ਖਾਣਾ ਖਾ ਪਾਉਣਾ ਚੁਣੌਤੀ ਹੀ ਹੈ।''  ਉਨ੍ਹਾਂ ਕੋਲ਼ ਰਾਸ਼ਨ ਕਾਰਡ ਕਿਉਂ ਨਹੀਂ ਹੈ? ਜਵਾਬ ਵਿੱਚ ਉਹ ਕਹਿੰਦੀ ਹਨ ਕਿ ਇਸ ਸਵਾਲ ਦਾ ਜਵਾਬ ਘਰ ਦੇ ਪੁਰਸ਼ ਬਿਹਤਰ ਢੰਗ ਨਾਲ਼ ਦੇ ਸਕਦੇ ਹਨ।

ਸੁਸ਼ਮਾ ਦੇ ਦੋ ਵੱਡੇ ਲੜਕੇ ਇੱਥੋਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਹਨ। ਇੱਕ ਤੀਜੀ ਜਮਾਤ ਵਿੱਚ ਹੈ ਤੇ ਦੂਜਾ ਪਹਿਲੀ ਜਮਾਤ ਵਿੱਚ। ਉਹ ਕਹਿੰਦੀ ਹਨ,''ਫ਼ਿਲਹਾਰ ਉਹ ਘਰੇ ਹੀ ਹਨ। ਕੱਲ੍ਹ ਤੋਂ ਹੀ ਸਮੋਸੇ ਖਾਣ ਦੀ ਜ਼ਿੱਦ ਫੜ੍ਹੀ ਬੈਠੇ ਨੇ। ਮੈਂ ਡਾਂਟਿਆ ਵੀ। ਅੱਜ ਹੀ, ਮੇਰੇ ਗੁਆਂਢਣ ਨੇ ਆਪਣੇ ਬੱਚਿਆਂ ਲਈ ਸਮੋਸੇ ਬਣਾਏ ਤੇ ਮੇਰਿਆਂ ਨੂੰ ਵੀ ਦੇ ਦਿੱਤੇ।'' ਨਲ਼ਕਾ ਚਲਾ ਕੇ ਭਰੀ ਅੱਧੀ ਬਾਲ਼ਟੀ ਨੂੰ ਚੁੱਕੀ ਸੁਸ਼ਮਾ ਸਾਨੂੰ ਕਹਿੰਦੀ ਹਨ,''ਇਸ ਸਮੇਂ ਦੌਰਾਨ ਮੈਂ ਇਸ ਤੋਂ ਵੱਧ ਭਾਰ ਚੁੱਕਣ ਤੋਂ ਬਚਦੀ ਹਾਂ।'' ਨਲ਼ਕਾ ਉਨ੍ਹਾਂ ਦੇ ਘਰੋਂ ਕੋਈ 200 ਮੀਟਰ ਦੂਰ ਹੈ ਅਤੇ ਇਨ੍ਹੀਂ ਦਿਨੀਂ ਉਨ੍ਹਾਂ ਦੀ ਦਰਾਣੀ ਹੀ ਪਾਣੀ ਭਰਨ ਦਾ ਕੰਮ ਵੱਧ ਕਰਦੀ ਹੈ।

ਪਿੰਡ ਦੇ ਮੰਦਰ ਨੇੜਲੇ ਨਲ਼ਕੇ ਕੋਲ਼ ਕੁਝ ਆਦਮੀ ਆਪਣੇ ਛੋਟੇ ਬੱਚਿਆਂ ਨਾਲ਼ ਖੜ੍ਹੇ ਹਨ। ਇਨ੍ਹਾਂ ਵਿਚ 27 ਸਾਲਾ ਚੁਨੂੰ ਨਿਸ਼ਾਦ ਵੀ ਸ਼ਾਮਲ ਹਨ। "ਮੈਂ ਕਾਰਡ ਲਈ ਅਰਜ਼ੀ ਦਿੰਦਾ ਰਹਿੰਦਾ ਹਾਂ ਅਤੇ ਉਹ ਮੈਨੂੰ ਕਹਿੰਦੇ ਰਹਿੰਦੇ ਹਨ ਕਿ ਮੈਨੂੰ ਮਝਗਾਵਾਨ (ਬਲਾਕ ਹੈਡਕੁਆਟਰ) ਜਾਣਾ ਪੈਣਾ ਹੈ,'' ਚੁਨੂੰ ਕਹਿੰਦੇ ਹਨ,''ਉਹ ਕਹਿੰਦੇ ਹਨ ਇਸ ਨੂੰ ਬਣਾਉਣ ਲਈ ਮੈਨੂੰ ਸਤਨਾ [ਲਗਭਗ 85 ਕਿਲੋਮੀਟਰ ਦੂਰ] ਵੀ ਜਾਣਾ ਪੈ ਸਕਦਾ ਹੈ। ਪਰ ਤਿੰਨ ਵਾਰ ਅਪਲਾਈ ਕਰਨ ਤੋਂ ਬਾਅਦ ਵੀ, ਮੈਨੂੰ ਕੁਝ ਹਾਸਲ ਨਹੀਂ ਹੋ ਸਕਿਆ। ਜੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਅਜਿਹੀ ਸਥਿਤੀ ਵਿੱਚ ਰਾਸ਼ਨ ਕਾਰਡ ਵਾਸਤੇ ਮੈਨੂੰ ਇੰਨੇ ਧੱਕੇ ਖਾਣਾ ਪੈ ਸਕਦੇ ਹਨ ਤਾਂ ਮੈਨੂੰ ਘੱਟੋ-ਘੱਟ ਸ਼ਹਿਰ ਦੇ ਆਪਣੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈਣ ਦੀ ਲੋੜ ਤਾਂ ਨਾ ਪੈਂਦੀ।"

ਚੂੰਨੂੰ ਆਪਣੀ ਮਾਂ, ਪਤਨੀ, ਇੱਕ ਸਾਲ ਦੀ ਧੀ ਅਤੇ ਆਪਣੇ ਭਰਾ ਦੇ ਪਰਿਵਾਰ ਨਾਲ ਰਹਿੰਦੇ ਹਨ। ਉਹ ਪਿਛਲੇ 11 ਸਾਲਾਂ ਤੋਂ ਕਿਸ਼ਤੀ ਚਲਾ ਰਹੇ ਹਨ। ਇਹ ਇੱਕ ਬੇਜ਼ਮੀਨਾ ਪਰਿਵਾਰ ਹੈ ਅਤੇ ਇੱਥੋਂ ਦੇ 134 ਹੋਰ ਮਲਾਹਾਂ ਵਾਂਗਰ ਤਾਲਾਬੰਦੀ ਦੌਰਾਨ ਉਨ੍ਹਾਂ ਦੀ ਕਮਾਈ ਬਚੀ ਹੀ ਨਹੀਂ।

Boatman Chunnu Nishad with his daughter in Kewatra; he doesn't have a ration card even after applying for it thrice
PHOTO • Jigyasa Mishra

ਵਾਤਰਾ ਵਿਖੇ ਮਲਾਹ ਚੁਨੂ ਨਿਸ਼ਾਦ ਆਪਣੀ ਧੀ ਨਾਲ਼ ; ਤਿੰਨ ਵਾਰ ਅਪਲਾਈ ਕਰਨ ਤੋਂ ਬਾਅਦ ਵੀ ਉਨ੍ਹਾਂ ਦਾ ਰਾਸ਼ਨ ਕਾਰਡ ਨਹੀਂ ਬਣ ਸਕਿਆ

ਤਿੰਨ ਵਾਰ ਅਪਲਾਈ ਕਰਨ ਤੋਂ ਬਾਅਦ ਵੀ ਰਾਸ਼ਨ ਕਾਰਡ ਮਿਲਣਾ ਮੁਸ਼ਕਲ ਬਣਿਆ ਹੋਇਆ ਹੈ। ਹਾਲਾਂਕਿ, ਚੁਨੂੰ ਕਹਿੰਦੇ ਹਨ, "ਅਸੀਂ ਸੁਣਿਆ ਹੈ ਕਿ ਉਹ ਸਾਰੇ ਕਾਰਡ ਧਾਰਕਾਂ ਨੂੰ ਰਾਸ਼ਨ ਵੰਡਣ ਤੋਂ ਬਾਅਦ ਬਚਿਆ ਹੋਇਆ ਰਾਸ਼ਨ ਸਾਡੇ ਵਰਗੇ ਲੋਕਾਂ ਨੂੰ ਵੱਖਰੇ ਰੇਟ 'ਤੇ ਦੇ ਦੇਣਗੇ।'' ਹਾਲਾਂਕਿ, ਇੱਥੋਂ ਦੇ ਥੋੜ੍ਹੇ-ਬਹੁਤ ਰਾਸ਼ਨ ਕਾਰਡ-ਧਾਰਕਾਂ ਵਿੱਚੋਂ ਵੀ ਕਈਆਂ ਨੂੰ ਉਨ੍ਹਾਂ ਦੇ ਕੋਟਾ ਦਾ ਰਾਸ਼ਨ ਨਹੀਂ ਮਿਲ਼ਿਆ।

ਤਾਲਾਬੰਦੀ ਦੀ ਮਿਆਦ ਵਧਾਉਣ ਤੋਂ ਬਾਅਦ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਭੋਜਨ ਪ੍ਰਾਪਤ ਕਰਨ ਲਈ ਰਾਸ਼ਨ ਕਾਰਡ ਜਾਂ ਕਿਸੇ ਹੋਰ ਪਛਾਣ ਦਸਤਾਵੇਜ਼ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਸੀ। ਮੱਧ ਪ੍ਰਦੇਸ਼ ਨੇ ਰਾਜ ਸਰਕਾਰ ਦੇ ਕੋਟੇ ਵਿੱਚੋਂ 3.2 ਮਿਲੀਅਨ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦਾ ਐਲਾਨ ਕੀਤਾ ਸੀ। ਇਸ ਰਾਸ਼ਨ ਵਿੱਚ ਚਾਰ ਕਿੱਲੋ ਕਣਕ ਅਤੇ ਇੱਕ ਕਿੱਲੋ ਚਾਵਲ ਸ਼ਾਮਲ ਹਨ।

ਇਸ ਤੋਂ ਬਾਅਦ, ਸਤਨਾ ਜ਼ਿਲ੍ਹੇ ਨੇ ਆਪਣੇ ਨਿਵਾਸੀਆਂ ਨੂੰ ਬਗ਼ੈਰ ਕਿਸੇ ਕਾਗ਼ਜ਼ੀ ਕਾਰਵਾਈ ਦੇ ਮੁਫ਼ਤ ਰਾਸ਼ਨ ਦੇਣ ਦਾ ਐਲਾਨ ਕੀਤਾ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਗਰ ਕੌਂਸਲ (ਚਿਤਰਕੂਟ ਦੀ ਨਗਰ ਨਿਗਮ ਦੀ ਹੱਦ) ਵਿੱਚ 216 ਪਰਿਵਾਰ ਹਨ ਜਿਨ੍ਹਾਂ ਕੋਲ ਰਾਸ਼ਨ ਕਾਰਡ ਨਹੀਂ ਹਨ - ਲਗਭਗ 1,097 ਵਸਨੀਕ। ਲੱਗਦਾ ਹੈ ਡਿਸਟ੍ਰੀਬਿਊਟਰਾਂ ਨੇ ਸੁਸ਼ਮਾ ਦੀ ਬਸਤੀ ਕੇਵਾਤਰਾ ਨੂੰ ਇਸ ਯੋਜਨਾ ਵਿੱਚ ਸ਼ਾਮਲ ਨਹੀਂ ਕੀਤਾ।

ਭਾਰਤ ਦੀ ਖੁਰਾਕ ਸੁਰੱਖਿਆ ਪ੍ਰਣਾਲੀ ਦੀ ਮੌਜੂਦਾ ਸਥਿਤੀ 'ਤੇ ਇੰਟਰਨੈਸ਼ਨਲ ਫੂਡ ਪਾਲਿਸੀ ਰਿਸਰਚ ਇੰਸਟੀਚਿਊਟ (ਆਈਐਫਪੀਆਰਆਈ) ਦੇ ਅਧਿਐਨ ਵਿੱਚ ਕਿਹਾ ਗਿਆ ਹੈ, "ਕੋਵਿਡ -19 ਕੌੜੀ ਸੱਚਾਈ ਦਾ ਪਰਦਾਫਾਸ਼ ਕਰਦਾ ਹੈ: ਅਢੁੱਕਵੀਂ ਅਤੇ ਡਾਵਾਂਡੋਲ ਸੁਰੱਖਿਆ ਪ੍ਰਣਾਲੀਆਂ ਕਾਰਨ ਇੰਝ ਹੋ ਸਕਦਾ ਹੈ ਕਿ ਇਨ੍ਹਾਂ ਆਰਥਿਕ ਤੌਰ 'ਤੇ ਕਮਜ਼ੋਰ ਸਮੂਹਾਂ ਦੇ ਕਾਫ਼ੀ ਸਾਰੇ ਲੋਕੀਂ ਭੋਜਨ ਅਤੇ ਹੋਰਨਾਂ ਸੇਵਾਵਾਂ ਤੋਂ ਵਾਂਝੇ ਰਹਿ ਜਾਣ।''

ਸੁਸ਼ਮਾ ਉਸ ਸਮੇਂ ਨੂੰ ਯਾਦ ਕਰਦੀ ਹਨ ਜਦੋਂ ਉਹ ਆਪਣੇ ਪਤੀ ਨਾਲ ਘਾਟ 'ਤੇ ਜਾਂਦੀ ਸਨ। ਉਹ ਮਾਣ ਨਾਲ ਕਹਿੰਦੀ ਹਨ, "ਉਹ ਖ਼ੁਸ਼ੀ ਦੇ ਦਿਨ ਸਨ। ਅਸੀਂ ਲਗਭਗ ਹਰ ਐਤਵਾਰ ਨੂੰ ਰਾਮਘਾਟ ਜਾਂਦੇ ਸਾਂ ਅਤੇ ਉਹ ਮੈਨੂੰ ਕੁਝ ਸਮੇਂ ਲਈ ਕਿਸ਼ਤੀ ਦੀ ਸਵਾਰੀ ਲਈ ਲੈ ਜਾਂਦਾ ਸੀ। ਉਸ ਸਮੇਂ ਉਹਨੇ ਕਿਸੇ ਹੋਰ ਗਾਹਕ ਨੂੰ ਕਿਸ਼ਤੀ 'ਤੇ ਬਿਠਾਇਆ ਨਾ ਹੁੰਦਾ। ਮੈਂ ਉਸ ਦੀ ਮੌਤ ਤੋਂ ਬਾਅਦ ਘਾਟ 'ਤੇ ਨਹੀਂ ਗਈ। ਮੈਨੂੰ ਹੁਣ ਉੱਥੇ ਜਾਣਾ ਪਸੰਦ ਵੀ ਨਹੀਂ ਹੈ। ਉਹ ਡੂੰਘਾ ਸਾਹ ਲੈਂਦਿਆਂ ਕਹਿੰਦੀ ਹਨ, "ਬੇੜੀਆਂ ਵੀ ਆਪਣੇ ਮਲਾਹਾਂ ਨੂੰ ਯਾਦ ਕਰਦੀਆਂ ਹੋਣਗੀਆਂ।''

ਤਰਜਮਾ: ਕਮਲਜੀਤ ਕੌਰ

Jigyasa Mishra

Jigyasa Mishra is an independent journalist based in Chitrakoot, Uttar Pradesh.

Other stories by Jigyasa Mishra
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur