ਰਾਧਾ ਦੇ ਪਾਲ਼ੇ ਹੋਏ ਕੁੱਤਿਆਂ ਨੂੰ ਉਨ੍ਹਾਂ ਦੀ ਹਿੰਮਤ ਦੀ ਕੀਮਤ ਚਕਾਉਣੀ ਪਈ। ਇੱਕ ਕੁੱਤੇ ਦਾ ਸਿਰ ਧੜੋਂ ਲਾਹ ਸੁੱਟਿਆ ਗਿਆ, ਦੂਜੇ ਨੂੰ ਜ਼ਹਿਰ ਦੇ ਦਿੱਤਾ ਗਿਆ ਅਤੇ ਤੀਜਾ ਗਾਇਬ ਹੋ ਗਿਆ ਅਤੇ ਚੌਥੇ ਨੂੰ ਰਾਧਾ ਦੀਆਂ ਅੱਖਾਂ ਸਾਹਮਣੇ ਮਾਰ ਮੁਕਾਇਆ ਗਿਆ। ''ਮੇਰਾ ਇਹ ਹਾਲ ਕਰਨ ਕਾਰਨ ਮੇਰੇ ਪਿੰਡ ਦੇ ਚਾਰੋ ਦੇ ਚਾਰੋ ਤਾਕਤਵਰ ਵਿਅਕਤੀ ਜੇਲ੍ਹ ਵਿੱਚ ਹਨ,'' ਉਹ ਕਹਿੰਦੀ ਹਨ। ''ਬਲਾਤਕਾਰ ਦੇ ਮਾਮਲੇ ਨੂੰ ਰਫ਼ਾ-ਦਫ਼ਾ ਨਾ ਕਰਨ ਕਾਰਨ ਉਹ ਮੈਨੂੰ ਨਫ਼ਰਤ ਕਰਦੇ ਹਨ।''

ਕਰੀਬ ਛੇ ਸਾਲ ਪਹਿਲਾਂ ਚਾਰ ਵਿਅਕਤੀਆਂ ਨੇ ਰਾਧਾ (ਅਸਲੀ ਨਾਮ ਨਹੀਂ) ਦਾ ਜਿਣਸੀ ਸ਼ੋਸ਼ਣ ਕੀਤਾ ਸੀ। ਜਦੋਂ ਉਹ ਬੀਡ ਜ਼ਿਲ੍ਹੇ ਵਿੱਚ ਸਥਿਤ ਆਪਣੇ ਪਿੰਡ ਤੋਂ ਕਰੀਬ 100 ਕਿਲੋਮੀਟਰ ਦੂਰ ਬੀਡ ਸ਼ਹਿਰ ਜਾ ਰਹੀ ਸਨ, ਉਦੋਂ ਹੀ ਇੱਕ ਨਿੱਜੀ ਵਾਹਨ ਚਾਲਕ ਨੇ ਲਿਫ਼ਟ ਦੇਣ ਬਹਾਨੇ ਉਨ੍ਹਾਂ ਦਾ ਅਪਹਰਣ ਕਰ ਲਿਆ ਸੀ। ਉਸ ਤੋਂ ਬਾਅਦ ਉਹਦੇ (ਵਾਹਨ ਚਾਲਕ) ਦੇ ਤਿੰਨ ਹੋਰਨਾਂ ਦੋਸਤਾਂ ਨੇ ਮਿਲ਼ ਕੇ ਰਾਧਾ ਦਾ ਬਲਾਤਕਾਰ ਕੀਤਾ।

40 ਸਾਲਾ ਰਾਧਾ ਆਪਣੀ ਮਾਨਸਿਕ ਅਤੇ ਸਰੀਰਕ ਸੱਟ ਬਾਰੇ ਜ਼ਿਕਰ ਕਰਦਿਆਂ ਕਹਿੰਦੀ ਹਨ,''ਉਸ ਘਟਨਾ ਤੋਂ ਬਾਅਦ ਮੈਂ ਹਫ਼ਤਿਆਂ ਤੱਕ ਪਰੇਸ਼ਾਨ ਰਹੀ। ਮੈਂ ਉਨ੍ਹਾਂ ਨੂੰ ਕਨੂੰਨ ਦੁਆਰਾ ਸਜ਼ਾ ਦਵਾਉਣਾ ਦਾ ਫ਼ੈਸਲਾ ਕੀਤਾ ਅਤੇ ਪੁਲਿਸ ਵਿੱਚ ਸ਼ਿਕਾਇਤ ਦਰਜ਼ ਕਰਾਈ।''

ਉਸ ਹਿੰਸਕ ਹਮਲੇ ਦੇ ਸਮੇਂ, ਰਾਧਾ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ਼ ਬੀਡ ਸ਼ਹਿਰ ਵਿੱਚ ਰਹਿੰਦੀ ਸਨ। ਉਹ ਕਹਿੰਦੀ ਹਨ,''ਮੇਰੇ ਪਤੀ ਉੱਥੇ ਇੱਕ ਫ਼ਾਈਨਾਂਸ਼ ਏਜੰਸੀ ਵਿੱਚ ਕੰਮ ਕਰਦੇ ਸਨ। ਮੈਂ ਆਪਣੇ ਖੇਤ ਦੀ ਦੇਖਭਾਲ਼ ਕਰਨ ਵਾਸਤੇ ਕਦੇ-ਕਦਾਈਂ ਪਿੰਡ ਆਉਂਦੀ ਜਾਂਦੀ ਰਹਿੰਦੀ ਸਾਂ।''

ਸ਼ਿਕਾਇਤ ਦਰਜ਼ ਕਰਾਉਣ ਤੋਂ ਬਾਅਦ, ਰਾਧਾ 'ਤੇ ਕੇਸ ਵਾਪਸ ਲੈਣ ਦਾ ਕਾਫ਼ੀ ਦਬਾਅ ਪਾਇਆ ਗਿਆ। ਉਹ ਦੱਸਦੀ ਹਨ ਕਿ ਅਪਰਾਧੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਗ੍ਰਾਮ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਪ੍ਰਭਾਵਸ਼ਾਲੀ ਲੋਕਾਂ ਨਾਲ਼ ਕਾਫ਼ੀ ਚੰਗੇ ਤਾਅਲੁਕਾਤ ਹਨ। ਰਾਧਾ ਮੁਤਾਬਕ,''ਮੈਂ ਕਾਫ਼ੀ ਦਬਾਅ ਮਹਿਸੂਸ ਕੀਤਾ। ਪਰ ਮੈਂ ਪਿੰਡ ਤੋਂ ਦੂਰ ਰਹਿੰਦੀ ਸਾਂ। ਸ਼ਹਿਰ ਵਿੱਚ ਮੇਰੀ ਮਦਦ ਕਰਨ ਵਾਲ਼ੇ ਕਈ ਲੋਕ ਸਨ। ਮੈਂ ਕਾਫ਼ੀ ਹੱਦ ਤੱਕ ਸੁਰੱਖਿਅਤ ਅਤੇ ਭਰੋਸੇ ਨਾਲ਼ ਭਰੀ ਸਾਂ।''

ਪਰ ਮਾਰਚ 2020 ਵਿੱਚ ਕੋਵਿਡ-19 ਨਾਲ਼ ਮੱਚੀ ਤਬਾਹੀ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਦੇ ਇਸ ਪਰਦੇ ਦੀ ਬੋਟੀ ਬੋਟੀ ਲੱਥ ਗਈ। ਦੇਸ਼-ਵਿਆਪੀ ਤਾਲਾਬੰਦੀ ਦੇ ਐਲਾਨ ਤੋਂ ਫ਼ੌਰਾਨ ਬਾਅਦ, ਉਨ੍ਹਾਂ ਦੇ ਪਤੀ ਮਨੋਜ (ਅਸਲੀ ਨਾਮ ਨਹੀਂ) ਦੀ ਨੌਕਰੀ ਖੁੱਸ ਗਈ। ਰਾਧਾ ਕਹਿੰਦੀ ਹਨ,''ਉਹ 10,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਸਨ ਅਤੇ ਅਸੀਂ ਕਿਰਾਏ ਦੇ ਫ਼ਲੈਟ ਵਿੱਚ ਰਹਿੰਦੇ ਸਾਂ, ਪਰ ਮਨੋਜ ਦੀ ਬੇਰੁਜ਼ਗਾਰ ਹੋਣ ਤੋਂ ਬਾਅਦ ਅਸੀਂ ਕਿਰਾਇਆ ਨਾ ਦੇ ਸਕੇ। ਇਸ ਤੋਂ ਬਾਅਦ, ਸਾਡੇ ਵਾਸਤੇ ਢਿੱਡ ਭਰਨਾ ਵੀ ਇੱਕ ਮਸਲਾ ਬਣ ਗਿਆ।''

ਜਦੋਂ ਕੋਈ ਚਾਰਾ ਹੀ ਨਾ ਰਿਹਾ ਤਾਂ ਰਾਧਾ, ਮਨੋਜ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਪਿੰਡ ਦਾ ਰਾਹ ਫੜ੍ਹਨਾ ਪਿਆ-ਉਹੀ ਥਾਂ ਜਿੱਥੇ ਰਾਧਾ ਦਾ ਬਲਾਤਕਾਰ ਹੋਇਆ ਸੀ। ਉਹ ਕਹਿੰਦੀ ਹਨ,''ਇੱਥੇ ਸਾਡੇ ਕੋਲ਼ ਤਿੰਨ ਏਕੜ ਜ਼ਮੀਨ ਹੈ, ਇਸਲਈ ਅਸੀਂ ਇੱਥੇ ਰਹਿਣ ਆ ਗਏ। ਅਸੀਂ ਕਿਸੇ ਹੋਰ ਵਿਕਲਪ ਦੇ ਬਾਰੇ ਸੋਚ ਤੱਕ ਨਹੀਂ ਸਕਦੇ ਸਾਂ।'' ਉਨ੍ਹਾਂ ਦਾ ਪਰਿਵਾਰ ਹੁਣ ਉਸੇ ਜ਼ਮੀਨ 'ਤੇ ਬਣੀ ਝੌਂਪੜੀ ਵਿੱਚ ਰਹਿੰਦਾ ਹੈ ਅਤੇ ਉੱਥੇ ਰਾਧਾ ਨਰਮਾ ਅਤੇ ਜਵਾਰ ਉਗਾਉਂਦੀ ਹਨ।

ਜਿਓਂ ਹੀ ਉਹ ਪਿੰਡ ਵਾਪਸ ਮੁੜੀ, ਅਪਰਾਧੀਆਂ ਦੇ ਪਰਿਵਾਰ ਵਾਲ਼ਿਆਂ ਨੇ ਜਿਵੇਂ ਰਾਧਾ 'ਤੇ ਨਿਸ਼ਾਨਾ ਹੀ ਸਾਧ ਲਿਆ। ਉਹ ਕਹਿੰਦੀ ਹਨ,''ਕੇਸ ਚੱਲ ਰਿਹਾ ਸੀ। ਉਹਨੂੰ ਵਾਪਸ ਲੈਣ ਦਾ ਦਬਾਅ ਵੱਧਦਾ ਚਲਾ ਗਿਆ।'' ਪਰ ਜਦੋਂ ਉਨ੍ਹਾਂ ਨੇ ਹੱਥ ਪਿਛਾਂਹ ਖਿੱਚਣ ਤੋਂ ਮਨ੍ਹਾ ਕਰ ਦਿੱਤਾ ਤਾਂ ਦਬਾਅ ਧਮਕੀਆਂ ਦਾ ਰੂਪ ਲੈਂਦਾ ਚਲਾ ਗਿਆ। ਰਾਧਾ ਮੁਤਾਬਕ,''ਪਿੰਡ ਮੁੜਨ ਤੋਂ ਬਾਅਦ ਮੈਂ ਉਨ੍ਹਾਂ ਦੇ ਐਨ ਸਾਹਮਣਾ ਮੌਜੂਦ ਸਾਂ। ਹੁਣ ਉਨ੍ਹਾਂ ਲਈ ਮੈਨੂੰ ਧਮਕਾਉਣਾ ਅਤੇ ਪਰੇਸ਼ਾਨ ਕਰਨਾ ਸੌਖ਼ਾ ਕੰਮ ਹੋ ਗਿਆ ਸੀ।'' ਪਰ ਰਾਧਾ ਨੇ ਆਪਣੇ ਹੱਥ ਪਿਛਾਂਹ ਨਾ ਖਿੱਚੇ।

ਰਾਧਾ ਆਪਣੇ ਪਿੰਡ ਦੇ ਖ਼ੇਤ ਤੋਂ ਸ਼ਹਿਰ ਜਾ ਰਹੀ ਸਨ, ਉਦੋਂ ਹੀ ਉਨ੍ਹਾਂ ਦਾ ਅਪਹਰਣ ਕਰ ਲਿਆ ਗਿਆ ਅਤੇ ਉਨ੍ਹਾਂ ' ਤੇ ਹਮਲਾ ਕਰ ਦਿੱਤਾ ਗਿਆ

ਸਾਲ 2020 ਦੇ ਅੱਧ ਵਿੱਚ, ਉਨ੍ਹਾਂ ਦੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਨਾਲ਼ ਦੇ ਦੋ (ਗ੍ਰਾਮ ਪੰਚਾਇਤਾਂ) ਪਿੰਡਾਂ ਨੇ ਰਾਧਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਸਮਾਜਿਕ ਬਾਈਕਾਟ ਦਾ ਸੱਦਾ ਦਿੱਤਾ। ਰਾਧਾ 'ਤੇ ''ਬਦਕਿਰਦਾਰੀ'' ਦਾ ਇਲਜ਼ਾਮ ਲਾਇਆ ਗਿਆ ਅਤੇ ਆਪਣੇ ਪਿੰਡ ਨੂੰ ਬਦਨਾਮ ਕਰਨ ਦਾ ਦੋਸ਼ ਵੀ ਲਾਇਆ ਗਿਆ। ਇਨ੍ਹਾਂ ਤਿੰਨੋਂ ਪਿੰਡਾਂ ਅੰਦਰ ਉਨ੍ਹਾਂ ਦੇ ਵੜ੍ਹਨ 'ਤੇ ਵੀ ''ਪਾਬੰਦੀ'' ਲਾ ਦਿੱਤੀ ਗਈ। ਉਹ ਚੇਤੇ ਕਰਦੀ ਹਨ,''ਜਦੋਂ ਮੈਂ ਘਰ ਦੀਆਂ ਲੋੜਾਂ ਖ਼ਾਤਰ ਇੱਕ ਬਾਲਟੀ ਪਾਣੀ ਭਰਨ ਲਈ ਵੀ ਬਾਹਰ ਨਿਕਲ਼ਦੀ ਸਾਂ ਤਾਂ ਮੈਨੂੰ ਕਾਫ਼ੀ ਮਾੜੇ-ਬੋਲ ਸੁਣਨੇ ਪੈਂਦੇ ਸਨ। ਅਸਲ ਵਿੱਚ ਉਹ ਇਹੀ ਜਾਹਰ ਕਰਨਾ ਚਾਹੁੰਦੇ ਸਨ,'ਤੂੰ ਸਾਡੇ ਬੰਦਿਆਂ ਨੂੰ ਜੇਲ੍ਹ ਭੇਜਣਾ ਚਾਹੁੰਦੀ ਹੈਂ ਅਤੇ ਫਿਰ ਵੀ ਸਾਡੇ ਦਰਮਿਆਨ ਰਹਿਣ ਦੀ ਇੰਨੀ ਹਿੰਮਤ ਕਰਦੀ ਹੈਂ!' ''

ਕਦੇ ਕਦੇ ਉਨ੍ਹਾਂ ਦੇ ਚੀਕਾਂ ਮਾਰ ਮਾਰ ਕੇ ਰੋਣ ਦਾ ਦਿਲ ਕਰਦਾ। ਉਹ ਮਰਾਠੀ ਵਿੱਚ ਕਹਿੰਦੀ ਹਨ,'' ਮਾਲਾ ਸਵਾਤਹਾਲਾ ਸੰਭਲਨਾ ਮਹਤਵਚਾ ਹੋਤਾ (ਇਹ ਅਹਿਮ ਹੈ ਕਿ ਮੈਂ ਖ਼ੁਦ ਨੂੰ ਸਾਂਭੀਂ ਰੱਖਾਂ)।'' ਕੇਸ ਤਾਂ ਕਰੀਬ ਕਰੀਬ ਖ਼ਤਮ ਹੀ ਹੋਣ ਵਾਲ਼ਾ ਸੀ।''

ਬੀਡ ਦੀ ਮਹਿਲਾ ਅਧਿਕਾਰ ਕਾਰਕੁੰਨ ਮਨੀਸ਼ਾ ਟੋਕਲੇ ਕੋਰਟ ਕੇਸ ਦੌਰਾਨ ਰਾਧਾ ਦੇ ਸੰਪਰਕ ਵਿੱਚ ਰਹੀ। ਉਨ੍ਹਾਂ ਨੇ ਸ਼ੁਰੂ ਵਿੱਚ ਰਾਧਾ ਵੱਲੋਂ ਪੁਲਿਸ ਸ਼ਿਕਾਇਤ ਦਰਜ ਕਰਾਉਣ ਵਿੱਚ ਮਦਦ ਕੀਤੀ ਸੀ। ਟੋਕਲੇ ਕਹਿੰਦੀ ਹਨ,''ਸਾਡੇ ਵਕੀਲ ਸਕਾਰਾਤਮਕ ਫ਼ੈਸਲਾ ਆਉਣ ਦੀ ਬਾਰੇ ਆਸਵੰਦ ਸਨ। ਪਰ ਰਾਧਾ ਲਈ ਪੱਕੇ ਪੈਰੀਂ ਰਹਿਣਾ ਵੱਧ ਜ਼ਰੂਰੀ ਸੀ। ਮੈਂ ਚਾਹੁੰਦੀ ਸਾਂ ਕਿ ਉਹ ਆਸਵੰਦ ਰਹੇ ਅਤੇ ਹਾਲਾਤ ਦੇ ਅੱਗੇ ਗੋਡੇ ਨਾ ਟੇਕੇ।'' ਮਨੀਸ਼ਾ ਨੇ ਇਹ ਵੀ ਯਕੀਨੀ ਬਣਾਇਆ ਕਿ ਰਾਧਾ ਨੂੰ ਮਨੋਧੈਰਯ ਯੋਜਨਾ ਦੇ ਜ਼ਰੀਏ 2.5 ਲੱਖ ਰੁਪਏ ਮਿਲ਼ਣ, ਜੋ ਮਹਾਰਾਸ਼ਟਰ ਸਰਕਾਰ ਬਲਾਤਕਾਰ ਪੀੜਤਾ ਨੂੰ ਬਤੌਰ ਸਹਾਇਤਾ ਰਾਸ਼ੀ ਦਿੰਦੀ ਹੈ।

ਲੰਬੀ ਕਨੂੰਨੀ ਪ੍ਰਕਿਰਿਆ ਨੇ ਮਨੋਜ ਨੂੰ ਕਈ ਵਾਰੀ ਬੇਚੈਨ ਕੀਤਾ। ਟੋਕਲੇ ਕਹਿੰਦੀ ਹਨ,''ਉਹ ਕਦੇ-ਕਦੇ ਨਿਰਾਸ਼ ਹੋ ਜਾਂਦਾ ਸੀ। ਮੈਂ ਉਹਨੂੰ ਧੀਰਜ ਬਣਾਈ ਰੱਖਣ ਲਈ ਕਿਹਾ।'' ਉਹ ਇਸ ਗੱਲ ਦੀ ਗਵਾਹ ਰਹੀ ਹਨ ਕਿ ਕਿਵੇਂ ਮਨੋਜ ਨੇ ਰਾਧਾ ਦੀ ਲੜਾਈ ਵਿੱਚ ਉਹਦੀ ਹਿੰਮਤ ਬਝਾਈ ਰੱਖੀ।

ਕੇਸ ਜੋ ਪਹਿਲਾਂ ਹੀ ਜੂੰ ਚਾਲੇ ਅੱਗੇ ਵੱਧ ਰਿਹਾ ਸੀ, ਮਹਾਂਮਾਰੀ ਦੌਰਾਨ ਹੋਰ ਮੱਠਾ ਪੈ ਗਿਆ, ਜਦੋਂ ਅਦਾਲਤ ਆਨਲਾਈਨ ਕੰਮ ਕਰਨ ਲੱਗੀ। ਰਾਧਾ ਕਹਿੰਦੀ ਹਨ,''ਪਹਿਲਾਂ ਹੀ ਚਾਰ ਸਾਲ ਬੀਤ ਚੁੱਕੇ ਸਨ। ਤਾਲਾਬੰਦੀ ਦੇ ਬਾਅਦ ਕਈ ਵਾਰ ਸੁਣਵਾਈ ਟਾਲ਼ੀ ਗਈ। ਅਸੀਂ ਹਾਰ ਨਾ ਮੰਨੀ, ਪਰ ਨਿਆ ਮਿਲ਼ਣ ਦੀ ਉਮੀਦ ਘੱਟ ਹੁੰਦੀ ਚਲੀ ਗਈ।''

ਉਨ੍ਹਾਂ ਦਾ ਧੀਰਜ ਅਤੇ ਦ੍ਰਿੜਤਾ ਬੇਕਾਰ ਨਹੀਂ ਗਈ। ਪਿਛਲੇ ਸਾਲ ਅਕਤੂਬਰ ਵਿੱਚ, ਅਪਰਾਧ ਦੇ ਕਰੀਬ ਛੇ ਸਾਲ ਬਾਅਦ, ਬੀਡ ਸੈਸ਼ਨ ਕੋਰਟ ਨੇ ਦੋਸ਼ੀਆਂ ਨੂੰ ਬਲਾਤਕਾਰ ਦਾ ਦੋਸ਼ੀ ਮੰਨਿਆ। ਦੋਸ਼ੀਆਂ ਨੂੰ ਆਜੀਵਨ ਕੈਦ ਦੀ ਸਜ਼ਾ ਸੁਣਾਈ ਗਈ। ਟੋਕਲੇ ਕਹਿੰਦੀ ਹਨ,''ਜਦੋਂ ਅਸੀਂ ਰਾਧਾ ਨੂੰ ਕੋਰਟ ਦਾ ਫ਼ੈਸਲਾ ਸੁਣਾਇਆ ਤਾਂ ਉਹ ਇੱਕ ਪਲ ਲਈ ਅਹਿੱਲ ਰਹਿ ਗਈ ਅਤੇ ਫਿਰ ਉੱਚੀ-ਉੱਚੀ ਰੋਣ ਲੱਗੀ। ਉਨ੍ਹਾਂ ਵੱਲੋਂ ਸੰਘਰਸ਼ ਦੀ ਇਹ ਲੰਬੀ ਲੜਾਈ ਆਖ਼ਰਕਾਰ ਆਪਣੇ ਅੰਜਾਮ ਤੀਕਰ ਪਹੁੰਚ ਹੀ ਗਈ ਸੀ।''

ਪਰ ਉਤਪੀੜਨ ਦਾ ਇਹ ਸਿਲਸਿਲਾ ਇੱਥੇ ਹੀ ਨਾ ਰੁਕਿਆ।

ਦੋ ਮਹੀਨੇ ਬਾਅਦ ਰਾਧਾ ਨੂੰ ਇੱਕ ਨੋਟਿਸ ਮਿਲ਼ਿਆ ਜਿਸ ਵਿੱਚ ਉਨ੍ਹਾਂ 'ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਕੋਈ ਜ਼ਮੀਨ ਗ੍ਰਹਿਣ ਕੀਤੀ ਹੈ। ਗ੍ਰਾਮ ਸੇਵਕ ਦੇ ਹਸਤਾਖ਼ਰ ਵਾਲ਼ੇ ਦਸਤਾਵੇਜ 'ਤੇ ਲਿਖਿਆ ਗਿਆ ਸੀ ਕਿ ਰਾਧਾ ਜਿਹੜੀ ਜ਼ਮੀਨ 'ਤੇ ਖੇਤੀ ਕਰ ਰਹੀ ਸਨ ਅਤੇ ਜਿਸ ਜ਼ਮੀਨ 'ਤੇ ਰਹਿ ਰਹੀ ਸਨ ਉਹ ਉਨ੍ਹਾਂ ਦੇ ਪਿੰਡ ਦੇ ਕਿਸੇ ਚਾਰ ਲੋਕਾਂ ਦੇ ਨਾਮ ਬੋਲਦੀ ਹੈ। ਰਾਧਾ ਕਹਿੰਦੀ ਹਨ,''ਉਹ ਲੋਕ ਹੁਣ ਮੇਰੀ ਜ਼ਮੀਨ ਦੇ ਪਿੱਛੇ ਪੈ ਗਏ ਹਨ। ਇੱਥੇ ਹਰ ਕੋਈ ਜਾਣਦਾ ਹੈ ਕਿ ਕੀ ਹੋ ਰਿਹਾ ਹੈ, ਪਰ ਡਰ ਦੇ ਮਾਰੇ ਕੋਈ ਵੀ ਸ਼ਰੇਆਮ ਮੇਰੀ ਹਿਮਾਇਤ ਨਹੀਂ ਕਰਦਾ। ਮਹਾਂਮਾਰੀ ਦੇ ਇਸ ਕਾਲ ਦੌਰਾਨ ਮੈਂ ਸਿੱਖਿਆ ਹੈ ਕਿ ਇੱਕ ਔਰਤ ਦੇ ਜੀਵਨ ਨੂੰ ਤਕਲੀਫ਼ਦੇਹ ਬਣਾਉਣ ਖ਼ਾਤਰ ਲੋਕ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ।''

ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਤੋਂ ਹੀ ਰਾਧਾ 'ਤੇ ਕੇਸ ਵਾਪਸ ਲੈਣ ਦਾ ਦਬਾਅ ਪੈਣਾ ਸ਼ੁਰੂ ਹੋ ਗਿਆ। ਅਪਰਾਧੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਦੀ, ਗ੍ਰਾਮ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਰਸੂਖ਼ਵਾਨ ਲੋਕਾਂ ਨਾਲ਼ ਗੂੜ੍ਹਤਾ ਹੈ

ਰਾਧਾ ਦਾ ਪਰਿਵਾਰ ਟੀਨ ਦੀ ਛੱਤ ਵਾਲ਼ੇ ਘਰ ਵਿੱਚ ਰਹਿੰਦਾ ਹੈ। ਮਾਨਸੂਨ ਵਿੱਚ ਘਰ ਦੀ ਛੱਤ ਚੋਣ ਲੱਗਦੀ ਹੈ ਅਤੇ ਗਰਮੀਆਂ ਵਿੱਚ ਗਰਮ ਹੋ ਜਾਂਦੀ ਹੈ। ਉਹ ਕਹਿੰਦੀ ਹਨ,''ਜਦੋਂ ਤੇਜ਼ ਹਵਾ ਚੱਲਦੀ ਹੈ ਤਾਂ ਇੰਝ ਜਾਪਦਾ ਹੈ ਕਿ ਛੱਤ ਹੀ ਡਿੱਗ ਜਾਵੇਗੀ। ਜਦੋਂ ਵੀ ਇੰਝ ਹੁੰਦਾ ਹੈ, ਤਾਂ ਮੇਰੇ ਬੱਚੇ ਮੰਜੇ ਹੇਠਾਂ ਵੜ੍ਹ ਜਾਂਦੇ ਹਨ। ਦੇਖੋ ਇਹ ਹਾਲਤ ਹੈ ਮੇਰੀ, ਬਾਵਜੂਦ ਇਹਦੇ ਮੇਰਾ ਖਹਿੜਾ ਨਹੀਂ ਛੱਡਿਆ ਜਾ ਰਿਹਾ। ਉਨ੍ਹਾਂ ਨੇ ਮੇਰੇ ਪਾਣੀ ਦੀ ਸਪਲਾਈ ਰੋਕ ਦਿੱਤੀ ਅਤੇ ਮੈਨੂੰ ਇੱਥੋਂ ਬੇਦਖ਼ਲ ਕਰਨ ਦੀ ਧਮਕੀ ਤੱਕ ਦੇ ਦਿੱਤੀ ਗਈ। ਪਰ ਮੇਰੇ ਕੋਲ਼ ਸਾਰੇ ਕਾਗ਼ਜ਼ ਮੌਜੂਦ ਹਨ। ਮੈਂ ਕਿਤੇ ਵੀ ਨਹੀਂ ਜਾ ਰਹੀ।''

ਰਾਧਾ ਨੇ ਜ਼ਿਲ੍ਹੇ ਮੈਜਿਸਟ੍ਰੇਟ ਨੂੰ ਲਿਖਤੀ ਪੱਤਰ ਵਿੱਚ ਆਪਣੀ ਜ਼ਮੀਨ 'ਤੇ ਕਬਜ਼ਾ ਕੀਤੇ ਜਾਣ ਦੇ ਯਤਨਾਂ ਬਾਬਤ ਸ਼ਿਕਾਇਤ ਕੀਤੀ ਸੀ। ਉਹ ਦੱਸਦੀ ਹਨ ਕਿ ਉਨ੍ਹਾਂ ਦੀ ਜਾਨ ਖ਼ਤਰੇ ਵਿੱਚ ਸੀ ਅਤੇ ਉਨ੍ਹਾਂ ਨੂੰ ਸੁਰੱਖਿਆ ਦੀ ਲੋੜ ਸੀ। ਬਾਅਦ ਵਿੱਚ ਗ੍ਰਾਮ ਸੇਵਕ ਨੇ ਮੈਜਿਸਟ੍ਰੇਟ ਅੱਗੇ ਲਿਖਤੀ ਬਿਆਨ ਦਿੱਤਾ ਕਿ ਨੋਟਿਸ 'ਤੇ ਉਨ੍ਹਾਂ ਦੇ ਹਸਤਾਖ਼ਰ ਨਕਲੀ ਹਨ। ਉਨ੍ਹਾਂ ਨੇ ਕਿਹਾ ਜ਼ਮੀਨ ਤਾਂ ਰਾਧਾ ਦੀ ਹੀ ਹੈ।

ਰਾਧਾ ਦੀ ਹਾਲਤ 'ਤੇ ਗ਼ੌਰ ਕਰਦਿਆਂ, ਸਾਲ 2021 ਦੀ ਸ਼ੁਰੂਆਤ ਵਿੱਚ, ਮਹਾਰਾਸ਼ਟਰ ਵਿਧਾਨ ਪਰਿਸ਼ਦ ਦੀ ਡਿਪਟੀ ਚੇਅਰਮੈਨ ਨੀਲਮ ਗੋਰੇ ਨੇ ਰਾਜ ਦੇ ਗ੍ਰਾਮੀਣ ਵਿਕਾਸ ਮੰਤਰੀ ਹਸਨ ਮੁਸ਼ਰੀਫ਼ ਨੂੰ ਚਿੱਠੀ ਲਿਖੀ। ਉਨ੍ਹਾਂ ਨੇ ਰਾਧਾ ਅਤੇ ਉਨ੍ਹਾਂ ਦੇ ਪਰਿਵਾਰ ਲਈ ਸੁਰੱਖਿਆ ਬੰਦੋਬਸਤ ਕਰਨ ਅਤੇ ਤਿੰਨਾਂ ਪਿੰਡਾਂ ਵੱਲੋਂ ਉਨ੍ਹਾਂ ਦੇ ਬਾਈਕਾਟ ਕੀਤੇ ਜਾਣ ਲਈ ਜਾਰੀ ਨੋਟਿਸ ਦੀ ਜਾਂਚ 'ਤੇ ਜ਼ੋਰ ਦਿੱਤਾ।

ਰਾਧਾ ਦੇ ਘਰ ਦੇ ਬਾਹਰ ਹੁਣ ਹਰ ਸਮੇਂ ਇੱਕ ਪੁਲਿਸ ਕਾਂਸਟੇਬਲ ਤਾਇਨਾਤ ਰਹਿੰਦਾ ਹੈ। ਉਹ ਕਹਿੰਦੀ ਹਨ,''ਮੈਂ ਹਾਲੇ ਵੀ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਪੁਲਿਸਕਰਮੀ ਕਦੇ ਆਉਂਦਾ ਹੈ ਕਦੇ ਨਹੀਂ। ਰਾਤ ਵੇਲੇ ਕਦੇ ਮੈਨੂੰ ਨੀਂਦ ਨਹੀਂ ਆਉਂਦੀ। ਤਾਲਾਬੰਦੀ (ਮਾਰਚ 2020 ਵਿੱਚ) ਤੋਂ ਪਹਿਲਾਂ ਮੈਂ ਘੱਟੋ-ਘੱਟ ਚੈਨ ਨਾਲ਼ ਸੌਂ ਤਾਂ ਜਾਂਦੀ ਸਾਂ, ਕਿਉਂਕਿ ਮੈਂ ਪਿੰਡ ਤੋਂ ਦੂਰ ਸਾਂ। ਹੁਣ ਮੈਂ ਜਾਗਦੀ ਹੀ ਰਹਿੰਦੀ ਹਾਂ, ਖ਼ਾਸ ਕਰਕੇ ਜਦੋਂ ਘਰ ਵਿੱਚ ਮੈਂ ਅਤੇ ਮੇਰੇ ਬੱਚੇ ਹੀ ਹੁੰਦੇ ਹਾਂ।''

ਇੱਥੋਂ ਤੱਕ ਕਿ ਮਨੋਜ ਵੀ ਜਦੋਂ ਆਪਣੇ ਪਰਿਵਾਰ ਤੋਂ ਦੂਰ ਹੁੰਦੇ ਹਨ ਤਾਂ ਚੈਨ ਨਾਲ਼ ਸੌਂ ਨਹੀਂ ਪਾਉਂਦੇ। ਉਹ ਕਹਿੰਦੇ ਹਨ,''ਮੈਂ ਚਿੰਤਾ ਕਰਦਾ ਰਹਿੰਦਾ ਹਾਂ ਕਿ ਕੀ ਮੇਰਾ ਪਰਿਵਾਰ ਠੀਕ ਤਾਂ ਹੋਵੇਗਾ। ਸ਼ਹਿਰ ਦੀ ਨੌਕਰੀ ਖੁੱਸਣ ਤੋਂ ਬਾਅਦ ਤੋਂ ਦਿਹਾੜੀ 'ਤੇ ਕੰਮ ਕਰਦੇ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਸਾਲ ਸਤੰਬਰ ਵਿੱਚ ਜਾ ਕੇ ਨੌਕਰੀ ਮਿਲ਼ੀ। ਉਨ੍ਹਾਂ ਦੇ ਕੰਮ ਦੀ ਥਾਂ ਪਿੰਡੋਂ ਕਰੀਬ 60 ਕਿਲੋਮੀਟਰ ਦੂਰ ਹੈ, ਇਸਲਈ ਉਹ ਕਿਰਾਏ ਦੇ ਕਮਰੇ ਵਿੱਚ ਰਹਿੰਦੇ ਹਨ। ''ਹਾਲਾਂਕਿ ਕਿ ਉਨ੍ਹਾਂ ਦੀ ਤਨਖ਼ਾਹ ਪਹਿਲਾਂ ਵਾਲ਼ੀ ਨੌਕਰੀ ਨਾਲ਼ੋਂ ਘੱਟ ਮਿਲ਼ਦੀ ਹੈ। ਇਸਲਈ ਅਸੀਂ ਪੂਰਾ ਘਰ ਕਿਰਾਏ 'ਤੇ ਨਹੀਂ ਲੈ ਸਕਦੇ। ਉਹ ਹਫ਼ਤੇ ਦੇ 3-4 ਦਿਨ ਸਾਡੇ ਨਾਲ਼ ਹੀ ਰਹਿੰਦੇ ਹਨ।''

ਰਾਧਾ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਜਦੋਂ ਸਕੂਲ ਦੋਬਾਰਾ ਖੁੱਲ੍ਹਣਗੇ ਤਦ ਸਥਾਨਕ ਸਕੂਲ ਵਿੱਚ ਉਨ੍ਹਾਂ ਦੀਆਂ ਤਿੰਨੋਂ ਧੀਆਂ (ਉਮਰ 8, 12 ਅਤੇ 15 ਸਾਲ) ਨਾਲ਼ ਕਿਹੋ ਜਿਹਾ ਸਲੂਕ ਕੀਤਾ ਜਾਵੇਗਾ। ''ਮੈਂ ਨਹੀਂ ਜਾਣਦੀ ਕਿ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾਵੇਗਾ ਜਾਂ ਧਮਕਾਇਆ ਜਾਵੇਗਾ।''

ਉਨ੍ਹਾਂ ਦੇ ਕੁੱਤਿਆਂ ਨੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਘੱਟ ਕਰਨ ਵਿੱਚ ਖ਼ਾਸੀ ਮਦਦ ਕੀਤੀ। ਰਾਧਾ ਕਹਿੰਦੀ ਹਨ,''ਉਹ ਸਾਡਾ ਬਚਾਅ ਵੀ ਕਰਦੇ। ਜੇ ਕੋਈ ਝੌਂਪੜੀ ਦੇ ਨੇੜੇ ਵੀ ਆਉਂਦਾ ਤਾਂ ਉਹ ਭੌਂਕਣ ਲੱਗਦੇ। ਪਰ ਇਨ੍ਹਾਂ ਲੋਕਾਂ ਨੇ ਇੱਕ ਇੱਕ ਕਰਕੇ ਮੇਰੇ ਕੁੱਤਿਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਮੇਰਾ ਚੌਥਾ ਕੁੱਤਾ ਅਜੇ ਹੁਣੇ ਜਿਹੇ ਹੀ ਮਾਰਿਆ ਗਿਆ ਹੈ।''

ਰਾਧਾ ਕਹਿੰਦੀ ਹਨ, ਪੰਜਵਾ ਕੁੱਤਾ ਪਾਲਣ ਦਾ ਹੁਣ ਸਵਾਲ ਹੀ ਪੈਦਾ ਨਹੀਂ ਹੁੰਦਾ। ''ਘੱਟੋ-ਘੱਟ ਪਿੰਡ ਦੇ ਕੁੱਤੇ ਤਾਂ ਸੁਰੱਖਿਅਤ ਰਹਿਣ।''

ਇਹ ਸਟੋਰੀ ਰਿਪੋਰਟਰ ਨੂੰ ਇੱਕ ਸੁਤੰਤਰ ਪੱਤਰਕਾਰੀ ਗਰਾਂਟ ਦੁਆਰਾ ਪੁਲਿਤਜ਼ਰ ਸੈਂਟਰ ਦੁਆਰਾ ਸਮਰਥਤ ਇੱਕ ਲੜੀ ਦਾ ਹਿੱਸਾ ਹੈ।

ਤਰਜਮਾ: ਕਮਲਜੀਤ ਕੌਰ

Text : Parth M.N.

Parth M.N. is a 2017 PARI Fellow and an independent journalist reporting for various news websites. He loves cricket and travelling.

Other stories by Parth M.N.
Illustrations : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur