ਸਤੰਬਰ ਵਿੱਚ ਕੇਂਦਰ ਸਰਕਾਰ ਦੁਆਰਾ (ਖੇਤੀ ਰਾਜ ਦਾ ਮੁੱਦਾ ਹੋਣ ਦੇ ਬਾਵਜੂਦ ਵੀ) ਸੰਸਦ ਵਿੱਚ ਪਾਸ ਕਾਨੂੰਨ ਦੇ ਵਿਰੋਧ ਵਿੱਚ ਕਿਸਾਨਾਂ ਦੁਆਰਾ ਕੀਤੇ ਗਏ ਰੋਸ ਪ੍ਰਦਰਸ਼ਨ ਨੇ ਪੂਰੇ ਦੇਸ਼ ਦੇ ਕਵੀਆਂ ਅਤੇ ਕਲਾਕਾਰਾਂ ਦੇ ਦਿਲਾਂ ਨੂੰ ਟੁੰਬਿਆ। ਇਹ ਖ਼ੂਬਸੂਰਤ ਕਵਿਤਾ ਪੰਜਾਬ ਨਾਲ਼ ਜੁੜੀ ਹੈ, ਜੋ ਨਿਮਨ ਕਿਸਾਨ ਦੇ ਰੋਜ਼ਮੱਰਾ ਸੰਘਰਸ਼ਾਂ ਬਾਰੇ ਕਵੀ ਦੇ ਦਿਲ-ਵਲੂੰਧਰੂ ਵਿਚਾਰ ਦਰਸਾਉਂਦੀ ਹੈ। ਕਵਿਤਾ ਤੋਂ ਪ੍ਰੇਰਿਤ ਇਹ ਸਬੰਧਤ ਵਿਆਖਿਆਵਾਂ, ਬੰਗਲੇਰੂ ਦੇ ਨੌਜਵਾਨ ਕਲਾਕਾਰ ਨਾਲ ਜੁੜੀਆਂ ਹੋਈਆਂ ਹਨ।

ਸੁਧੰਵਾ ਦੇਸ਼ਪਾਂਡੇ ਵੱਲੋਂ ਅੰਗਰੇਜ਼ੀ ਵਿੱਚ ਉਚਾਰੀ ਗਈ ਕਵਿਤਾ ਸੁਣੋ

ਵਿਆਖਿਆਕਾਰ: ਅੰਤਰਾ ਰਮਨ

ਕਿਸਾਨ ਦੀ ਕਥਾ

ਗੋਡਣਾ, ਬੀਜਣਾ, ਉਗਾਉਣਾ, ਵੱਢਣਾ
ਹੋਰ ਅਸਾਂ ਕੀ ਕਰਨਾ ਵੇ
ਏਹੁ ਹਮਾਰਾ ਜੀਵਣਾ
ਏਹੁ ਅਸਾਡਾ ਮਰਨਾ ਵੇ

ਜਿਸ ਮਿੱਟੀ ਮੇਰਾ ਮੁੜ੍ਹਕਾ ਰਲ਼ਿਆ
ਹੜ੍ਹ ਝੱਖੜ ਛਾਤੀ‘ਤੇ ਝੱਲਿਆ
ਜੇਠ ਹਾੜ 'ਚ ਸੜਿਆ ਬਲ਼ਿਆ
ਕੱਕਰ ਪਾਲੇ ਤੋਂ ਨਾ ਟਲ਼ਿਆ
ਉਸੇ ਖੇਤ 'ਚ ਗੱਡ ਗਿਆ ਹਾਕਮ
ਮੈਨੂੰ ਬਣਾ ਕੇ ਡਰਨਾ ਵੇ
ਏਹੁ ਹਮਾਰਾ ਜੀਵਣਾ
ਏਹੁ ਅਸਾਡਾ ਮਰਨਾ ਵੇ

ਸੀ ਜਿਹੜੀ ਦਿਸਹੱਦੇ ਤੱਕ ਫੈਲੀ
ਰਹਿ ਗਈ ਦੋ ਕਿੱਲੇ ਦੀ ਪੈਲ਼ੀ
ਭਰ ਦਾਣੇ ਮੰਡੀ ਜਾਏ ਟਰਾਲੀ
ਪਰਤੇ ਪਿੰਡ ਨੂੰ ਖਾਲਸ ਖਾਲੀ
ਕਿੰਨਾ ਕੁਝ ਮੈਂਜਰ ਚੁੱਕਿਆਂ
ਹੋਰ ਕਿੰਨਾ ਕੁ ਜਰਨਾ ਵੇ
ਏਹੁ ਹਮਾਰਾ ਜੀਵਣਾ
ਏਹੁ ਅਸਾਡਾ ਮਰਨਾ ਵੇ

ਬੱਚੇ ਮੇਰੇ ਪੜ੍ਹਨੋਂ ਰਹਿ ਗਏ
ਕੱਚੇ ਕੋਠੇ ਕੱਦ ਦੇ ਢਹਿ ਗਏ
ਕੋਕੇ, ਕੜੇ 'ਤੇ ਬੁੰਦੇ ਲਹਿ ਗਏ
ਮੰਨ ਕੇ ਭਾਣਾ ਸਭ ਕੁਝ ਸਹਿ ਗਏ
ਭੁੱਖੇ ਭਾਣੇ ਫ਼ਾਕੇ ਕੱਟ ਕੇ
ਢਿੱਡ ਲੋਕਾਂ ਦਾ ਭਰਨਾ ਵੇ
ਏਹੁ ਹਮਾਰਾ ਜੀਵਣਾ
ਏਹੁ ਅਸਾਡਾ ਮਰਨਾ ਵੇ

ਖੜ੍ਹੀ ਫ਼ਸਲ ਸਰਕਾਰ ਨਾ ਚੁੱਕੇ
ਜ਼ਿੰਦ ਕਰਜ਼ੇ ਦਾ ਭਾਰ ਨਾ ਚੁੱਕੇ
ਜਦ ਕੋਈ ਕਿਸੇ ਦੀ ਸਾਰ ਨਾ ਪੁੱਛੇ
ਓ ਕਿਉਂ ਦਾਤੀ ਛੱਡ ਹਥਿਆਰ ਨਾ ਚੁੱਕੇ
ਕਦੇ ਮੈਂ ਗੱਲ 'ਚ ਫਾਹਾ ਪਾਵਾਂ
ਕਦੇ ਮੈਂ ਲਾਵਾਂ ਧਰਨਾ ਵੇ
ਏਹੁ ਹਮਾਰਾ ਜੀਵਣਾ
ਏਹੁ ਅਸਾਡਾ ਮਰਨਾ ਵੇ

ਪੰਜਾਬੀ ਵਿੱਚ ਕਵਿਤਾ ਉਚਾਰਦੇ ਕਵੀ ਨੂੰ ਸੁਣੋ।

ਅੰਮ੍ਰਿਤਸਰ ਦੇ ਨਕਸ਼ਾ-ਨਵੀਸ, ਜੀਨਾ ਸਿੰਘ ਦੁਆਰਾ ਮੂਲ਼ ਪੰਜਾਬੀ ਤੋਂ ਅਨੁਵਾਦ ਕੀਤਾ ਗਿਆ।

ਵਿਆਖਿਆਕਾਰ ਅੰਤਰਾ ਰਮਨ ਸ੍ਰਿਸ਼ਟੀ ਇੰਸਟੀਚਿਊਟ ਆਫ਼ ਆਰਟ, ਡਿਜ਼ਾਇਨ ਐਂਡ ਟੈਕਨਾਲੋਜੀ,ਬੰਗਲੁਰੂ ਤੋਂ ਵਿਜ਼ੂਅਲ ਕਮਿਊਨਿਕੇਸ਼ਨ ਦੇ ਹਾਲੀਆ ਗ੍ਰੇਜੂਏਟ ਪਾਸ ਹਨ। ਉਨ੍ਹਾਂ ਦੀ ਵਿਆਖਿਆ ਅਤੇ ਡਿਜ਼ਾਇਨ ਅਭਿਆਸ ਉੱਤੇ ਧਾਰਨਾਤਮਕ ਕਲਾ ਤੇ ਕਹਾਣੀ ਸੁਣਾਉਣ ਦੇ ਸਾਰੇ ਰੂਪਾਂ ਦਾ ਸਭ ਤੋਂ ਵੱਧ ਪ੍ਰਭਾਵ ਹੈ।

ਆਡਿਓ: ਸੁਧੰਵਾ ਦੇਸ਼ਪਾਂਡੇ ਜਨ ਨਾਟਿਆ ਮੰਚ ਦੇ ਨਾਲ਼-ਨਾਲ਼ ਅਭਿਨੇਤਾ ਅਤੇ ਨਿਰਦੇਸ਼ਕ ਹਨ ਅਤੇ ਖੱਬੇਪੱਖੀ ਕਿਤਾਬਾਂ ਦੇ ਸੰਪਾਦਕ ਹਨ।

ਅਨੁਵਾਦ: ਕਮਲਜੀਤ ਕੌਰ

Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur